ਮਿਸੀਸਾਗਾ ਦਾ ਰਿਧਮਪ੍ਰੀਤ ਸਿੰਘ ਲੁੱਟ ਅਤੇ ਬੰਦੀ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ
ਟੋਰਾਂਟੋ ਪੁਲਿਸ ਵੱਲੋਂ ਲੁੱਟ ਅਤੇ ਬੰਦੀ ਬਣਾਉਣ ਦੇ ਮਾਮਲੇ ਵਿਚ 21 ਸਾਲ ਦੇ ਰਿਧਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਲੁੱਟ ਅਤੇ ਬੰਦੀ ਬਣਾਉਣ ਦੇ ਮਾਮਲੇ ਵਿਚ 21 ਸਾਲ ਦੇ ਰਿਧਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 8 ਅਪ੍ਰੈਲ 2025 ਨੂੰ ਟੋਰਾਂਟੋ ਦੇ ਮਿਡਲੈਂਡ ਐਵੇਨਿਊ ਅਤੇ ਲਾਰੈਂਸ ਐਵੇਨਿਊ ਈਸਟ ਇਲਾਕੇ ਵਿਚ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀ ਅਤੇ ਪੀੜਤ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਆਏ ਅਤੇ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਮੁਲਾਕਾਤ ਕਰਨ ਪੁੱਜੇ ਸ਼ੱਕੀ ਨੇ ਪੀੜਤ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਕਥਿਤ ਤੌਰ ’ਤੇ ਹਮਲਾ ਕਰਦਿਆਂ ਉਸ ਕੋਲ ਮੌਜੂਦ ਸਾਰੀਆਂ ਮਹਿੰਗੀਆਂ ਚੀਜ਼ਾਂ ਲੁੱਟ ਲਈਆਂ।
ਟੋਰਾਂਟੋ ਪੁਲਿਸ ਨੇ ਅਪ੍ਰੈਲ ਵਿਚ ਵਾਪਰੀ ਵਾਰਦਾਤ ਦੇ ਸਬੰਧ ’ਚ ਕੀਤੀ ਕਾਰਵਾਈ
ਟੋਰਾਂਟੋ ਪੁਲਿਸ ਨੇ ਸ਼ੱਕੀ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਰੱਖੀ ਅਤੇ ਆਖਰਕਾਰ ਮਿਸੀਸਾਗਾ ਦੇ ਰਿਧਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਬੰਦੀ ਬਣਾਉਣ, ਹਮਲਾ ਕਰਨ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ, ਪੀੜਤ ਨੂੰ ਧਮਕੀਆਂ ਦੇਣ, ਹਥਿਆਰ ਨਾਲ ਹਮਲਾ ਕਰਨ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦਾ ਫਰੌਡ ਕਰਨ ਦੇ ਦੋਸ਼ ਆਇਦ ਕਰ ਦਿਤੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 416 808 4100 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 416 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ 27 ਸਾਲ ਦੀ ਲਾਪਤਾ ਔਰਤ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਨਿਕੀਤਾ ਨੂੰ ਆਖਰੀ ਵਾਰ ਕਿਪÇਲੰਗ ਐਵੇਨਿਊ ਅਤੇ ਐਲਬੀਅਨ ਰੋਡ ਇਲਾਕੇ ਵਿਚ ਵੀਰਵਾਰ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਦੇਖਿਆ ਗਿਆ।
27 ਸਾਲਾ ਨਿਕੀਤਾ ਦੀ ਭਾਲ ਕਰ ਰਹੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ
ਨਿਕੀਤਾ ਦਾ ਕੱਦ 5 ਫੁੱਟ 2 ਇੰਚ ਅਤੇ ਸਰੀਰ ਪਤਲਾ ਹੈ ਜਦਕਿ ਅੱਖਾਂ ਭੂਰੀਆਂ ਅਤੇ ਲੰਮੇ ਭੂਰੇ ਵਾਲ ਹਨ। ਆਖਰੀ ਵਾਰ ਦੇਖੇ ਜਾਣ ਵੇਲੇ ਨਿਕੀਤਾ ਨੇ ਗਰੇਅ ਕਲਰ ਦੀ ਹੂਡੀ ਅਤੇ ਹਲਕੇ ਨੀਲੇ ਰੰਗ ਦੀ ਪਜਾਮਾ ਪੈਂਟ ਪਾਈ ਹੋਈ ਸੀ। ਪੁਲਿਸ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਉਸ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 2300 ’ਤੇ ਸੰਪਰਕ ਕੀਤਾ ਜਾਵੇ।