ਕੈਨੇਡਾ ਵਿਚ ਨਵੇਂ ਮੌਰਗੇਜ ਨਿਯਮ ਹੋਏ ਲਾਗੂ
ਕੈਨੇਡਾ ਵਿਚ ਨਵੇਂ ਮੌਰਗੇਜ ਨਿਯਮ ਐਤਵਾਰ ਤੋਂ ਲਾਗੂ ਹੋ ਗਏ ਅਤੇ ਹੁਣ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ 25 ਸਾਲ ਦੀ ਬਜਾਏ 30 ਸਾਲ ਤੱਕ ਦੀ ਮਿਆਦ ਵਾਲਾ ਕਰਜ਼ਾ ਮਿਲ ਸਕੇਗਾ।
By : Upjit Singh
ਟੋਰਾਂਟੋ : ਕੈਨੇਡਾ ਵਿਚ ਨਵੇਂ ਮੌਰਗੇਜ ਨਿਯਮ ਐਤਵਾਰ ਤੋਂ ਲਾਗੂ ਹੋ ਗਏ ਅਤੇ ਹੁਣ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ 25 ਸਾਲ ਦੀ ਬਜਾਏ 30 ਸਾਲ ਤੱਕ ਦੀ ਮਿਆਦ ਵਾਲਾ ਕਰਜ਼ਾ ਮਿਲ ਸਕੇਗਾ। ਰੀਅਲ ਅਸਟੇਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਮਕਾਨਾਂ ਦੀ ਵਿਕਰੀ ਵਧਾਉਣ ਵਿਚ ਸਹਾਈ ਹੋ ਸਕਦੇ ਹਨ ਕਿਉਂਕਿ ਪੰਜ ਸਾਲ ਦੀ ਵਧੀ ਹੋਈ ਮਿਆਦ ਕਿਸ਼ਤਾਂ ਦੀ ਰਕਮ ਘਟਾਉਣ ਵਿਚ ਮਦਦ ਕਰੇਗੀ।
30 ਸਾਲ ਦੀ ਮਿਆਦ ਵਾਲਾ ਕਰਜ਼ਾ ਲੈ ਸਕਣਗੇ ਲੋਕ
ਲਿਬਰਲ ਸਰਕਾਰ ਵੱਲੋਂ ਸਤੰਬਰ ਵਿਚ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ 15 ਦਸੰਬਰ ਤੋਂ ਇਨ੍ਹਾਂ ਨੂੰ ਲਾਗੂ ਕਰਨ ਦਾ ਜ਼ਿਕਰ ਕੀਤਾ ਗਿਆ। ਆਉਂਦੀ 15 ਜਨਵਰੀ ਤੋਂ ਮੁੜ ਫਾਇਨਾਂਸ ਦੇ ਮਾਮਲੇ ਵਿਚ ਵੀ ਨਵੇਂ ਨਿਯਮ ਆ ਰਹੇ ਹਨ ਜਿਸ ਤਹਿਤ ਲੋਕ ਰੀ-ਫਾਇਨਾਂਸ ਕਰਵਾਉਂਦਿਆਂ 2 ਮਿਲੀਅਨ ਡਾਲਰ ਤੱਕ ਦਾ ਕਰਜ਼ਾ ਲੈ ਸਕਣਗੇ। ਦੂਜੇ ਪਾਸੇ ਘਰ ਖਰੀਦਣਾ ਸੁਖਾਲਾ ਬਣਾਉਣ ਲਈ ਕਈ ਹੋਰ ਨਿਯਮਾਂ ਦਾ ਵੀ ਐਲਾਨ ਕੀਤਾ ਗਿਆ ਜਿਨ੍ਹਾਂ ਵਿਚ ਮੌਰਗੇਜ ਨਵਿਆਉਣ ਸਮੇਂ ਪਹਿਲਾ ਬੈਂਕ ਛੱਡ ਕੇ ਕਿਸੇ ਹੋਰ ਬੈਂਕ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਛੋਟ ਦੇ ਦਿਤੀ ਗਈ। ਅਸਲ ਵਿਚ ਬੀਮੇ ਸਮੇਤ ਘਰ ਕਰਜ਼ਾ ਲੈਣ ਵਾਲਿਆਂ ਨੂੰ 2023 ਵਿਚ ਹੀ ਇਹ ਸਹੂਲਤ ਦੇ ਦਿਤੀ ਗਈ ਅਤੇ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲੇ ਸ਼ਿਕਾਇਤ ਕਰ ਰਹੇ ਸਨ।
ਰੀਅਲ ਅਸਟੇਟ ਮਾਹਰਾਂ ਨੂੰ ਮਕਾਨਾਂ ਦੀ ਵਿਕਰੀ ਵਿਚ ਵਾਧਾ ਹੋਣ ਦੀ ਉਮੀਦ
ਸਟ੍ਰੈਸ ਟੈਸਟ ਖਤਮ ਹੋਣ ਦੇ ਐਲਾਨ ਮਗਰੋਂ ਬਟਲਰ ਮੌਰਗੇਜ ਦੇ ਰੌਨ ਬਟਲਰ ਨੇ ਕਿਹਾ ਕਿ ਇਸ ਤਰੀਕੇ ਨਾਲ ਕਰਜ਼ਾ ਲੈਣ ਵਾਲਿਆਂ ਨਾਲ ਇਨਸਾਫ਼ ਹੋਇਆ ਹੈ ਕਿਉਂਕਿ ਮੌਰਗੇਜ ਨਵਿਆਉਣ ਵੇਲੇ ਸਟ੍ਰੈਸ ਟੈਸਟ ਦੀ ਕੋਈ ਤੁਕ ਹੀ ਨਹੀਂ ਬਣਦੀ ਪਰ ਬਗੈਰ ਬੀਮੇ ਤੋਂ ਕਰਜ਼ਾ ਲੈਣ ਵਾਲੇ ਇਹ ਅੜਿੱਕਾ ਪਾਰ ਕਰਨ ਲਈ ਮਜਬੂਰ ਸਨ। ਇਥੇ ਦਸਣਾ ਬਣਦਾ ਹੈ ਕਿ ਅਨਇੰਸ਼ੋਰਡ ਮੌਰਗੇਜ ਵਿਚ ਵਿਆਜ ਦਰ, ਕੌਂਟਰੈਕਟ ਰੇਟ ਪਲੱਸ ਦੋ ਫ਼ੀ ਸਦੀ ਵਿਆਜ ਜਾਂ 5.25 ਫੀ ਸਦੀ ਜੋ ਵੀ ਇਨ੍ਹਾਂ ਵਿਚੋਂ ਵੱਧ ਹੋਵੇ, ਮੁਤਾਬਕ ਤੈਅ ਕੀਤੀ ਜਾਂਦੀ ਹੈ। ਬੀਤੇ ਮਾਰਚ ਮਹੀਨੇ ਕੈਨੇਡਾ ਦੇ ਕੰਪੀਟਿਸ਼ਨ ਬਿਊਰੋ ਵੱਲੋਂ ਵੀ ਅਨਇੰਸ਼ੋਰਡ ਮੌਰਗੇਜ ਲੈਣ ਵਾਲਿਆਂ ਨੂੰ ਰੀਨਿਊਲ ਸਮੇਂ ਸਟ੍ਰੈਸ ਟੈਸਟ ਤੋਂ ਰਾਹਤ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।