Canada ਦੀ PR ਲਈ ਨਵੀਆਂ ਸ਼ਰਤਾਂ
ਕੈਨੇਡਾ ਵਿਚ ਪੱਕਾ ਹੋਣ ਦੇ ਇੱਛਕ ਲੋਕਾਂ ਵਾਸਤੇ ਇਕ ਵਿਲੱਖਣ ਸ਼ਰਤ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਲਿਆਂਦੀ ਜਾ ਰਹੀ ਹੈ ਜਿਸ ਦੇ ਲਾਗੂ ਹੋਣ ਮਗਰੋਂ ਕੈਨੇਡੀਅਨ ਤਜਰਬੇ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ

By : Upjit Singh
ਔਟਵਾ : ਕੈਨੇਡਾ ਵਿਚ ਪੱਕਾ ਹੋਣ ਦੇ ਇੱਛਕ ਲੋਕਾਂ ਵਾਸਤੇ ਇਕ ਵਿਲੱਖਣ ਸ਼ਰਤ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਲਿਆਂਦੀ ਜਾ ਰਹੀ ਹੈ ਜਿਸ ਦੇ ਲਾਗੂ ਹੋਣ ਮਗਰੋਂ ਕੈਨੇਡੀਅਨ ਤਜਰਬੇ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ। ਜੀ ਹਾਂ, ਭਵਿੱਖ ਵਿਚ ਪਰਮਾਨੈਂਟ ਰੈਜ਼ੀਡੈਂਸੀ ਦਾ ਫ਼ੈਸਲਾ ਕਰਦਿਆਂ ਸਬੰਧਤ ਬਿਨੈਕਾਰ ਦੀ ਤਨਖਾਹ ਜਾਂ ਕਮਾਈ ਨੂੰ ਤਰਜੀਹ ਮਿਲੇਗੀ। ਵੱਧ ਤਨਖਾਹ ਵਾਲਿਆਂ ਨੂੰ ਵਧੇਰੇ ਅੰਕ ਮਿਲਣਗੇ ਅਤੇ ਕੈਨੇਡੀਅਨ ਤਜਰਬਾ, ਵਿਦੇਸ਼ ਵਿਚ ਹਾਸਲ ਤਜਰਬੇ ਦੇ ਬਰਾਬਰ ਹੀ ਗਿਣਿਆ ਜਾ ਸਕਦਾ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਯੋਗਤਾ ਸ਼ਰਤਾਂ ਵਿਚ ਤਬਦੀਲੀਆਂ ਮਗਰੋਂ ਘੱਟ ਆਮਦਨ ਵਾਲੇ ਪ੍ਰਵਾਸੀਆਂ ਲਈ ਕੈਨੇਡਾ ਵਿਚ ਪੱਕਾ ਹੋਣਾ ਹੋਰ ਵੀ ਔਖਾ ਹੋ ਸਕਦਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਵਿਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਅਧੀਨ 6 ਅੰਕ ਲਾਜ਼ਮੀ ਹੋਣਗੇ ਜਦਕਿ ਮੌਜੂਦਾ ਸਮੇਂ ਦੌਰਾਨ ਫ਼ੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਤਹਿਤ 4 ਜਾਂ 5 ਅੰਕਾਂ ਨਾਲ ਵੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ।
ਮੋਟੀ ਤਨਖਾਹ ਵਾਲੇ ਸਭ ਤੋਂ ਪਹਿਲਾਂ ਹੋਣਗੇ ਪੱਕੇ
ਟੀਅਰ 0 ਤੋਂ ਟੀਅਰ 3 ਵਿਚ ਆਉਂਦੇ ਕਿੱਤਿਆਂ ਵਾਸਤੇ ਪਿਛਲੇ ਤਿੰਨ ਸਾਲ ਦੌਰਾਨ ਇਕ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੋਵੇਗਾ ਜੋ ਵਿਦੇਸ਼ੀ ਜਾਂ ਕੈਨੇਡੀਅਨ ਕੋਈ ਵੀ ਹੋ ਸਕਦਾ ਹੈ। ਮੌਜੂਦਾ ਸਮੇਂ ਵਿਚ ਕੈਨੇਡੀਅਨ ਤਜਰਬੇ ਦੇ 80 ਪੁਆਇੰਟ ਮਿਲਦੇ ਹਨ ਪਰ ਨਵੇਂ ਇੰਮੀਗ੍ਰੇਸ਼ਨ ਢਾਂਚੇ ਵਿਚ ਹਾਈ ਵੇਜ ਔਕਿਊਪੇਸ਼ਨ ਸਭ ਤੋਂ ਅੱਗੇ ਹੋਣਗੇ। ਹਾਈ ਵੇਜ ਔਕਿਊਪੇਸ਼ਨਜ਼ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਜੋ ਕੌਮੀ ਪੱਧਰ ’ਤੇ ਤੈਅ ਦਰਮਿਆਨੀ ਆਮਦਨ ਦਾ ਸਵਾ ਗੁਣਾ, ਡੇਢ ਗੁਣਾ ਅਤੇ ਦੋ ਗੁਣਾ ਤਨਖਾਹਾਂ ਵਾਲੀਆਂ ਨੌਕਰੀਆਂ ਮੰਨੀਆਂ ਜਾਣਗੀਆਂ। ਮਾਰਚ 2025 ਵਿਚ ਖ਼ਤਮ ਕੀਤੇ ਜੌਬ ਔਫ਼ਰ ਦੇ ਅੰਕ ਮੁੜ ਲਿਆਂਦੇ ਜਾ ਰਹੇ ਹਨ ਪਰ ਇਹ ਸਿਰਫ਼ ਮੋਟੀ ਤਨਖਾਹ ਵਾਲੇ ਉਮੀਦਵਾਰਾਂ ਵਾਸਤੇ ਹੋਣਗੇ। ਇਸ ਦੇ ਉਲਟ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਵਿਚ ਨੌਕਰੀ ਦੀ ਪੇਸ਼ਕਸ਼ ਵਾਲੀ ਸ਼ਰਤ ਖ਼ਤਮ ਕੀਤੀ ਜਾ ਰਹੀ ਹੈ ਜਦਕਿ ਮੌਜੂਦਾ ਸਮੇਂ ਵਿਚ ਨੌਕਰੀ ਦੀ ਪੇਸ਼ਕਸ਼ ਜਾਂ ਯੋਗਤਾ ਦੀ ਤਸਦੀਕ ਲਾਜ਼ਮੀ ਹੈ।
ਕੈਨੇਡੀਅਨ ਤਜਰਬੇ ਦੀ ਅਹਿਮੀਅਤ ਘਟੇਗੀ
ਇੰਮੀਗ੍ਰੇਸ਼ਨ ਖੇਤਰ ਦੀਆਂ ਹੋਰਨਾਂ ਵੱਡੀਆਂ ਤਬਦੀਲੀਆਂ ਜਾਂ ਸੁਧਾਰਾਂ ਵਿਚ ਫ਼ਰੈਂਚ ਭਾਸ਼ਾ ਦੀ ਮੁਹਾਰਤ ਵੀ ਸ਼ਾਮਲ ਹੈ ਜਿਸ ਤਹਿਤ ਮੌਜੂਦਾ ਸਮੇਂ ਵਿਚ 25 ਤੋਂ 50 ਪੁਆਇੰਟ ਮਿਲਦੇ ਹਨ ਅਤੇ ਸੀ.ਆਰ.ਐਸ. ਸਕੋਰ ਮਜ਼ਬੂਤ ਹੁੰਦਾ ਹੈ। ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਮੌਜੂਦਾ ਸਮੇਂ ਵਿਚ 600 ਅੰਕ ਮਿਲ ਰਹੇ ਹਨ ਪਰ ਭਵਿੱਖ ਵਿਚ ਇਹ ਵਰਤਾਰਾ ਵੀ ਬਦਲ ਸਕਦਾ ਹੈ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਨਵੇਂ ਨਿਯਮਾਂ ਖਰੜਾ ਤਿਆਰ ਕਰ ਲਿਆ ਗਿਆ ਹੈ ਪਰ ਲਾਗੂ ਕਰਨ ਬਾਰੇ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ। ਇਨ੍ਹਾਂ ਤਜਵੀਜ਼ਾਂ ਵਿਚ ਹੋਰ ਸੁਧਾਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਕੈਨੇਡਾ ਸਰਕਾਰ ਵੱਲੋਂ ਸਲਾਹ ਮਸ਼ਵਰੇ ਦਾ ਦੌਰ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।


