ਕੈਨੇਡਾ ’ਚ ਗ੍ਰਿਫ਼ਤਾਰ ਖਾਲਿਸਤਾਨ ਹਮਾਇਤੀਆਂ ਨੂੰ ਨਹੀਂ ਮਿਲੀ ਜ਼ਮਾਨਤ
ਕੈਨੇਡਾ ਵਿਚ ਗ੍ਰਿਫ਼ਤਾਰ ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਇਕ ਹਫ਼ਤੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਸਕੀ ਜਿਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ ਹਥਿਆਰਾਂ ਨਾਲ ਸਬੰਧਤ 36 ਦੋਸ਼ ਆਇਦ ਕੀਤੇ ਗਏ ਹਨ

By : Upjit Singh
ਟੋਰਾਂਟੋ : ਕੈਨੇਡਾ ਵਿਚ ਗ੍ਰਿਫ਼ਤਾਰ ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਇਕ ਹਫ਼ਤੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਸਕੀ ਜਿਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ ਹਥਿਆਰਾਂ ਨਾਲ ਸਬੰਧਤ 36 ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ 19 ਸਤੰਬਰ ਨੂੰ ਸ਼ਾਮ ਤਕਰੀਬਨ 6 ਵਜੇ ਔਸ਼ਵਾ ਵਿਖੇ ਹਾਈਵੇਅ 407 ’ਤੇ ਇਕ ਗੱਡੀ ਨੂੰ ਰੋਕਿਆ ਗਿਆ ਜਿਸ ਵਿਚ ਤਿੰਨ ਜਣੇ ਸਵਾਰ ਸਨ। ਕੈਲੇਡਨ ਦੇ ਇੰਦਰਜੀਤ ਸਿੰਘ ਗੋਸਲ, ਟੋਰਾਂਟੋ ਦੇ ਅਰਮਾਨ ਸਿੰਘ ਅਤੇ ਨਿਊ ਯਾਰਕ ਦੇ ਪਿਕਵਿਲ ਨਾਲ ਸਬੰਧਤ 41 ਸਾਲਾ ਜਗਦੀਪ ਸਿੰਘ ਵਿਰੁੱਧ ਲਾਪ੍ਰਵਾਹੀ ਨਾਲ ਹਥਿਆਰ ਚਲਾਉਣ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ, ਲੁਕਵੇਂ ਹਥਿਆਰ ਰੱਖਣ, ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਤੇ ਗੋਲੀਆਂ ਰੱਖਣ ਵਰਗੇ ਦੋਸ਼ ਲੱਗੇ ਹਨ।
ਇੰਦਰਜੀਤ ਗੋਸਲ, ਜਗਦੀਪ ਸਿੰਘ ਅਤੇ ਅਰਮਾਨ ਸਿੰਘ ਹੁਣ ਵੀ ਪੁਲਿਸ ਹਿਰਾਸਤ ਵਿਚ
ਤਿੰਨੋ ਜਣਿਆਂ ਨੂੰ ਔਸ਼ਵਾ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ ਅਤੇ ਹੁਣ ਵੀ ਇਹ ਪੁਲਿਸ ਹਿਰਾਸਤ ਵਿਚ ਹਨ। ਪੁਲਿਸ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਨਾਂਹ ਕਰ ਦਿਤੀ। ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਉਤਰਾਧਿਕਾਰੀ ਮੰਨੇ ਜਾ ਰਹੇ ਇੰਦਰਜੀਤ ਸਿੰਘ ਗੋਸਲ ਦੀ ਗ੍ਰਿਫ਼ਤਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡ੍ਰੌਇਨ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਰਮਿਆਨ ਮੁਲਾਕਾਤ ਤੋਂ ਬਾਅਦ ਹੋਈ। ਉਚ ਪੱਧਰੀ ਮੀਟਿੰਗ ਮਗਰੋਂ ਭਾਰਤ ਸਰਕਾਰ ਦੇ ਬਿਆਨ ਵਿਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਡੌ੍ਰਇਨ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਇਸ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ।
ਲਾਪ੍ਰਵਾਹੀ ਨਾਲ ਹਥਿਆਰ ਚਲਾਉਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼
ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨੂੰ ਸਿੱਧੇ ਤੌਰ ’ਤੇ ਜੂਨ 2023 ਵਿਚ ਹੋਏ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਿਆ ਗਿਆ। ਅਕਤੂਬਰ 2024 ਦੀ ਪ੍ਰੈਸ ਕਾਨਫ਼ਰੰਸ ਵਿਚ ਆਰ.ਸੀ.ਐਮ.ਪੀ. ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਵਰਤਿਆ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਉਭਰ ਕੇ ਆਈ ਹੈ ਕਿ ਵਿਦੇਸ਼ ਮੰਤਰੀ ਅਨੀਤਾ ਆਨੰਦ ਅਗਲੇ ਮਹੀਨੇ ਭਾਰਤ ਦੌਰੇ ’ਤੇ ਜਾ ਰਹੇ ਹਨ ਅਤੇ ਇਹ ਦੌਰਾ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ।


