ਟੋਰਾਂਟੋ ਤੋਂ ਬੱਚਾ ਲੈ ਕੇ ਭਾਰਤ ਫਰਾਰ ਹੋਇਆ ਕਪਿਲ ਸੁਨਕ!
ਟੋਰਾਂਟੋ ਦੇ ਕਪਿਲ ਸੁਨਕ ’ਤੇ ਆਪਣੇ ਹੀ ਤਿੰਨ ਸਾਲ ਦੇ ਬੇਟੇ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਹਨ ਅਤੇ ਟੋਰਾਂਟੋ ਪੁਲਿਸ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ
By : Upjit Singh
ਟੋਰਾਂਟੋ : ਟੋਰਾਂਟੋ ਦੇ ਕਪਿਲ ਸੁਨਕ ’ਤੇ ਆਪਣੇ ਹੀ ਤਿੰਨ ਸਾਲ ਦੇ ਬੇਟੇ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਹਨ ਅਤੇ ਟੋਰਾਂਟੋ ਪੁਲਿਸ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ। 48 ਸਾਲ ਦਾ ਕਪਿਲ ਸੁਨਕ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਲੈ ਕੇ ਜੁਲਾਈ 2024 ਵਿਚ ਭਾਰਤ ਗਿਆ ਅਤੇ ਮੁੜ ਨਾ ਪਰਤਿਆ ਜਦਕਿ ਅਦਾਲਤੀ ਹੁਕਮਾਂ ਮੁਤਾਬਕ 8 ਅਗਸਤ ਤੱਕ ਵਾਪਸੀ ਕਰਨੀ ਲਾਜ਼ਮੀ ਸੀ।
ਪੁਲਿਸ ਨੇ ਅਗਵਾ ਦੇ ਦੋਸ਼ ਲਾਉਂਦਿਆਂ ਗ੍ਰਿਫ਼ਤਾਰ ਦੇ ਯਤਨ ਆਰੰਭੇ
ਟੋਰਾਂਟੋ ਪੁਲਿਸ ਨੇ ਕਿਹਾ ਕਿ ਸ਼ੱਕੀ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦਿਆਂ ਬੱਚੇ ਨੂੰ ਆਪਣੇ ਕੋਲ ਰੱਖਿਆ ਗਿਆ ਹੈ ਅਤੇ ਕੈਨੇਡਾ ਵਾਪਸ ਨਹੀਂ ਆ ਰਿਹਾ। ਕਪਿਲ ਸੁਨਕ ਵਿਰੁੱਧ ਪੇਰੈਂਟਲ ਐਬਡਕਸ਼ਨ ਦੇ ਦੋਸ਼ ਲਾਏ ਗਏ ਹਨ। ਕਪਿਲ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦਾ ਕੱਦ ਛੇ ਫੁੱਟ ਤਿੰਨ ਇੰਚ ਅਤੇ ਸਰੀਰ ਭਾਰਾ ਹੈ। ਵਾਲ ਛੋਟੇ ਅਤੇ ਭੂਰੇ ਹਨ ਜਦਕਿ ਚਿਹਰੇ ’ਤੇ ਹਲਕੀ ਦਾੜੀ ਦੇਖੀ ਜਾ ਸਕਦੀ ਹੈ। ਦੂਜੇ ਪਾਸੇ ਤਿੰਨ ਸਾਲ ਦੇ ਬੱਚੇ ਦਾ ਕੱਦ ਚਾਰ ਫੁੱਟ ਅਤੇ ਵਜ਼ਨ 45 ਪਾਊਂਡ ਹੈ ਜਦਕਿ ਉਸ ਵਾਲ ਅਤੇ ਅੱਖਾਂ ਭੂਰੀਆਂ ਹਨ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਪਿਲ ਸੁਨਕ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ।