Begin typing your search above and press return to search.

ਅਮਰੀਕਾ ਅਤੇ ਕੈਨੇਡਾ ਵਿਚ ਵਧਣ ਲੱਗੇ ਖਸਰੇ ਦੇ ਮਰੀਜ਼

ਅਮਰੀਕਾ ਅਤੇ ਕੈਨੇਡਾ ਵਿਚ ਖਸਰਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿਚ ਪੁੱਜਦੀ ਮਹਿਸੂਸ ਹੋ ਰਹੀ ਹੈ।

ਅਮਰੀਕਾ ਅਤੇ ਕੈਨੇਡਾ ਵਿਚ ਵਧਣ ਲੱਗੇ ਖਸਰੇ ਦੇ ਮਰੀਜ਼
X

Upjit SinghBy : Upjit Singh

  |  8 May 2025 5:53 PM IST

  • whatsapp
  • Telegram

ਟੋਰਾਂਟੋ/ਨਿਊ ਯਾਰਕ : ਅਮਰੀਕਾ ਅਤੇ ਕੈਨੇਡਾ ਵਿਚ ਖਸਰਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿਚ ਪੁੱਜਦੀ ਮਹਿਸੂਸ ਹੋ ਰਹੀ ਹੈ। ਅਮਰੀਕਾ ਦੇ ਇਲੀਨੌਇ ਸੂਬੇ ਤੋਂ ਮਜ਼ੂਰੀ ਵੱਲ ਗਏ ਇਕ ਮਰੀਜ਼ ਵੱਲੋਂ ਅਣਗਿਣਤੀ ਲੋਕਾਂ ਨੂੰ ਵਾਇਰਸ ਦੀ ਲਾਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵੀ ਇਕ ਮਰੀਜ਼ ਲੈਂਡ ਕਰਨ ਦੀ ਰਿਪੋਰਟ ਹੈ ਜੋ ਸੰਭਾਵਤ ਤੌਰ ’ਤੇ ਦਰਜਨਾਂ ਲੋਕਾਂ ਦੇ ਸੰਪਰਕ ਵਿਚ ਆਇਆ। ਅਮਰੀਕਾ ਨਾਲ ਸਬੰਧਤ ਰਿਪੋਰਟ ਕਹਿੰਦੀ ਹੈ ਕਿ ਖਸਰੇ ਦਾ ਮਰੀਜ਼ ਸੇਂਟ ਲੂਈਸ ਐਕੁਏਰੀਅਮ ਪੁੱਜਾ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਸਿਰਫ ਐਨਾ ਹੀ ਨਹੀਂ, ਉਹ ਇਕ ਰੈਸਟੋਰੈਂਟ ਵੀ ਗਿਆ ਜਿਥੇ ਉਸ ਨੇ ਖਾਣਾ ਖਾਧਾ।

ਇਲੀਨੌਇ ਅਤੇ ਮਜ਼ੂਰੀ ਵਿਖੇ ਸੈਂਕੜੇ ਲੋਕਾਂ ਦੇ ਸੰਪਰਕ ਵਿਚ ਆਇਆ ਮਰੀਜ਼

ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਟੈਕਸਸ ਵਿਖੇ ਦੋ ਬੱਚੀਆਂ ਦੀ ਖਸਰੇ ਕਾਰਨ ਮੌਤ ਹੋਈ ਅਤੇ 800 ਤੋਂ ਵੱਧ ਮਰੀਜ਼ ਸਾਹਮਣੇ ਆਏ। ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਖਸਰਾ ਫੈਲਣ ਦਾ ਇਹ ਸਭ ਤੋਂ ਵੱਡਾ ਮਾਮਲਾ ਸਾਬਤ ਹੋਇਆ ਪਰ ਤਾਜ਼ਾ ਘਟਨਾ ਹੋਰ ਵੀ ਗੰਭੀਰ ਨਜ਼ਰ ਆ ਰਹੀ ਹੈ। ਇਸ ਵੇਲੇ ਅਮਰੀਕਾ ਦੇ ਅੱਠ ਰਾਜਾਂ ਵਿਚ ਖਸਰੇ ਦੇ ਮਰੀਜ਼ ਵਧਣ ਦੀ ਰਿਪੋਰਟ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਬਿਮਾਰੀ ਦੇ ਲੱਛਣ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਮਜ਼ੂਰੀ ਵਿਚ ਹੁਣ ਤੱਕ ਸਿਰਫ਼ ਤਿੰਨ ਮਰੀਜ਼ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਉਸ ਮਰੀਜ਼ ਨਾਲ ਸਬੰਧਤ ਨਹੀਂ ਜੋ ਇਲੀਨੌਇ ਤੋਂ ਆਇਆ ਸੀ। ਦੂਜੇ ਪਾਸੇ ਇਲੀਨੌਇ ਵਿਚ ਛੇ ਮਰੀਜ਼ਾਂ ਦੀ ਤਸਦੀਕ ਕੀਤੀ ਗਈ ਅਤੇ ਇਨ੍ਹਾਂ ਵਿਚੋਂ ਕੋਈ ਵੀ ਐਕੁਏਰੀਅਮ ਵਾਲੇ ਮਰੀਜ਼ ਤੋਂ ਵਾਇਰਸ ਦੀ ਲਾਗ ਲੱਗਣ ਕਾਰਨ ਬਿਮਾਰ ਨਹੀਂ ਹੋਇਆ। ਇਲੀਨੌਇ ਵਾਲੇ ਮਰੀਜ਼ਾਂ ਵਿਚੋਂ ਕੁਝ ਗਰੌਸਰੀ ਸਟੋਰ, ਜਿੰਮ ਅਤੇ ਰੈਸਟੋਰੈਂਟ ਵਿਚ ਗਏ ਜਿਸ ਮਗਰੋਂ ਸਥਾਨਕ ਪ੍ਰਸ਼ਾਸਨ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਵੈਕਸੀਨੇਟਡ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਜਿਨ੍ਹਾਂ ਨੇ ਬਚਾਅ ਦਾ ਟੀਕਾ ਨਹੀਂ ਲਗਵਾਇਆ, ਉਹ ਸੁਚੇਤ ਰਹਿਣ। ਬਿਮਾਰੀ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂਆਤ ਫਲੂ ਵਰਗੇ ਹਾਲਾਤ ਤੋਂ ਹੁੰਦੀ ਹੈ ਅਤੇ ਖੰਘ ਦੇ ਨਾਲ ਬੁਖਾਰ ਵੀ ਹੋ ਸਕਦਾ ਹੈ ਪਰ ਇਸੇ ਦੌਰਾਨ ਸਰੀਰ ’ਤੇ ਲਾਲ ਧੱਬੇ ਵੀ ਨਜ਼ਰ ਆਉਣ ਲਗਦੇ ਹਨ।

ਟੋਰਾਂਟੋ ਏਅਰਪੋਰਟ ’ਤੇ ਪੁੱਜੇ ਮੁਸਾਫਰ ਰਾਹੀਂ ਕਈਆਂ ਨੂੰ ਲਾਗ ਦਾ ਖਤਰਾ

ਇਹ ਬਿਮਾਰੀ ਇਮਿਊਨ ਸਿਸਟਮ ’ਤੇ ਹਮਲਾ ਕਰਦੀ ਹੈ ਅਤੇ ਨਿਮੋਨੀਆ ਵਰਗੇ ਹੋਰ ਇਨਫੈਕਸ਼ਨ ਜਾਨ ਦਾ ਖਤਰਾ ਵੀ ਪੈਦਾ ਕਰ ਸਕਦੇ ਹਨ। ਇਸੇ ਦੌਰਾਨ ਪੀਲ ਰੀਜਨ ਦੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ 3 ਮਈ ਨੂੰ ਸਿਐਟਲ ਤੋਂ ਟੋਰਾਂਟੋ ਪੁੱਜਾ ਇਕ ਮੁਸਾਫਰ ਖਸਰੇ ਤੋਂ ਪੀੜਤ ਸੀ ਅਤੇ ਜਿਹੜੇ ਵੀ ਲੋਕ ਇਸ ਦੇ ਸੰਪਰਕ ਵਿਚ ਆਏ ਹੋਣ 24 ਮਈ ਤੱਕ ਸਰੀਰ ਵਿਚ ਪੈਦਾ ਹੋਣ ਵਾਲੇ ਸੰਭਾਵਤ ਲੱਛਣਾਂ ਦੀ ਨਿਗਰਾਨੀ ਜ਼ਰੂਰ ਕਰਨ। ਖਸਰੇ ਦਾ ਮਰੀਜ਼ 3 ਮਈ ਨੂੰ ਸ਼ਾਮ ਸਾਢੇ ਸੱਤ ਵਜੇ ਤੋਂ ਰਾਤ 10 ਵਜੇ ਦਰਮਿਆਨ ਟਰਮੀਨਲ 1 ਵਿਚੋਂ ਲੰਘਿਆ। ਦੱਸ ਦੇਈਏ ਕਿ ਉਨਟਾਰੀਓ ਵਿਚ ਅਕਤੂਬਰ ਤੋਂ ਹੁਣ ਤੱਕ 1,243 ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 84 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

Next Story
ਤਾਜ਼ਾ ਖਬਰਾਂ
Share it