ਕੈਨੇਡਾ ’ਚ ਲਿਬਰਲ ਪਾਰਟੀ ਦੀਆਂ ਸੀਟਾਂ ਵਧ ਕੇ 170 ਹੋਈਆਂ
ਕੈਨੇਡਾ ਵਿਚ ਘੱਟ ਗਿਣਤੀ ਲਿਬਰਲ ਸਰਕਾਰ ਬਹੁਮਤ ਵੱਲ ਕਦਮ ਵਧਾਉਂਦੀ ਮਹਿਸੂਸ ਹੋ ਰਹੀ ਹੈ।

By : Upjit Singh
ਔਟਵਾ : ਕੈਨੇਡਾ ਵਿਚ ਘੱਟ ਗਿਣਤੀ ਲਿਬਰਲ ਸਰਕਾਰ ਬਹੁਮਤ ਵੱਲ ਕਦਮ ਵਧਾਉਂਦੀ ਮਹਿਸੂਸ ਹੋ ਰਹੀ ਹੈ। ਕਿਊਬੈਕ ਦੀ ਟੈਰਾਬੌਨ ਪਾਰਲੀਮਾਨੀ ਸੀਟ ਮੁੜ ਗਿਣਤੀ ਮਗਰੋਂ ਲਿਬਰਲ ਪਾਰਟੀ ਦੀ ਝੋਲੀ ਵਿਚ ਆ ਗਈ ਅਤੇ ਹਾਊਸ ਆਫ਼ ਕਾਮਨਜ਼ ਵਿਚ ਹੁਣ ਲਿਬਰਲਾਂ ਦੀਆਂ 170 ਸੀਟਾਂ ਹੋ ਚੁੱਕੀਆਂ ਹਨ। ਚੋਣ ਨਤੀਜਿਆਂ ਮਗਰੋਂ ਟੈਰਾਬੌਨ ਸੀਟ ’ਤੇ ਲਿਬਰਲ ਪਾਰਟੀ ਦੀ ਜਿੱਤ ਐਲਾਨੀ ਗਈ ਪਰ ਵੈਲੀਡੇਸ਼ਨ ਪ੍ਰਕਿਰਿਆ ਮਗਰੋਂ ਕੈਨੇਡਾ ਦੇ ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਵੱਲੋਂ ਬਲੌਕ ਕਿਊਬਕਵਾ ਦੀ ਉਮੀਦਵਾਰ ਨੈਟਲੀ ਸਿੰਕਲੇਅਰ ਨੂੰ 44 ਵੋਟਾਂ ਨਾਲ ਜੇਤੂ ਕਰਾਰ ਦਿਤਾ ਗਿਆ। ਹੁਣ ਵੋਟਾਂ ਦੀ ਮੁੜ ਗਿਣਤੀ ਮਗਰੋਂ ਲਿਬਰਲ ਉਮੀਦਵਾਰ ਤਾਤੀਆਨਾ ਔਗਸਟ ਨੂੰ ਇਕ ਵੋਟ ਨਾਲ ਜੇਤੂ ਕਰਾਰ ਦਿਤਾ ਗਿਆ ਹੈ।
3 ਹੋਰ ਪਾਰਲੀਮਾਨੀ ਸੀਟਾਂ ’ਤੇ ਹੋਣੀ ਹੈ ਮੁੜ ਗਿਣਤੀ
ਇਲੈਕਸ਼ਨਜ਼ ਕੈਨੇਡਾ ਦੀ ਵੈਬਸਾਈਟ ਮੁਤਾਬਕ ਤਾਤੀਆਨਾ ਨੂੰ 23,352 ਵੋਟਾਂ ਮਿਲੀਆਂ ਅਤੇ ਨੈਟਲੀ ਸਿੰਕਲੇਅਰ 23,551 ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੀ। ਵੋਟਾਂ ਦੀ ਮੁੜ ਗਿਣਤੀ ਕਿਊਬੈਕ ਦੀ ਸੁਪੀਰੀਅਰ ਦੇ ਜਸਟਿਸ ਡੈਨੀਅਲ ਟਰਕੌਟ ਦੀ ਨਿਗਰਾਨੀ ਹੇਠ ਕੀਤੀ ਗਈ। ਕੈਨੇਡਾ ਦੇ ਚੋਣ ਕਾਨੂੰਨ ਮੁਤਾਬਕ ਜਦੋਂ ਇਕ ਰਾਈਡਿੰਗ ਵਿਚ ਜਿੱਤ ਹਾਰ ਦਾ ਫਰਕ 0.1 ਫੀ ਸਦੀ ਤੋਂ ਘੱਟ ਹੋਵੇ ਤਾਂ ਮੁੜ ਗਿਣਤੀ ਲਾਜ਼ਮੀ ਹੋ ਜਾਂਦੀ ਹੈ। ਕੁਝ ਖਾਸ ਹਾਲਾਤ ਵਿਚ ਰਾਈਡਿੰਗ ਨਾਲ ਸਬੰਧਤ ਉਮੀਦਵਾਰ ਵੀ ਵੋਟਾਂ ਦੀ ਮੁੜ ਗਿਣਤੀ ਕਰਨ ਬਾਰੇ ਗੁਜ਼ਾਰਿਸ਼ ਕਰ ਸਕਦੇ ਹਨ। ਦੱਸ ਦੇਈਏ ਕਿ ਤਿੰਨ ਪਾਰਲੀਮਾਨੀ ਸੀਟਾਂ ’ਤੇ ਵੋਟਾਂ ਦੀ ਮੁੜ ਗਿਣਤੀ ਕੀਤੀ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਮਿਲਟਨ ਈਸਟ-ਹਾਲਟਨ ਹਿਲਜ਼ ਸਾਊਥ ਪਾਰਲੀਮਾਨੀ ਸੀਟ ’ਤੇ 13 ਮਈ ਨੂੰ ਮੁੜ ਗਿਣਤੀ ਹੋਵੇਗੀ ਜਿਥੇ ਮੁਢਲੇ ਤੌਰ ’ਤੇ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿੱਲ ਨੂੰ ਜੇਤੂ ਕਰਾਰ ਦਿਤਾ ਗਿਆ ਪਰ ਵੈਲੀਡੇਸ਼ਨ ਪ੍ਰਕਿਰਿਆ ਮਗਰੋਂ ਲਿਬਰਲ ਉਮੀਦਵਾਰ 29 ਵੋਟਾਂ ਨਾਲ ਸੀਟ ਜਿੱਤ ਗਈ। ਮੁੜ ਗਿਣਤੀ ਮਗਰੋਂ ਆਉਣ ਵਾਲਾ ਫੈਸਲਾ ਅਟੱਲ ਹੋਵੇਗਾ।
171 ਤੱਕ ਜਾ ਸਕਦੈ ਸੀਟਾਂ ਦਾ ਅੰਕੜਾ
ਦੂਜੇ ਪਾਸੇ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਦੀ ਟੈਰਾ ਨੋਵਾ-ਦਾ ਪੈਨਿਨਸੁਲਾਜ਼ ਸੀਟ ’ਤੇ ਵੀ ਵੋਟਾਂ ਦੀ ਮੁੜ ਗਿਣਤੀ ਹੋਣੀ ਹੈ ਜਿਥੇ ਮੁਢਲੇ ਤੌਰ ’ਤੇ ਲਿਬਰਲ ਉਮੀਦਵਾਰ ਨੂੰ 12 ਵੋਟਾਂ ਨਾਲ ਜੇਤੂ ਕਰਾਰ ਦਿਤਾ ਗਿਆ। ਇਸ ਤੋਂ ਇਲਾਵਾ ਉਨਟਾਰੀਓ ਦੀ ਵਿੰਡਸਰ-ਲੇਕਸ਼ੋਰ ਸੀਟ ’ਤੇ ਵੀ 20 ਮਈ ਨੂੰ ਮੁੜ ਗਿਣਤੀ ਹੋਣੀ ਹੈ ਜਿਥੇ ਮੁਢਲੇ ਤੌਰ ’ਤੇ ਕੰਜ਼ਰਵੇਟਿਵ ਉਮੀਦਵਾਰ ਨੂੰ 77 ਵੋਟਾਂ ਨਾਲ ਜੇਤੂ ਕਰਾਰ ਦਿਤਾ ਗਿਆ ਪਰ ਲਿਬਰਲ ਉਮੀਦਵਾਰ ਨੇ ਦਾਅਵਾ ਕੀਤਾ ਹੈ ਕਿ ਕੁਝ ਜਾਇਜ਼ ਵੋਟਾਂ ਨੂੰ ਰੱਦ ਮੰਨਦਿਆਂ ਗਿਣਿਆ ਹੀ ਨਹੀਂ ਗਿਆ। ਦੱਸ ਦੇਈਏ ਕਿ ਤਿੰਨੋ ਸੀਟਾਂ ਦੇ ਨਤੀਜੇ ਲਿਬਰਲ ਪਾਰਟੀ ਦੇ ਹੱਕ ਵਿਚ ਆਉਣ ’ਤੇ ਵੀ ਸੱਤਾਧਾਰੀ ਧਿਰ ਬਹੁਮਤ ਤੋਂ ਇਕ ਸੀਟ ਦੂਰ ਰਹਿ ਜਾਵੇਗੀ।


