Canada ’ਚ ਪੱਕੇ ਹੋਣਗੇ ਲੱਖਾਂ ਪੰਜਾਬੀ
ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਲੱਖਾਂ ਭਾਰਤੀ ਨਾਗਰਿਕਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਅਤੇ ਭਾਰਤ ਨੂੰ ‘ਇਕ ਪਰਵਾਰ’ ਦੱਸਿਆ

By : Upjit Singh
ਟੋਰਾਂਟੋ : ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਲੱਖਾਂ ਭਾਰਤੀ ਨਾਗਰਿਕਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਅਤੇ ਭਾਰਤ ਨੂੰ ‘ਇਕ ਪਰਵਾਰ’ ਦੱਸਿਆ ਅਤੇ ਦੂਜੇ ਪਾਸੇ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ 60 ਮਿਲੀਅਨ ਨਵੇਂ ਪ੍ਰਵਾਸੀਆਂ ਲਈ ਮੁਲਕ ਦੇ ਦਰਵਾਜ਼ੇ ਖੋਲ੍ਹਣ ਦਾ ਸੱਦਾ ਦੇ ਦਿਤਾ। ਜੀ ਹਾਂ, ਸੀ.ਬੀ.ਸੀ. ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਦਿਨੇਸ਼ ਪਟਨਾਇਕ ਨੇ ਕਿਹਾ ਕਿ ਰਕਬੇ ਦੇ ਹਿਸਾਬ ਨਾਲ ਕੈਨੇਡਾ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੁਲਕ ਹੈ ਪਰ ਵਸੋਂ ਸਿਰਫ਼ 4 ਕਰੋੜ ਹੋਣ ਕਰ ਕੇ ਅਰਥਚਾਰੇ ਨੂੰ ਬਣਦਾ ਹੁਲਾਰਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਵਸੋਂ ਘੱਟੋ ਘੱਟ 10 ਕਰੋੜ ਹੋਣੀ ਚਾਹੀਦੀ ਹੈ ਜਿਸ ਦੇ ਸਿੱਟੇ ਵਜੋਂ ਮੁਲਕ ਦਾ ਅਰਥਚਾਰਾ ਤੇਜ਼ੀ ਨਾਲ ਅੱਗੇ ਵਧੇਗਾ। ਦਿਨੇਸ਼ ਪਟਨਾਇਕ ਨੇ ਸਪੱਸ਼ਟ ਲਫ਼ਜ਼ਾਂ ਵਿਚ ਆਖ ਦਿਤਾ ਕਿ 6 ਕਰੋੜ ਭਾਰਤੀ ਲੋਕਾਂ ਦੀ ਕੈਨੇਡਾ ਵਿਚ ਆਮਦ ਦੋਹਾਂ ਮੁਲਕਾਂ ਵਾਸਤੇ ਫਾਇਦੇਮੰਦ ਸਾਬਤ ਹੋਵੇਗੀ। ਉਨ੍ਹਾਂ ਦਲੀਲ ਦਿਤੀ ਕਿ ਕੈਨੇਡੀਅਨ ਵਸੀਲਿਆਂ ਨੂੰ ਸੰਭਾਲਣ ਲਈ ਭਾਰਤੀ ਲੋਕਾਂ ਕੋਲ ਸਮਰੱਥਾ, ਹੁਨਰ ਅਤੇ ਸੂਝ-ਬੂਝ ਮੌਜੂਦ ਹੈ।
ਮਾਰਕ ਕਾਰਨੀ ਨੇ ਕੈਨੇਡਾ ਅਤੇ ਭਾਰਤ ਨੂੰ ਪਰਵਾਰ ਦੱਸਿਆ
ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕੀਤੀ ਟਿੱਪਣੀ ਇੰਮੀਗ੍ਰੇਸ਼ਨ ਮਾਹਰਾਂ ਨੂੰ ਹਜ਼ਮ ਨਹੀਂ ਹੋ ਰਹੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਕ ਸਾਲ ਦੌਰਾਨ 5 ਲੱਖ ਨਵੇਂ ਪ੍ਰਵਾਸੀਆਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ ਤਾਂ 6 ਕਰੋੜ ਨਵੇਂ ਪ੍ਰਵਾਸੀਆਂ ਨੂੰ ਕਿਸ ਤਰੀਕੇ ਨਾਲ ਜਜ਼ਬ ਕੀਤਾ ਜਾ ਸਕਦਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 15 ਸਾਲ ਬਾਅਦ ਮੁਲਕ ਵਿਚ ਸਾਊਥ ਏਸ਼ੀਅਨ ਲੋਕਾਂ ਦੀ ਆਬਾਦੀ 47 ਲੱਖ ਤੋਂ 65 ਲੱਖ ਦਰਮਿਆਨ ਹੋ ਸਕਦੀ ਹੈ ਅਤੇ ਇਸ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਹੋਣਗੇ ਪਰ ਦਿਨੇਸ਼ ਪਟਨਾਇਕ 60 ਮਿਲੀਅਨ ਦੇ ਵੱਡੇ ਅੰਕੜੇ ਦੀ ਵਕਾਲਤ ਕਰ ਰਹੇ ਹਨ। ਭਾਰਤੀ ਡਿਪਲੋਮੈਟ ਦਾ ਸੁਝਾਅ ਕੈਨੇਡਾ ਸਰਕਾਰ ਦੀ ਇੰਮੀਗ੍ਰੇਸ਼ਨ ਯੋਜਨਾ ਨਾਲ ਵੀ ਮੇਲ ਨਹੀਂ ਖਾਂਦਾ ਜਿਸ ਤਹਿਤ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 3 ਲੱਖ 85 ਹਜ਼ਾਰ ਨਵੇਂ ਪ੍ਰਵਾਸੀਆਂ ਲਈ ਮੁਲਕ ਦੇ ਦਰਵਾਜ਼ੇ ਖੋਲ੍ਹੇ ਜਾਣਗੇ। ਦਿਲਚਸਪ ਤੱਥ ਇਹ ਵੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਸਿਰਫ਼ ਇੰਮੀਗ੍ਰੇਸ਼ਨ ਟੀਚਿਆਂ ਵਿਚ ਹੀ ਕਟੌਤੀ ਨਹੀਂ ਕੀਤੀ ਗਈ ਸਗੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਵਿਚ 1 ਲੱਖ 55 ਹਜ਼ਾਰ ਤੱਕ ਸੀਮਤ ਕਰ ਦਿਤੀ ਗਈ ਹੈ ਅਤੇ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ’ਤੇ ਪਿਆ ਹੈ। 2023 ਅਤੇ 2024 ਦੌਰਾਨ ਕੈਨੇਡਾ ਪੁੱਜੇ ਵਿਦਿਆਰਥੀਆਂ ਵਿਚੋਂ 59 ਫ਼ੀ ਸਦੀ ਭਾਰਤ ਨਾਲ ਸਬੰਧਤ ਰਹੇ।
6 ਕਰੋੜ ਭਾਰਤੀਆਂ ਨੂੰ ਕੈਨੇਡਾ ਸੱਦਣ ਦੀ ਵਕਾਲਤ
ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿਚ ਅੱਧੀ ਤੋਂ ਵੱਧ ਘਟਾ ਦਿਤੀ ਗਈ ਅਤੇ 2024 ਦੇ ਮੁਕਾਬਲੇ 2025 ਦੌਰਾਨ 1 ਲੱਖ 46 ਹਜ਼ਾਰ 395 ਘੱਟ ਕਿਰਤੀ ਕੈਨੇਡਾ ਪੁੱਜੇ। ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਦੋਹਾਂ ਮੁਲਕਾਂ ਨੂੰ ਇਕ ਪਰਵਾਰ ਦਾ ਹਿੱਸਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ 4 ਲੱਖ ਕਾਬਲ ਭਾਰਤੀ ਨੌਜਵਾਨਾਂ ਨੇ ਕੈਨੇਡਾ ਵਿਚ ਪੜ੍ਹਾਈ ਮੁਕੰਮਲ ਕੀਤੀ ਅਤੇ ਇਹ ਅੰਕੜਾ ਅਮਰੀਕਾ ਦੇ ਮੁਕਾਬਲੇ ਦੁੱਗਣਾ ਬਣਦਾ ਹੈ ਜਦਕਿ ਯੂ.ਕੇ. ਦੇ ਮੁਕਾਬਲੇ ਚਾਰ ਗੁਣਾ ਗਿਣਤੀ ਬਣਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕੀਤੀਆਂ ਟਿੱਪਣੀਆਂ ਹਾਂਪੱਖੀ ਮੰਨੀਆਂ ਜਾ ਸਕਦੀਆਂ ਹਨ ਪਰ ਕੈਨੇਡਾ ਵਿਚ ਪੱਕੇ ਹੋਣ ਲਈ ਸੰਘਰਸ਼ ਕਰ ਰਹੇ 4 ਮਿਲੀਅਨ ਨੌਜਵਾਨਾਂ ਦਾ ਜ਼ਿਕਰ ਕਿਤੇ ਨਹੀਂ ਮਿਲਦਾ ਜਿਨ੍ਹਾਂ ਵਿਚੋਂ 20 ਲੱਖ ਤੋਂ ਵੱਧ ਨੌਜਵਾਨਾਂ ਦੇ ਵਰਕ ਪਰਮਿਟ ਬੀਤੇ ਵਰ੍ਹੇ ਦੌਰਾਨ ਐਕਸਪਾਇਰ ਹੋ ਗਏ ਅਤੇ ਤਕਰੀਬਨ 19 ਲੱਖ ਦੇ ਵਰਕ ਪਰਮਿਟ ਇਸ ਵਰ੍ਹੇ ਐਕਸਪਾਇਰ ਹੋ ਜਾਣਗੇ।


