ਬਰੈਂਪਟਨ ਵਿਖੇ ਪੰਜਾਬੀ ਨੌਜਵਾਨ ਦੇ ਕਤਲ ਨੇ ਲਿਆ ਨਵਾਂ ਮੋੜ
ਬਰੈਂਪਟਨ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦਾ ਨਾਂ ਐਮ.ਪੀ. ਧਨੋਆ ਦੱਸਿਆ ਜਾ ਰਿਹਾ ਹੈ ਅਤੇ ਵਾਰਦਾਤ ਬਾਰੇ 2 ਗਿਰੋਹਾਂ ਵੱਲੋਂ ਜ਼ਿੰਮੇਵਾਰ ਲੈਣ ਦੇ ਯਤਨ ਕੀਤੇ ਜਾ ਰਹੇ ਹਨ।

ਬਰੈਂਪਟਨ : ਬਰੈਂਪਟਨ ਵਿਖੇ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦਾ ਨਾਂ ਐਮ.ਪੀ. ਧਨੋਆ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰਦਾਤ ਬਾਰੇ 2 ਗਿਰੋਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਜ਼ਿੰਮੇਵਾਰ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਕਿਹਾ ਗਿਆ ਹੈ ਕਿ ਐਮ.ਪੀ. ਧਨੋਆ ਨੇ ਕਈ ਗਲਤ ਕੰਮਾਂ ਰਾਹੀਂ ਪੈਸਾ ਬਣਾਇਆ ਅਤੇ ਇਕ ਹਫ਼ਤਾ ਪਹਿਲਾਂ ਇਸ ਨੂੰ ਪ੍ਰੋਟੈਕਸ਼ਨ ਮਨੀ ਵਾਸਤੇ ਕਾਲ ਕੀਤੀ ਗਈ ਸੀ। ਸੋਸ਼ਲ ਮੀਡੀਆ ਪੋਸਟ ਮੁਤਾਬਕ ਐਮ.ਪੀ. ਧਨੋਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਜਦੋਂ ਇਸ ਨੂੰ ਫੋਨ ਕੀਤਾ ਤਾਂ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਗੱਲ ਕੀਤੀ।
2 ਗਿਰੋਹ ਲੈ ਰਹੇ ਐਮ.ਪੀ. ਧਨੋਆ ਦੀ ਹੱਤਿਆ ਦੀ ਜ਼ਿੰਮੇਵਾਰੀ
ਰੋਹਿਤ ਗੋਦਾਰਾ ਬੀਕਾਨੇਰ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਮੁਤਾਬਕ ਐਮ.ਪੀ. ਧਨੋਆ ਖੁਦ ਨੂੰ ਵੱਡਾ ਬਦਮਾਸ਼ ਦਸਦਾ ਸੀ ਅਤੇ ਉਸ ਦਾ ਵਹਿਮ ਕੱਢ ਦਿਤਾ। ਇਸ ਦੇ ਨਾਲ ਹੀ ਹੋਰਨਾਂ ਨੂੰ ਵੀ ਚਿਤਾਵਨੀ ਦਿਤੀ ਗਈ ਹੈ ਕਿ ਜਿਹੜੇ ਲੋਕ ਸਾਡੀਆਂ ਗੱਲਾਂ ਹਲਕੇ ਤੌਰ ’ਤੇ ਲੈ ਰਹੇ ਹਨ, ਉਨ੍ਹਾਂ ਦੇ ਨਾਂ ਹਿਟ ਲਿਸਟ ਵਿਚ ਸ਼ਾਮਲ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜੱਸਾ ਸਿੰਘ ਆਜ਼ਾਦ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਐਮ.ਪੀ. ਧਨੋਆ ਦੇ ਕਤਲ ਦੇ ਜ਼ਿੰਮੇਵਾਰੀ ਪ੍ਰਭ ਨਾਥ ਅਤੇ ਸੋਨੂ ਚੱਠਾ ਲੈਂਦੇ ਹਨ। ਇਹ ਕੰਮ ਗਗਨ ਅਤੇ ਆਕਾਸ਼ ਨੇ ਸਾਡੇ ਕਹਿਣ ’ਤੇ ਕੀਤਾ ਕਿਉਂਕਿ ਧਨੋਆ ਨਾਲ ਸਾਡੀ ਨਿਜੀ ਦੁਸ਼ਮਣੀ ਸੀ। ਧਨੋਆ ਨੇ ਸਾਡੀ ਜੈਗੁਆਰ ਗੱਡੀ ਨੂੰ ਅੱਗ ਲਾਈ ਅਤੇ ਇਸ ਨੂੰ ਕਈ ਵਾਰ ਵਾਰਨਿੰਗ ਵੀ ਦਿਤੀ ਗਈ। ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਐਮ.ਪੀ. ਧਨੋਆ ਦੇ ਪਿਤਾ ਉਤੇ ਵੀ ਹਮਲਾ ਕਰਵਾਇਆ ਸੀ। ਜੱਸਾ ਸਿੰਘ ਆਜ਼ਾਦ ਦੇ ਸੋਸ਼ਲ ਮੀਡੀਆ ਰਾਹੀਂ ਜਾਰੀ ਪੋਸਟ ਵਿਚ ਰੋਹਿਤ ਗੋਦਾਰਾ ਦੀ ਜ਼ਿੰਮੇਵਾਰੀ ਨੂੰ ਝੂਠੀ ਕਰਾਰ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦੇ ਰਦਰਫੋਰਡ ਰੋਡ ਸਾਊਥ ਅਤੇ ਗਲਿਡਨ ਰੋਡ ਇਲਾਕੇ ਵਿਚ ਮਾਰੇ ਗਏ ਸ਼ਖਸ ਦੀ ਪਛਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ।
ਐਮ.ਪੀ. ਧਨੋਆ ਦੇ ਪਿਤਾ ਉਤੇ ਵੀ ਹੋਇਆ ਸੀ ਹਮਲਾ
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਬਾਰੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ। ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਬਿਸ਼ਨੋਈ ਗਿਰੋਹ ਇਕ ਖਤਰਨਾਕ ਅਪਰਾਧਕ ਜਥੇਬੰਦੀ ਹੈ ਅਤੇ ਪੀਲ ਰੀਜਨ ਵਿਚ ਇਸ ਗਿਰੋਹ ਵੱਲੋਂ ਕਈ ਵਾਰਦਾਤਾਂ ਕੀਤੀਆਂ ਜਾ ਚੁੱਕੀਆਂ ਹਨ। ਬਿਨਾਂ ਸ਼ੱਕ ਪੂਰੇ ਮੁਲਕ ਵਿਚ ਅਜਿਹੀਆਂ ਵਾਰਦਾਤਾਂ ਹੋਣ ਦੀ ਰਿਪੋਰਟ ਹੈ ਅਤੇ ਪੀਲ ਰੀਜਨਲ ਪੁਲਿਸ ਇਸ ਮੁੱਦੇ ’ਤੇ ਬੀ.ਸੀ. ਦੇ ਪੁਲਿਸ ਮਹਿਕਮਿਆਂ ਦੇ ਲਗਾਤਾਰ ਸੰਪਰਕ ਵਿਚ ਹੈ, ਜਿਥੇ ਬਿਲਕੁਲ ਇੰਨ-ਬਿੰਨ ਵਾਰਦਾਤਾਂ ਹੋ ਰਹੀਆਂ ਹਨ। ਪੈਟ੍ਰਿਕ ਬ੍ਰਾਊਨ ਮੁਤਾਬਕ ਲਾਰੈਂਸ ਬਿਸ਼ਨੋਈ ਗਿਰੋਹ ਕੋਲ ਪੂਰੀ ਦੁਨੀਆਂ ਵਿਚ 700 ਸ਼ੂਟਰਾਂ ਦਾ ਨੈਟਵਰਕ ਮੌਜੂਦ ਹੈ ਅਤੇ ਪੀਲ ਰੀਜਨ ਦੇ ਨੌਜਵਾਨਾਂ ਨੂੰ ਵੀ ਗਿਰੋਹ ਵਿਚ ਭਰਤੀ ਕੀਤਾ ਜਾ ਰਿਹਾ ਹੈ। ਇਹ ਮਸਲਾ ਸਿਰਫ਼ ਬਰੈਂਪਟਨ, ਮਿਸੀਸਾਗਾ ਜਾਂ ਟੋਰਾਂਟੋ ਤੱਕ ਸੀਮਤ ਨਹੀਂ ਸਗੋਂ ਕਈ ਮੁਲਕਾਂ ਦੇ ਸਰਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ।