ਕੈਨੇਡੀਅਨ ਗੋਰੇ ਵੱਲੋਂ ਮੁਸਲਮਾਨ ਔਰਤ ’ਤੇ ਹਮਲਾ
ਕੈਨੇਡਾ ਵਿਚ ਪ੍ਰਵਾਸੀਆਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਮਿਸੀਸਾਗਾ ਵਿਖੇ ਇਕ ਮੁਸਲਮਾਨ ਔਰਤ ਦਾ ਹਿਜਾਬ ਜ਼ਬਰਦਸਤੀ ਖਿੱਚ ਕੇ ਲਾਹੁਣ ਦੀ ਹੈਰਾਨਕੁੰਨ ਵਾਰਦਾਤ ਸਾਹਮਣੇ ਆਈ ਹੈ

By : Upjit Singh
ਮਿਸੀਸਾਗਾ : ਕੈਨੇਡਾ ਵਿਚ ਪ੍ਰਵਾਸੀਆਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਮਿਸੀਸਾਗਾ ਵਿਖੇ ਇਕ ਮੁਸਲਮਾਨ ਔਰਤ ਦਾ ਹਿਜਾਬ ਜ਼ਬਰਦਸਤੀ ਖਿੱਚ ਕੇ ਲਾਹੁਣ ਦੀ ਹੈਰਾਨਕੁੰਨ ਵਾਰਦਾਤ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਇਹ ਘਟਨਾ ਸੈਂਟਰਲ ਪਾਰਕਵੇਅ ਈਸਟ ਦੇ ਦੱਖਣ ਵੱਲ ਮਿਸੀਸਾਗਾ ਵੈਲੀ ਬੁਲੇਵਾਰਡ ਵਿਖੇ ਵਾਪਰੀ। ਪੁਲਿਸ ਅੱਗੇ ਅੱਗੇ ਦੱਸਿਆ ਕਿ ਮੁਸਲਮਾਨ ਔਰਤ ਪੈਦਲ ਜਾ ਰਹੀ ਸੀ ਅਤੇ ਜਦੋਂ ਉਹ ਕੁਕਸਵਿਲ ਕ੍ਰੀਕ ਬ੍ਰਿਜ ਨੇੜੇ ਪੁੱਜੀ ਤਾਂ ਇਕ ਸ਼ਖਸ ਆਇਆ ਅਤੇ ਬਗੈਰ ਕਿਸੇ ਭੜਕਾਹਟ ਤੋਂ ਉਸ ਨੂੰ ਮੰਦਾ-ਚੰਗਾ ਬੋਲਣਾ ਸ਼ੁਰੂ ਕਰ ਦਿਤਾ।
ਪੈਦਲ ਜਾਂਦੀ ਔਰਤ ਦਾ ਹਿਜਾਬ ਖਿੱਚ ਕੇ ਲਾਹਿਆ
ਅਚਨਚੇਤ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਔਰਤ ਘਬਰਾਅ ਗਈ ਪਰ ਸ਼ੱਕੀ ਨੇ ਅੱਗੇ ਵਧਦਿਆਂ ਹਿਜਾਬ ਖਿੱਚ ਲਿਆ ਅਤੇ ਔਰਤ ਨੂੰ ਧੱਕਾ ਮਾਰ ਕੇ ਜ਼ਮੀਨ ’ਤੇ ਸੁੱਟ ਦਿਤਾ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਲੰਮੇ ਕੱਦ ਅਤੇ ਵਜ਼ਨੀ ਸਰੀਰ ਵਾਲੇ ਗੋਰੇ ਨੇ ਕਾਲੇ ਰੰਗ ਦੀ ਹੂਡੀ ਅਤੇ ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਇਸ ਵਾਰਦਾਤ ਨੂੰ ਕੈਨੇਡਾ ਵਿਚ ਵਧ ਰਹੇ ਇਸਲਾਮੋਫ਼ੋਬੀਆ ਦੀ ਇਕ ਹੋਰ ਹੌਲਨਾਕ ਮਿਸਾਲ ਕਰਾਰ ਦਿਤਾ। ਜਥੇਬੰਦੀ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ’ਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਖੇ ਨਿਖੇਧੀ ਹੋਣੀ ਚਾਹੀਦੀ ਹੈ ਅਤੇ ਸਾਡੇ ਆਗੂਆਂ ਨੂੰ ਅਜਿਹੀਆਂ ਘਟਨਾਵਾਂ ਮੁੜ ਹੋਣ ਤੋਂ ਰੋਕਣ ਲਈ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ। ਦੂਜੇ ਪਾਸੇ ਵਾਰਦਾਤ ਨੂੰ ਸ਼ੱਕੀ ਨਫ਼ਰਤੀ ਅਪਰਾਧ ਵਜੋਂ ਲੈਂਦਿਆਂ ਪੀਲ ਰੀਜਨਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਹੇਟ ਕ੍ਰਾਈਮ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 6098 ’ਤੇ ਸੰਪਰਕ ਕੀਤਾ ਜਾਵੇ।


