ਕੈਨੇਡਾ ਵਿਚ ਵੱਖ ਵੱਖ ਥਾਵਾਂ ਤੋਂ ਲੱਖਾਂ ਡਾਲਰ ਦੇ ਨਸ਼ੇ ਬਰਾਮਦ
ਉਨਟਾਰੀਓ ਦੇ ਲੰਡਨ ਸ਼ਹਿਰ ਦੀ ਪੁਲਿਸ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਫ਼ੈਂਟਾਨਿਲ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।

By : Upjit Singh
ਲੰਡਨ : ਉਨਟਾਰੀਓ ਦੇ ਲੰਡਨ ਸ਼ਹਿਰ ਦੀ ਪੁਲਿਸ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਫ਼ੈਂਟਾਨਿਲ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ। ਜੀ ਹਾਂ, 27 ਲੱਖ 73 ਹਜ਼ਾਰ ਡਾਲਰ ਮੁੱਲ ਦੀ 34.6 ਕਿਲੋ ਫੈਂਟਾਨਿਲ ਤੋਂ ਇਲਾਵਾ ਸਾਢੇ ਚਾਰ ਕਿਲੋ ਮੈਥਮਫੈਟਾਮਿਨ, 474 ਗ੍ਰਾਮ ਕੋਕੀਨ ਅਤੇ ਚਾਰ ਪਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ। ਲੰਡਨ ਪੁਲਿਸ ਦੇ ਮੁਖੀ ਥਾਈ ਟਰੌਂਗ ਨੇ ਦੱਸਿਆ ਕਿ ਓਪੀਔਇਡ ਸੰਕਟ ਦਾ ਟਾਕਰਾ ਕਰਦਿਆਂ ਵੱਡੇ ਪੱਧਰ ’ਤੇ ਨਸ਼ਿਆਂ ਦੀ ਬਰਾਮਦਗੀ ਅਤੇ ਚਾਰ ਗ੍ਰਿਫ਼ਤਾਰੀਆਂ ਕਮਿਊਨਿਟੀ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦੀਆਂ ਹਨ।
ਲੰਡਨ ਦੇ ਇਤਿਹਾਸ ਵਿਚ ਫੈਂਟਾਨਿਲ ਦੀ ਸਭ ਤੋਂ ਵੱਡੀ ਖੇਪ ਫੜੀ
ਗ੍ਰਿਫ਼ਤਾਰ ਕੀਤੇ ਗਏ ਚਾਰ ਜਣਿਆਂ ਦੀ ਉਮਰ 24 ਸਾਲ ਤੋਂ 45 ਸਾਲ ਦਰਮਿਆਨ ਹੈ ਜਿਨ੍ਹਾਂ ਵਿਰੁੱਧ ਪਾਬੰਦੀਸ਼ੁਦਾ ਹਥਿਆਰ ਰੱਖਣ, ਲਾਪ੍ਰਵਾਹੀ ਨਾਲ ਹਥਿਆਰ ਅਤੇ ਅਸਲਾ ਰੱਖਣ, ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਨਸ਼ੀਲਾ ਪਦਾਰਥ ਤਿਆਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪੌਣੇ ਦੋ ਕਿਲੋ ਫੈਂਟਾਨਿਲ ਵੱਖਰੇ ਤੌਰ ’ਤੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸੀ.ਬੀ.ਐਸ.ਏ. ਨੇ ਵੀ 1.73 ਕਿਲੋ ਫੈਂਟਾਨਿਲ ਜ਼ਬਤ ਕੀਤੀ
ਇਸ ਤੋਂ ਇਲਾਵਾ 60 ਕਿਲੋ ਵੱਖ ਵੱਖ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ। ਬਾਰਡਰ ਏਜੰਸੀ ਮੁਤਾਬਕ ਜ਼ਮੀਨੀ ਰਸਤੇ ਅਮਰੀਕਾ ਜਾ ਰਹੀਆਂ ਸ਼ਿਪਮੈਂਟਸ, ਹਵਾਈ ਜਹਾਜ਼ਾਂ ਜਾ ਰਹੀਂ ਵਿਦੇਸ਼ ਜਾ ਰਹੇ ਸਮਾਨ ਅਤੇ ਸਮੁੰਦਰੀ ਜਹਾਜ਼ਾਂ ਵਿਚ ਜਾ ਰਹੇ ਕੰਟੇਨਰਾਂ ਦੀ ਤਲਾਸ਼ੀ ਦੌਰਾਨ ਇਹ ਬਰਾਮਦਗੀਆਂ ਸੰਭਵ ਹੋ ਸਕੀਆਂ। ਬ੍ਰਿਟਿਸ਼ ਕੋਲੰਬੀਆ, ਕਿਊਬੈਕ ਅਤੇ ਐਲਬਰਟਾ ਵਿਚ ਫੈਂਟਾਨਿਲ ਦੀਆਂ 116 ਬਰਾਮਦਗੀਆਂ ਕੀਤੀਆਂ ਗਈਆਂ ਜਦਕਿ ਮੈਥਮਫੈਟਾਮਿਨ 17 ਮੌਕਿਆਂ ’ਤੇ ਫੜੀ ਗਈ। ਇਸ ਦੇ ਨਾਲ ਹੀ 24 ਮੌਕਿਆਂ ’ਤੇ ਕੋਕੀਨ ਅਤੇ 17 ਮੌਕਿਆਂ ’ਤੇ ਅਫ਼ੀਮ ਜ਼ਬਤ ਕੀਤੀ ਗਈ।


