ਮਾਰਕ ਕਾਰਨੀ ਵੱਲੋਂ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਰਸਮੀ ਐਲਾਨ
ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਵੱਲੋਂ ਆਖਰਕਾਰ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਗਿਆ ਹੈ।
By : Upjit Singh
ਐਡਮਿੰਟਨ : ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਵੱਲੋਂ ਆਖਰਕਾਰ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਗਿਆ ਹੈ। ਐਡਮਿੰਟਨ ਵਿਖੇ ਕੀਤੇ ਇਕੱਠ ਦੌਰਾਨ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੁਨੀਆਂ ਦਾ ਬਿਹਤਰੀਨ ਮੁਲਕ ਹੈ ਪਰ ਇਸ ਨੂੰ ਹੋਰ ਵੀ ਚੰਗਾ ਬਣਾਇਆ ਜਾ ਸਕਦਾ ਹੈ ਅਤੇ ਇਸੇ ਕਰ ਕੇ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਣ ਦਾ ਫੈਸਲਾ ਲਿਆ। ਹਾਵਰਡ ਯੂਨੀਵਰਸਿਟੀ ਤੋਂ ਪੜ੍ਹੇ ਮਾਰਕ ਕਾਰਨੀ ਨੇ ਦਾਅਵਾ ਕੀਤਾ ਕਿ ਆਰਥਿਕ ਖੇਤਰ ਵਿਚ ਉਨ੍ਹਾਂ ਦਾ ਤਜਰਬਾ ਗੈਰਯਕੀਨੀ ਵਾਲੇ ਇਸ ਮਾਹੌਲ ਵਿਚੋਂ ਕੈਨੇਡਾ ਨੂੰ ਬਾਹਰ ਕੱਢਣ ਵਿਚ ਮਦਦ ਕਰੇਗਾ।
ਕਿਹਾ, ਦੁਨੀਆਂ ਦੇ ਬਿਹਤਰੀਨ ਮੁਲਕ ਨੂੰ ਹੋਰ ਬਿਹਤਰ ਬਣਾਉਣ ਸਿਆਸਤ ’ਚ ਆਇਆ
ਉਨ੍ਹਾਂ ਅੱਗੇ ਕਿਹਾ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਕੈਨੇਡੀਅਨ ਅਰਥਚਾਰਾ ਪੂਰੀ ਤਾਕਤ ਨਾਲ ਅੱਗੇ ਨਹੀਂ ਵਧ ਸਕਿਆ ਜਿਸ ਦੇ ਸਿੱਟੇ ਵਜੋਂ ਕਿਰਤੀਆਂ ਦੀਆਂ ਉਜਰਤ ਦਰਾਂ ਵਿਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਨਾ ਹੋਇਆ। ਇਥੇ ਦਸਣਾ ਬਣਦਾ ਹੈ ਕਿ ਪੜ੍ਹਾਈ ਮੁਕੰਮਲ ਕਰਲ ਮਗਰੋਂ ਮਾਰਕ ਕਾਰਨੀ ਵੱਲੋਂ ਨਿਊ ਯਾਰਕ ਵਿਖੇ ਇਨਵੈਸਟਮੈਂਟ ਬੈਂਕਰ ਵਜੋਂ ਆਪਣਾ ਪੇਸ਼ੇਵਰ ਸਫ਼ਰ ਆਰੰਭਿਆ ਗਿਆ। ਇਸ ਮਗਰੋਂ ਉਹ ਕੈਨੇਡਾ ਪਰਤ ਆਏ ਅਤੇ ਵਿੱਤ ਵਿਭਾਗ ਵਿਚ ਸੀਨੀਅਰ ਅਹੁਦੇ ’ਤੇ ਰਹੇ। 2008 ਵਿਚ ਉਨ੍ਹਾਂ ਨੂੰ ਬੈਂਕ ਆਫ਼ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਅਤੇ ਮੁਲਕ ਨੂੰ ਆਲਮੀ ਮੰਦੀ ਵਿਚੋਂ ਬਾਹਰ ਆਉਣ ਵਿਚ ਮਦਦ ਕੀਤੀ। ਕਾਰਨੀ ਦੇ ਕਾਰਜਕਾਲ ਦੌਰਾਨ ਕੋਈ ਕੈਨੇਡੀਅਨ ਬੈਂਕ ਦੀਵਾਲੀਆ ਨਹੀਂ ਹੋਇਆ ਜਦਕਿ ਅਮਰੀਕਾ ਵਿਚ ਹਾਲਾਤ ਬਿਲਕੁਲ ਵੱਖਰੇ ਨਜ਼ਰ ਆ ਰਹੇ ਸਨ। ਸਿਰਫ਼ ਐਨਾ ਹੀ ਨਹੀਂ, ਮਾਰਕ ਕਾਰਨੀ ਬਾਅਦ ਵਿਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵੀ ਰਹੇ।
ਕੰਜ਼ਰਵੇਟਿਵ ਪਾਰਟੀ ਦੇ ਆਗੂ ’ਤੇ ਲਾਇਆ ਫੋਕੇ ਦਾਅਵੇ ਕਰਨ ਦਾ ਦੋਸ਼
ਉਨ੍ਹਾਂ ਦੱਸਿਆ ਕਿ ਡੂੰਘੇ ਆਰਥਿਕ ਸੰਕਟ ਵਿਚ ਘਿਰੇ ਦੋ ਮੁਲਕਾਂ ਦੇ ਅਰਥਚਾਰੇ ਨੂੰ ਬਚਾਉਣ ਵਿਚ ਉਹ ਸਫ਼ਲ ਰਹੇ ਅਤੇ ਇਹੋ ਤਜਰਬਾ ਕੈਨੇਡੀਅਨ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਵਰਤਣਾ ਚਾਹੁੰਦੇ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਕਰੜੇ ਹੱਥੀਂ ਲੈਂਦਿਆਂ ਮਾਰਕ ਕਾਰਨੀ ਨੇ ਕਿਹਾ ਕਿ ਟੋਰੀ ਆਗੂ ਸਿਰਫ਼ ਫੋਕੇ ਦਾਅਵੇ ਕਰ ਰਹੇ ਹਨ ਅਤੇ ਮੁਲਕ ਦੇ ਅਰਥਚਾਰੇ ਨੂੰ ਅੱਗੇ ਲਿਜਾਣ ਦਾ ਕੋਈ ਤਜਰਬਾ ਉਨ੍ਹਾਂ ਕੋਲ ਮੌਜੂਦ ਹਨ। ਪੱਤਰਕਾਰਾਂ ਵੱਲੋਂ ਕਾਰਬਨ ਟੈਕਸ ਬਾਰੇ ਪੁੱਛੇ ਜਾਣ ’ਤੇ ਮਾਰਕ ਕਾਰਨੀ ਨੇ ਕਿਹਾ ਕਿ ਉਹ ਬਦਲਵੇਂ ਤਰੀਕਿਆਂ ’ਤੇ ਕੰਮ ਕਰਨ ਲਈ ਸਹਿਮਤ ਹਨ ਅਤੇ ਕਾਰਬਨ ਟੈਕਸ ਦੀ ਥਾਂ ਕੁਝ ਹੋਰ ਉਪਾਅ ਕੀਤੇ ਜਾਣੇ ਚਾਹੀਦੇ ਹਨ।