ਲਿਬਰਲ ਸਰਕਾਰ ਦਾ ਬਿਲ ਸੀ-5 ਹਾਊਸ ਆਫ਼ ਕਾਮਨਜ਼ ਵਿਚ ਪਾਸ
ਲਿਬਰਲ ਸਰਕਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਵੱਡੀ ਜਿੱਤ ਹਾਸਲ ਹੋਈ ਜਦੋਂ ਕੈਨੇਡੀਅਨ ਅਰਥਚਾਰੇ ਨਾਲ ਸਬੰਧਤ ਐਕਟ ਪਾਸ ਕਰਵਾਉਣ ਵਿਚ ਕੰਜ਼ਰਵੇਟਿਵ ਪਾਰਟੀ ਵੀ ਸਰਕਾਰ ਦੇ ਹੱਕ ਵਿਚ ਨਿੱਤਰ ਆਈ।

ਔਟਵਾ : ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਵੱਡੀ ਜਿੱਤ ਹਾਸਲ ਹੋਈ ਜਦੋਂ ਕੈਨੇਡੀਅਨ ਅਰਥਚਾਰੇ ਨਾਲ ਸਬੰਧਤ ਐਕਟ ਪਾਸ ਕਰਵਾਉਣ ਵਿਚ ਕੰਜ਼ਰਵੇਟਿਵ ਪਾਰਟੀ ਵੀ ਸਰਕਾਰ ਦੇ ਹੱਕ ਵਿਚ ਨਿੱਤਰ ਆਈ। ਬਿਲ ਸੀ-5 ਯਾਨੀ ਵੰਨ ਕੈਨੇਡੀਅਨ ਇਕੌਨੋਮੀ ਐਕਟ ਫੈਡਰਲ ਸਰਕਾਰ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰੌਜੈਕਟਾਂ ਹਰੀ ਝੰਡੀ ਦੇਣ ਦੀ ਤਾਕਤ ਦਿੰਦਾ ਅਤੇ ਮੁਲਕ ਦੀ ਖੁਦਮੁਖਤਿਆਰੀ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਵੀ ਦੱਸਿਆ ਜਾ ਰਿਹਾ ਹੈ। ਬਿਲ ਸੀ-5 ਪਾਸ ਹੋਣ ਮਗਰੋਂ ਸਰਕਾਰ ਨੂੰ ਇੰਪੈਕਟ ਅਸੈਸਮੈਂਟ ਐਕਟ ਵਰਗੀ ਪ੍ਰਕਿਰਿਆ ਨੂੰ ਇਕ ਪਾਸੇ ਰਖਦਿਆਂ ਸਿੱਧੇ ਤੌਰ ’ਤੇ ਅੱਗੇ ਵਧਣ ਦਾ ਅਖਤਿਆਰ ਮਿਲ ਗਿਆ ਹੈ।
ਕੰਜ਼ਰਵੇਟਿਵ ਪਾਰਟੀ ਨੇ ਕੀਤੀ ਬਿਲ ਦੀ ਹਮਾਇਤ
ਇਥੇ ਦਸਣਾ ਬਣਦਾ ਹੈ ਕਿ ਜੂਨ ਦੇ ਆਰੰਭ ਵਿਚ ਪੇਸ਼ ਬਿਲ ਬੇਹੱਦ ਤੇਜ਼ੀ ਨਾਲ ਅੱਗੇ ਵਧਿਆ ਅਤੇ ਕੰਜ਼ਰਵੇਟਿਵ ਪਾਰਟੀ ਵੀ ਇਸ ਦੀ ਹਮਾਇਤ ਵਿਚ ਆ ਗਈ। ਫਿਲਹਾਲ ਸਰਕਾਰ ਵੱਲੋਂ ਬਿਲ ਵਿਚ ਸ਼ਾਮਲ ਪ੍ਰੌਜੈਕਟਾਂ ਬਾਰੇ ਸਪੱਸ਼ਟ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਮੁਲਕ ਦੇ ਪੂਰਬੀ ਅਤੇ ਪੱਛਮੀ ਇਲਾਕਿਆਂ ਵਿਚ ਨਵੇਂ ਐਨਰਜੀ ਕੌਰੀਡੋਰ ਸਥਾਪਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ ਜਦਕਿ ਕੈਨੇਡਾ ਵਿਚ ਅੰਦਰੂਨੀ ਵਪਾਰ ਦੇ ਅੜਿੱਕੇ ਵੀ ਇਸ ਰਾਹੀਂ ਖਤਮ ਕਰ ਦਿਤੇ ਜਾਣਗੇ। ਬਿਲ ਪਾਸ ਹੋਣ ਮਗਰੋਂ ਮਾਰਕ ਕਾਰਨੀ ਵਿਰੋਧੀ ਧਿਰ ਦੇ ਐਮ.ਪੀਜ਼ ਨਾਲ ਹੱਥ ਮਿਲਾਉਣ ਉਨ੍ਹਾਂ ਦੇ ਬੈਂਚਾਂ ਤੱਕ ਗਏ। ਉਧਰ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਲਿਬਰਲ ਸਰਕਾਰ ਨੂੰ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ। ਬਿਲ ਸੀ-5 ਸਰਕਾਰ ਨੂੰ ਪ੍ਰਕਿਰਿਆਤਮਕ ਅੜਿੱਕੇ ਪਾਰ ਕਰਨ ਵਿਚ ਮਦਦ ਕਰੇਗਾ ਅਤੇ ਸਾਡੀ ਨਜ਼ਰ ਸਰਕਾਰ ’ਤੇ ਰਹੇਗੀ। ਦੂਜੇ ਪਾਸੇ ਬਿਲ ਦੇ ਵਿਰੋਧੀਆਂ ਦੀ ਵੀ ਕੋਈ ਕਮੀ ਨਹੀਂ। ਕੈਨੇਡੀਅਨ ਮੂਲ ਬਾਸ਼ਿੰਦਿਆਂ ਅਤੇ ਵਾਤਾਵਰਣ ਪੱਖੀ ਜਥੇਬੰਦੀਆਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਐਮ.ਪੀਜ਼ ਅਤੇ ਸੈਨੇਟ ਮੈਂਬਰ ਬਿਲ ਦੇ ਵਿਰੁੱਧ ਨਜ਼ਰ ਆਏ।
ਵੱਡੇ ਪ੍ਰੌਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਸਕੇਗੀ ਕੈਨੇਡਾ ਸਰਕਾਰ
ਨੁਕਤਾਚੀਨੀ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਨਵੇਂ ਪ੍ਰੌਜੈਕਟਾਂ ਰਾਹੀਂ ਸਾਡਾ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਮੂਲ ਬਾਸ਼ਿੰਦਿਆਂ ਦੀ ਭਾਈਵਾਲੀ ਤੋਂ ਬਗੈਰ ਇਹ ਸੰਭਵ ਨਹੀਂ। ਮਾਰਕ ਕਾਰਨੀ ਨੇ ਵਾਅਦਾ ਕੀਤਾ ਕਿ ਮੂਲ ਬਾਸ਼ਿੰਦਿਆਂ ਦੇ ਆਗੂਆਂ ਨਾਲ ਅਗਲੇ ਮਹੀਨੇ ਤੋਂ ਬਿਲ ਸੀ-5 ਨਾਲ ਸਬੰਧਤ ਵਿਚਾਰ ਵਟਾਂਦਰਾ ਆਰੰਭਿਆ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਹਾਊਸ ਆਫ਼ ਕਾਮਨਜ਼ ਦਾ ਇਜਲਾਸ ਉਠਾ ਦਿਤਾ ਗਿਆ ਹੈ ਅਤੇ ਹੁਣ ਸਤੰਬਰ ਵਿਚ ਹੀ ਪਾਰਲੀਮੈਂਟ ਮੈਂਬਰ ਔਟਵਾ ਪਰਤਣਗੇ। ਸੈਨੇਟ ਵੱਲੋਂ ਬਿਲ ਸੀ-5 ’ਤੇ ਵਿਚਾਰ ਵਟਾਂਦਰੇ ਲਈ ਅਗਲੇ ਹਫ਼ਤੇ ਬੈਠਕ ਕਰਨ ਦੀ ਸਹਿਮਤੀ ਦਿਤੀ ਜਾ ਚੁੱਕੀ ਹੈ।