ਕੈਨੇਡਾ-ਅਮਰੀਕਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲਾ ਕਾਬੂ
ਅਮਰੀਕਾ ਅਤੇ ਕੈਨੇਡਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਨੂੰ ਆਖਰਕਾਰ ਆਰ.ਸੀ.ਐਮ.ਪੀ. ਨੇ ਕਾਬੂ ਕਰ ਲਿਆ ਹੈ।

ਮੌਂਟਰੀਅਲ : ਅਮਰੀਕਾ ਅਤੇ ਕੈਨੇਡਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਨੂੰ ਆਖਰਕਾਰ ਆਰ.ਸੀ.ਐਮ.ਪੀ. ਨੇ ਕਾਬੂ ਕਰ ਲਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੈਰਥ ਵੈਸਟ ਨੂੰ ਕਿਊਬੈਕ ਸੂਬੇ ਵਿਚੋਂ ਕਾਬੂ ਕੀਤਾ ਗਿਆ ਜਿਸ ਦੀ ਭਾਲ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਵੀ ਕਰ ਰਹੀਆਂ ਸਨ। ਇਕ ਅੰਦਾਜ਼ੇ ਮੁਤਾਬਕ ਗੈਰਥ ਵੈਸਟ ਨੇ ਅਮਰੀਕਾ ਵਿਚ ਬਜ਼ੁਰਗਾਂ ਤੋਂ ਕਥਿਤ ਤੌਰ ’ਤੇ 30 ਮਿਲੀਅਨ ਡਾਲਰ ਦੀ ਰਕਮ ਠੱਗੀ। ਜਾਂਚਕਰਤਾਵਾਂ ਨੇ ਦੱਸਿਆ ਕਿ ਠੱਗੀ ਦੇ ਇਸ ਧੰਦੇ ਨੂੰ ਚਲਾਉਣ ਲਈ ਗੈਰਥ ਵੱਲੋਂ ਕਥਿਤ ਤੌਰ ’ਤੇ ਵੱਡੀ ਗਿਣਤੀ ਵਿਚ ਮੁਲਾਜ਼ਮ ਰੱਖੇ ਹੋਏ ਸਨ ਅਤੇ ਮੌਂਟਰੀਅਲ ਇਲਾਕੇ ਵਿਚ ਕਈ ਕਾਲ ਸੈਂਟਰਾਂ ਰਾਹੀਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ।
ਆਰ.ਸੀ.ਐਮ.ਪੀ. ਨੇ ਕਿਊਬੈਕ ਸੂਬੇ ਵਿਚੋਂ ਕੀਤਾ ਗ੍ਰਿਫਤਾਰ
ਦੂਜੇ ਪਾਸੇ ਗੈਰਥ ਆਪਣੇ ਆਪ ਨੂੰ ਇਕ ਅਮੀਰ ਰੀਅਲ ਅਸਟੇਟ ਡਿਵੈਲਪਰ ਵਜੋਂ ਪੇਸ਼ ਕਰਦਾ ਤਾਂਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਅਮਰੀਕਾ ਦੀ ਇਕ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਮੌਂਟਰੀਅਲ ਏਰੀਆ ਵਿਚ ਮਾਰੇ ਗਏ ਛਾਪਿਆਂ ਦੌਰਾਲ ਗੈਰਥ ਵੈਸਟ ਦੇ ਕਈ ਮੁਲਾਜ਼ਮਾਂ ਕਾਬੂ ਕੀਤਾ ਗਿਆ ਜੋ ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਵਸਦੇ ਬਜ਼ੁਰਗਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਸਨ। ਇਸ ਸਾਲ ਮਾਰਚ ਤੱਕ ਆਰ.ਸੀ.ਐਮ.ਪੀ. ਵੱਲੋਂ ਠੱਗੀ ਦੇ ਧੰਦੇ ਵਿਚ ਕਥਿਤ ਤੌਰ ’ਤੇ ਸ਼ਾਮਲ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਗੈਰਥ ਵੈਸਟ ਹਰ ਵਾਰ ਬਚ ਕੇ ਨਿਕਲਣ ਵਿਚ ਸਫ਼ਲ ਰਿਹਾ। ਸੀ.ਬੀ.ਸੀ. ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਗੈਰਥ ਵੈਸਟ ਕੁਝ ਸਮਾਂ ਉਨਟਾਰੀਓ ਦੇ ਬਰÇਲੰਗਟਨ ਸ਼ਹਿਰ ਵਿਚ ਵੀ ਰਿਹਾ ਪਰ ਪੁਲਿਸ ਛਾਪੇ ਦੇ ਡਰੋਂ ਟਿਕਾਣਾ ਬਦਲ ਲਿਆ।
ਅਮਰੀਕਾ ਦੇ ਬਜ਼ੁਰਗਾਂ ਤੋਂ 30 ਮਿਲੀਅਨ ਡਾਲਰ ਠੱਗੇ
ਠੱਗੀ ਦੇ ਇਸ ਵੱਡੇ ਨੈਟਵਰਕ ਵਿਚ ਕਥਿਤ ਤੌਰ ’ਤੇ ਸ਼ਾਮਲ ਇਕ ਹੋਰ ਸ਼ੱਕੀ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਸ਼ਨਾਖਤ ਜਿੰਮੀ ਇਲੀਮਾਕੀ ਵਜੋਂ ਕੀਤੀ ਗਈ ਹੈ। ਗੈਰਥ ਵੈਸਟ ਨੂੰ ਅੱਜ ਕਿਊਬੈਕ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਅਮਰੀਕਾ ਦੇ ਸਪੁਰਦ ਕੀਤੇ ਜਾਣ ਦੀ ਸੂਰਤ ਵਿਚ ਉਸ ਨੂੰ 40 ਸਾਲ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ।