ਕੈਨੇਡਾ ਵਿਚ ਮੁਸਲਮਾਨ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ
ਕੈਨੇਡਾ ਵਿਚ ਇਕ ਮੁਸਲਮਾਨ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।

ਟੋਰਾਂਟੋ : ਕੈਨੇਡਾ ਵਿਚ ਇਕ ਮੁਸਲਮਾਨ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਦੱਸਿਆ ਕਿ ਔਸ਼ਵਾ ਸ਼ਹਿਰ ਵਿਚ ਇਕ ਰੈਸਟੋਰੈਂਟ ਦੀ ਮਾਲਕ ਨੂੰ ਅਣਪਛਾਤੇ ਸ਼ੱਕੀਆਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦਾ ਹਿਜਾਬ ਖਿੱਚ ਕੇ ਉਤਾਰ ਦਿਤਾ ਜਦਕਿ ਉਸ ਦਾ ਸਿਰ ਪੈਰਾਂ ਹੇਠ ਦਰੜਿਆ ਗਿਆ। ਮੁਸਲਮਾਨ ਭਾਈਚਾਰੇ ਦੀ ਨੁਮਾਇੰਦਾ ਜਥੇਬੰਦੀ ਨੇ ਅੱਗੇ ਕਿਹਾ ਕਿ ਕੁਝ ਸ਼ੱਕੀ ਰੈਸਟੋਰੈਂਟ ਵਿਚ ਦਾਖਲ ਹੋਏ ਅਤੇ ਔਰਤ ਨੂੰ ਲੁੱਟਣ ਦਾ ਯਤਨ ਕਰਨ ਲੱਗੇ। ਔਰਤ ਨੇ ਤਕੜੇ ਹੋ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਸ਼ੱਕੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਰੋਕਣ ਵਿਚ ਨਾਕਾਮਯਾਬ ਰਹੀ।
ਹਿਜਾਬ ਖਿੱਚ ਕੇ ਉਤਾਰਿਆ, ਪੈਰਾਂ ਹੇਠ ਦਰੜਿਆ ਸਿਰ
ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਦੀ ਪੜਤਾਲ ਨਸਲੀ ਨਫ਼ਰਤ ਦੀ ਵਾਰਦਾਤ ਵਜੋਂ ਕੀਤੀ ਜਾਵੇ। ਜਥੇਬੰਦੀ ਦਾ ਕਹਿਣਾ ਸੀ ਕਿ ਪਿਛਲੇ ਦੋ ਵਰਿ੍ਹਆਂ ਦੌਰਾਨ ਪੂਰੇ ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ ਅਤੇ ਡਰਹਮ ਰੀਜਨ ਵਿਚ ਸਾਹਮਣੇ ਆਈ ਤਾਜ਼ਾ ਵਾਰਦਾਤ ਇਸ ਦੀ ਪ੍ਰਤੱਖ ਮਿਸਾਲ ਹੈ। ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੁਸਲਮਾਨਾਂ ਵਿਰੁੱਧ ਵਗ ਰਹੀ ਨਫ਼ਰਤ ਭਰੀ ਹਵਾ ਨੂੰ ਠੱਲ੍ਹ ਪਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਔਸ਼ਵਾ ਦੀ ਵਾਰਦਾਤ ਬਾਰੇ ਅੱਜ ਮੀਡੀਆ ਸਾਹਮਣੇ ਵਿਸਤਾਰਤ ਜਾਣਕਾਰੀ ਪੇਸ਼ ਕੀਤੀ ਜਾਵੇਗੀ। ਉਧਰ ਡਰਹਮ ਰੀਜਨਲ ਪੁਲਿਸ ਵੱਲੋਂ ਫ਼ਿਲਹਾਲ ਵਾਰਦਾਤ ਨਾਲ ਸਬੰਧਤ ਕੋਈ ਵੇਰਵਾ ਜਨਤਕ ਨਹੀਂ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਵਿਚ 1,350 ਫ਼ੀ ਸਦੀ ਵਾਧਾ ਹੋਣ ਦੀ ਰਿਪੋਰਟ ਪਿਛਲੇ ਦਿਨੀਂ ਸਾਹਮਣੇ ਆਈ ਜਦਕਿ ਪੁਲਿਸ ਮੁਤਾਬਕ ਸਾਊਥ ਏਸ਼ੀਅਨ ਲੋਕਾਂ ਉਤੇ ਹੋਣ ਵਾਲੇ ਨਸਲੀ ਹਮਲਿਆਂ ਵਿਚ 2019 ਤੋਂ 2023 ਦਰਮਿਆਲ 227 ਫ਼ੀ ਸਦੀ ਵਾਧਾ ਹੋਇਆ। ਰਿਪੋਰਟ ਕਹਿੰਦੀ ਹੈ ਕਿ ਸਾਊਥ ਏਸ਼ੀਅਨ ਲੋਕਾਂ ਵਿਰੁੱਧ ਸੋਸ਼ਲ ਮੀਡੀਆ ’ਤੇ 2,300 ਪੋਸਟਾਂ ਪਾਈਆਂ ਗਈਆਂ ਜਿਨ੍ਹਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ 12 ਲੱਖ ਰਹੀ।
ਸਾਊਥ ਏਸ਼ੀਅਨ ਲੋਕਾਂ ਵਿਰੁੱਧ ਨਫ਼ਰਤੀ ਵਾਰਦਾਤਾਂ ਵਿਚ ਵਾਧਾ
ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਸੋਸ਼ਲ ਮੀਡੀਆ ’ਤੇ ਪਜੀਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਮਈ 2023 ਤੋਂ ਅਪ੍ਰੈਲ 2025 ਦਰਮਿਆਨ 26 ਹਜ਼ਾਰ ਤੋਂ ਵੱਧ ਪੋਸਟਾਂ ਵਿਚ ਇਹ ਸ਼ਬਦ ਵਰਤਿਆ ਗਿਆ। ਮੁਸਲਮਾਨਾਂ ਨੂੰ 1,600 ਪੋਸਟਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ। ਹਾਲ ਹੀ ਵਿਚ ਹੋਈਆਂ ਫੈਡਰਲ ਚੋਣਾਂ ਦੌਰਾਨ ਭਾਰਤੀਆਂ ਵਿਰੁੱਧ ਨਸਲੀ ਨਫ਼ਰਤ ਵਾਲੀਆਂ ਟਿੱਪਣੀਆਂ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲੀਆਂ। ਸੋਸ਼ਲ ਮੀਡੀਆ ਪੋਸਟਾਂ ਵਿਚ ਭਾਰਤੀ ਲੋਕਾਂ ਨੂੰ ਗੰਦੇ, ਖ਼ਤਰਨਾਕ ਅਤੇ ਵਿਦੇਸ਼ੀ ਕਰਾਰ ਦਿਤਾ ਜਾਂਦਾ ਹੈ ਅਤੇ ਇਨ੍ਹਾਂ ਕੋਲ ਕੋਈ ਹੁਨਰ ਜਾਂ ਸਿਖਲਾਈ ਨਾ ਹੋਣ ਦੀ ਦਲੀਲ ਵੀ ਦਿਤੀ ਜਾਂਦੀ ਹੈ। ਸਿਰਫ ਆਨਲਾਈਨ ਹੀ ਨਹੀਂ ਸਗੋਂ ਆਫ਼ਲਾਈਨ ਵੀ ਸਾਊਥ ਏਸ਼ੀਅਨ ਲੋਕ ਅਕਸਰ ਨਿਸ਼ਾਨੇ ’ਤੇ ਰਹਿੰਦੇ ਹਨ। ਰਿਪੋਰਟ ਮੁਤਾਬਕ ਕੈਨੇਡਾ ਵਿਚ ਹਾਊਸਿੰਗ ਸੰਕਟ ਜਾਂ ਹੈਲਥ ਸੈਕਟਰ ਵਿਚ ਆ ਰਹੀਆਂ ਮੁਸ਼ਕਲਾਂ ਵਾਸਤੇ ਕੁਝ ਲੋਕ ਇੰਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਮੰਨਦੇ ਹਨ ਜਦਕਿ ਵਧਦੀਆਂ ਅਪਰਾਧਕ ਘਟਨਾਵਾਂ ਨੂੰ ਵੀ ਇੰਮੀਗ੍ਰੇਸ਼ਨ ਦੀ ਦੇਣ ਦੱਸਿਆ ਜਾ ਰਿਹਾ ਹੈ।