ਕੈਨੇਡਾ ਵਿਚੋਂ ਗ੍ਰਿਫ਼ਤਾਰ ਹੋਣਗੇ ਪਵਿੱਤਰ ਮਾਝਾ ਗੈਂਗ ਦੇ ਮੈਂਬਰ
ਅਮਰੀਕਾ ਵਿਚ ਪਵਿੱਤਰ ਮਾਝਾ ਗੈਂਗ ਦੇ ਅੱਠ ਮੈਂਬਰਾਂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਅਤੇ ਨਿਊਜ਼ੀਲੈਂਡ ਵਿਚ ਵੀ ਗਿਰੋਹ ਦੇ ਸਰਗਰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

By : Upjit Singh
ਸੈਕਰਾਮੈਂਟੋ : ਅਮਰੀਕਾ ਵਿਚ ਪਵਿੱਤਰ ਮਾਝਾ ਗੈਂਗ ਦੇ ਅੱਠ ਮੈਂਬਰਾਂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਅਤੇ ਨਿਊਜ਼ੀਲੈਂਡ ਵਿਚ ਵੀ ਗਿਰੋਹ ਦੇ ਸਰਗਰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਵਿਚੋਂ ਗਿਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਦਦ ਮੰਗੀ ਗਈ ਹੈ ਅਤੇ ਇਸ ਦੇ ਨਾਲ ਅਮਰੀਕਾ ਵਿਚ ਵੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਸਨ। ਦੂਜੇ ਪਾਸੇ ਜਾਂਚਕਰਤਾਵਾਂ ਨੇ ਅਮਰੀਕਾ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਮਾਮਲੇ ਦੀ ਪੜਤਾਲ ਵਿਚ ਵੱਧ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਅਮਰੀਕ ’ਚ ਪੁਲਿਸ ਵੱਲੋਂ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਦਾ ਸੱਦਾ
ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਅਮਰੀਕਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ। ਸੈਨ ਵਾਕਿਨ ਕਾਊਂਟੀ ਸ਼ੈਰਿਫ਼ ਪੈਟ੍ਰਿਕ ਵਿਥ੍ਰੋਅ, ਐਫ਼.ਬੀ.ਆਈ. ਦੇ ਸਪੈਸ਼ਲ ਏਜੰਟ ਸਿਡ ਪਟੇਲ ਅਤੇ ਜ਼ਿਲ੍ਹਾ ਅਟਾਰਨੀ ਰੌਨ ਫਰੇਟਸ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ 19 ਜੂਨ ਨੂੰ ਵਾਪਰੀ ਇਕ ਹੌਲਨਾਕ ਵਾਰਦਾਤ ਦੀ ਪੜਤਾਲ ਕਰ ਰਹੇ ਪੁਲਿਸ ਅਫ਼ਸਰਾਂ ਨੇ ਪਵਿੱਤਰ ਮਾਝਾ ਗਰੁੱਪ ਦਾ ਪਰਦਾ ਫ਼ਾਸ਼ ਕੀਤਾ। ਮੈਨਟੀਕਾ ਵਿਖੇ ਵਾਪਰੀ ਵਾਰਦਾਤ ਬਾਰੇ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰਨ ਮਗਰੋਂ ਅਲਫ਼ ਨੰਗਾ ਕਰ ਦਿਤਾ ਗਿਆ ਅਤੇ ਲਗਾਤਾਰ ਤਸੀਹੇ ਦਿਤੇ ਗਏ। ਇਹ ਸਿਲਸਿਲਾ ਕਈ ਘੰਟੇ ਤੱਕ ਜਾਰੀ ਰਿਹਾ। ਤਿੰਨ ਹਫ਼ਤੇ ਬਾਅਦ ਵਾਰਦਾਤ ਦੇ ਸ਼ੱਕੀ ਪੁਲਿਸ ਨੇ ਕਾਬੂ ਕਰ ਲਏ ਜਿਨ੍ਹਾਂ ਵਿਰੁੱਧ ਅਗਵਾ, ਤਸੀਹਦੇ ਦੇਣ, ਜ਼ਬਰਦਸਤੀ ਬੰਦੀ ਬਣਾਉਣ, ਅਪਰਾਧ ਦੀ ਸਾਜ਼ਿਸ਼ ਘੜਨ, ਗਵਾਹ ਨੂੰ ਡਰਾਉਣ, ਸੈਮੀਆਟੋਮੈਟਿਕ ਹਥਿਆਰ ਨਾਲ ਹਮਲਾ ਕਰਨ ਅਤੇ ਦਹਿਸ਼ਤ ਭਰੀਆਂ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਜ਼ਿਲ੍ਹਾ ਅਟਾਰਨੀ ਰੌਨ ਫਰੇਟਸ ਨੇ ਦੱਸਿਆ ਕਿ ਦੋਸ਼ਾਂ ਦੇ ਆਧਾਰ ’ਤੇ ਸ਼ੱਕੀਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅੰਮ੍ਰਿਤਪਾਲ ਸਿੰਘ, ਪਵਿੱਤਰ ਪ੍ਰੀਤ ਸਿੰਘ ਅਤੇ ਵਿਸ਼ਾਲ ਦੀ ਅਦਾਲਤ ਵਿਚ ਪੇਸ਼ੀ ਵੀਰਵਾਰ ਨੂੰ ਹੋਵੇਗੀ ਜਦਕਿ ਹਥਿਆਰਾਂ ਨਾਲ ਸਬੰਧਤ ਦੂਜੀ ਸ਼ਿਕਾਇਤ ਦੇ ਆਧਾਰ ’ਤੇ ਪਵਿੱਤਰ ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਦਿਲਪ੍ਰੀਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਪੇਸ਼ੀ ਵੀਰਵਾਰ ਨੂੰ ਹੀ ਹੋਵੇਗੀ।
19 ਜੂਨ ਦੀ ਵਾਰਦਾਤ ਨੇ ਗਿਰੋਹ ਨੂੰ ਕੀਤਾ ਬੇਨਕਾਬ
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਇਕ ਮਗਰੋਂ ਇਕ ਵਾਰਦਾਤਾਂ ਪਹਿਲਾਂ ਹੀ ਵਾਪਰ ਰਹੀਆਂ ਹਨ ਅਤੇ ਹੁਣ ਪਵਿੱਤਰ ਮਾਝਾ ਗਰੁੱਪ ਦੀ ਮੌਜੂਦਗੀ ਦੇ ਸੰਕੇਤਾਂ ਨੇ ਭਾਈਚਾਰੇ ਦੀਆਂ ਚਿੰਤਾਵਾਂ ਵਧਾ ਦਿਤੀਆਂ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਮੈਨੀਟੋਬਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ ਕਿ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿਚ ਹਵਾਈ ਫਾਇਰ ਕਰਦੇ ਕੁਝ ਨੌਜਵਾਨ ਵੀ ਪਵਿੱਤਰ ਮਾਝਾ ਗਰੁੱਪ ਨਾਲ ਸਬੰਧਤ ਦੱਸੇ ਜਾ ਰਹੇ ਹਨ।


