ਕੈਨੇਡਾ ਦੇ ਇਕ ਦਰਜਨ ਮੰਤਰੀਆਂ ਦੀ ਹੋਵੇਗੀ ਛੁੱਟੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਸਵੇਰੇ ਅਸਤੀਫ਼ਾ ਦੇਣਗੇ ਅਤੇ ਇਸ ਮਗਰੋਂ ਮਾਰਕ ਕਾਰਨੀ ਦੀ ਅਗਵਾਈ ਹੇਠ 15 ਤੋਂ 20 ਮੈਂਬਰਾਂ ਵਾਲਾ ਮੰਤਰੀ ਮੰਡਲ ਰੀਡੋਅ ਹਾਲ ਵਿਖੇ ਸਹੁੰ ਚੁੱਕੇਗਾ।

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਸਵੇਰੇ ਅਸਤੀਫ਼ਾ ਦੇਣਗੇ ਅਤੇ ਇਸ ਮਗਰੋਂ ਮਾਰਕ ਕਾਰਨੀ ਦੀ ਅਗਵਾਈ ਹੇਠ 15 ਤੋਂ 20 ਮੈਂਬਰਾਂ ਵਾਲਾ ਮੰਤਰੀ ਮੰਡਲ ਰੀਡੋਅ ਹਾਲ ਵਿਖੇ ਸਹੁੰ ਚੁੱਕੇਗਾ। ਸੀ.ਬੀ.ਸੀ. ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਮਾਰਕ ਕਾਰਨ ਵੱਲੋਂ ਆਪਣਾ ਮੰਤਰੀ ਮੰਡਲ ਛੋਟਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਕਈ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਜਸਟਿਨ ਟਰੂਡੋ ਦੀ ਕੈਬਨਿਟ ਵਿਚ ਇਸ ਵੇਲੇ 37 ਮੰਤਰੀ ਹਨ ਅਤੇ ਉਨ੍ਹਾਂ ਦੇ ਅਸਤੀਫ਼ਾ ਦਿੰਦਿਆਂ ਹੀ ਮੰਤਰੀ ਮੰਡਲ ਵੀ ਭੰਗ ਹੋ ਜਾਵੇਗਾ ਪਰ ਨਵੀਂ ਕੈਬਨਿਟ ਛੋਟੀ ਹੋਣ ਕਾਰਨ ਇਕ ਦਰਜਨ ਤੋਂ ਵੱਧ ਮੰਤਰੀਆਂ ਨੂੰ ਮੁੜ ਕੁਰਸੀ ਨਹੀਂ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲਾ ਮੈਲਨੀ ਜੌਲੀ ਕੋਲ ਹੀ ਰਹੇਗਾ ਅਤੇ ਡੌਮੀਨਿਕ ਲਾਬਲੈਂਕ ਨੂੰ ਮੁੜ ਵਿੱਤ ਮੰਤਰਾਲਾ ਸੌਂਪਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫਰਾਂਸਵਾ ਫਿਲਿਪ ਸ਼ੈਂਪੇਨ ਮੁੜ ਇਨੋਵੇਸ਼ਨ ਮੰਤਰੀ ਬਣਾਏ ਜਾ ਸਕਦੇ ਹਨ।
ਮਾਰਕ ਕਾਰਨੀ ਵੱਲੋਂ ਕੈਬਨਿਟ ਦਾ ਆਕਾਰ ਛੋਟਾ ਰੱਖਣ ਦੇ ਆਸਾਰ
ਇਥੇ ਦਸਣਾ ਬਣਦਾ ਹੈ ਕਿ ਸੱਤਾ ਦੇ ਤਬਾਦਲੇ ਦੌਰਾਨ ਨਾਮਜ਼ਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਚੀਫ਼ ਆਫ ਸਟਾਫ਼ ਮਾਰਕੋ ਮੈਂਡੀਚੀਨੋ ਹਨ ਜਿਨ੍ਹਾਂ ਨੂੰ 2023 ਵਿਚ ਜਸਟਿਨ ਟਰੂਡੋ ਨੇ ਮੰਤਰੀ ਮੰਡਲ ਵਿਚੋਂ ਕੱਢ ਦਿਤਾ ਸੀ। ਇਸ ਤੋਂ ਇਲਾਵਾ ਕਿਊਬੈਕ ਦੇ ਸਾਬਕਾ ਵਿੱਤ ਮੰਤਰੀ ਕਾਰਲੌਸ ਲਾਈਟਾਓ ਨੂੰ ਵੀ ਮਾਰਕ ਕਾਰਨੀ ਦੀ ਟੀਮ ਵਿਚ ਸ਼ਾਮਲ ਕੀਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਅਗਲੀਆਂ ਚੋਣਾਂ ਦੌਰਾਨ ਲਿਬਰਲ ਉਮੀਦਵਾਰ ਬਣਾਇਆ ਜਾ ਸਕਦਾ ਹੈ। ਮਾਰਕ ਕਾਰਨੀ ਨਾਲ ਉਨ੍ਹਾਂ ਦੀ ਦੋਸਤੀ 15 ਸਾਲ ਪੁਰਾਣੀ ਹੈ ਅਤੇ ਇਹ ਵੀ ਪਤਾ ਲੱਗਾ ਹੈਕਿ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਨਾਲ ਵੀ ਕਾਰਨੀ ਦੀ ਟੀਮ ਸੰਪਰਕ ਕਰ ਚੁੱਕੀ ਹੈ। ਲਿਬਰਲ ਲੀਡਰਸ਼ਿਪ ਦੌੜ ਵਿਚ ਮਾਰਕ ਕਾਰਨੀ ਵਿਰੁੱਧ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਵਿਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਵਿਚ ਜਗ੍ਹਾ ਮਿਲਣ ਦੇ ਆਸਾਰ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਰਕ ਕਾਰਨੀ ਵੱਲੋਂ 24 ਮਾਰਚ ਨੂੰ ਹਾਊਸ ਆਫ਼ ਕਾਮਨਜ਼ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਕੈਨੇਡਾ ਵਾਸੀ ਅਪ੍ਰੈਲ ਦੇ ਅੰਤ ਜਾਂ ਮਈ ਦੇ ਆਰੰਭ ਵਿਚ ਵੋਟਾਂ ਪਾਉਣ ਦੀ ਤਿਆਰੀ ਕਰ ਲੈਣ।
ਜਸਟਿਨ ਟਰੂਡੋ ਸ਼ੁੱਕਰਵਾਰ ਸਵੇਰੇ ਦੇਣਗੇ ਅਸਤੀਫ਼ਾ
ਚੋਣ ਸਰਵੇਖਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਮਜ਼ਬੂਤ ਹੋ ਕੇ ਉਭਰੀ ਹੈ ਪਰ ਕੰਜ਼ਰਵੇਟਿਵ ਪਾਰਟੀ ਨੂੰ ਬੀਤੇ ਦੋ ਮਹੀਨੇ ਦੌਰਾਨ ਨੁਕਸਾਨ ਉਠਾਉਣਾ ਪਿਆ ਹੈ। ਦੂਜੇ ਪਾਸੇ ਅਮਰੀਕਾ ਨਾਲ ਸ਼ੁਰੂ ਹੋ ਚੁੱਕੀ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮਾਰਕ ਕਾਰਨੀ ਵੱਲੋਂ ਹੈਮਿਲਟਨ ਵਿਖੇ ਇਕ ਸਟੀਲ ਕਾਰਖਾਨੇ ਦਾ ਦੌਰਾ ਕਰਦਿਆਂ ਕਾਮਿਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸਿੱਧੀ ਗੱਲਬਾਤ ਕਰਨ ਲਈ ਉਹ ਤਿਆਰ ਬਰ ਤਿਆਰ ਹਨ ਪਰ ਕੈਨੇਡੀਅਨ ਖੁਦਮੁਖਤਿਆਰੀ ਨੂੰ ਸਭ ਤੋਂ ਉਤੇ ਰੱਖਿਆ ਜਾਵੇਗਾ।