10 ਜੁਲਾਈ ਤੋਂ ਖੁੱਲ੍ਹਣਗੇ ਐਲ.ਸੀ.ਬੀ.ਓ. ਦੇ ਪੰਜ ਸਟੋਰ
ਹੜਤਾਲ ਦੇ ਮੱਦੇਨਜ਼ਰ ਭਾਵੇਂ ਆਮ ਲੋਕਾਂ ਵਾਸਤੇ ਲਿਕਰ ਕੰਟਰੋਲ ਬੋਰਡ ਆਫ਼ ਉਨਟਾਰੀਓ ਦੇ ਸਟੋਰ ਬੰਦ ਹਨ ਪਰ 10 ਜੁਲਾਈ ਤੋਂ ਪੰਜ ਸ਼ਹਿਰਾਂ ਵਿਚ ਸਟੋਰ ਖੋਲ੍ਹੇ ਜਾਣਗੇ ਜਿਥੋਂ ਬਾਰ ਅਤੇ ਰੈਸਟੋਰੈਂਟ ਮਾਲਕ ਆਪਣੀ ਜ਼ਰੂਰਤ ਮੁਤਾਬਕ ਸ਼ਰਾਬ ਖਰੀਦ ਸਕਣਗੇ।
By : Upjit Singh
ਟੋਰਾਂਟੋ : ਹੜਤਾਲ ਦੇ ਮੱਦੇਨਜ਼ਰ ਭਾਵੇਂ ਆਮ ਲੋਕਾਂ ਵਾਸਤੇ ਲਿਕਰ ਕੰਟਰੋਲ ਬੋਰਡ ਆਫ਼ ਉਨਟਾਰੀਓ ਦੇ ਸਟੋਰ ਬੰਦ ਹਨ ਪਰ 10 ਜੁਲਾਈ ਤੋਂ ਪੰਜ ਸ਼ਹਿਰਾਂ ਵਿਚ ਸਟੋਰ ਖੋਲ੍ਹੇ ਜਾਣਗੇ ਜਿਥੋਂ ਬਾਰ ਅਤੇ ਰੈਸਟੋਰੈਂਟ ਮਾਲਕ ਆਪਣੀ ਜ਼ਰੂਰਤ ਮੁਤਾਬਕ ਸ਼ਰਾਬ ਖਰੀਦ ਸਕਣਗੇ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਟੋਰਾਂਟੋ, ਮਿਸੀਸਾਗਾ, ਵੁਡਬ੍ਰਿਜ, ਲੰਡਨ ਅਤੇ ਔਟਵਾ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
ਬਾਰ ਅਤੇ ਰੈਸਟੋਰੈਂਟ ਵਾਲਿਆਂ ਨੂੰ 4 ਘੰਟੇ ਦੀ ਸੇਵਾ ਮਿਲਣ ਦੇ ਆਸਾਰ
19 ਜੁਲਾਈ ਤੱਕ ਚੋਣਵੇਂ ਸਟੋਰ ਖੋਲ੍ਹਣ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਆਮ ਲੋਕਾਂ ਵਾਸਤੇ ਇਸ ਤੋਂ ਬਾਅਦ ਹੀ ਸਟੋਰ ਖੁੱਲ੍ਹ ਸਕਦੇ ਹਨ। ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਕੌਲੀਨ ਮੈਕਲਾਓਡ ਨੂੰ ਜਦੋਂ ਪੰਜ ਸਟੋਰ ਖੁੱਲ੍ਹਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਿਸੇ ਸਾਧਾਰਣ ਖਬਰ ਤੋਂ ਜ਼ਿਆਦਾ ਕੁਝ ਨਹੀਂ। ਉਧਰ ਯੂਨੀਅਨ ਦੇ ਪ੍ਰਧਾਨ ਜੇ.ਪੀ. ਹੌਰਨਿਕ ਨੇ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਸਿਆਸੀ ਦਬਾਅ ਅਧੀਨ ਇਹ ਸਭ ਕੀਤਾ ਜਾ ਰਿਹਾ ਹੈ। ਪਰ ਐਲ.ਸੀ.ਬੀ.ਓ. ਪ੍ਰਬੰਧਕਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਲਕੀਰ ਪਾਰ ਕਰਨ ਵਾਂਗ ਹਤੇ ਅਤੇ ਇਸ ਨਾਲ ਖਿਲਾਰਾ ਪੈ ਸਕਦਾ ਹੈ।’’ ਇਥੇ ਦਸਣਾ ਬਣਦਾ ਹੈ ਕਿ 9 ਹਜ਼ਾਰ ਤੋਂ ਵੱਘ ਐਲ.ਸੀ.ਬੀ.ਓ. ਮੁਲਾਜ਼ਮ ਇਸ ਵੇਲੇ ਹੜਤਾਲ ’ਤੇ ਹਨ ਅਤੇ ਨੇੜ ਭਵਿੱਖ ਵਿਚ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੱਸਿਆ ਜਾ ਰਿਹਾ ਹੈ ਕਿ ਐਲ.ਸੀ.ਬੀ.ਓ. ਦੇ 100 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਲਾਜ਼ਮ ਹੜਤਾਲ ਕਰਨ ਵਾਸਤੇ ਮਜਬੂਰ ਹੋਏ।