ਕੈਨੇਡਾ ਵਿਚ 2 ਪੰਜਾਬੀ ਪਰਵਾਰਾਂ ਨਾਲ ਹੋ ਗਈ ਜੱਗੋਂ ਤੇਰ੍ਹਵੀਂ
ਕੈਨੇਡਾ ਦੇ ਹਸਪਤਾਲ ਵਿਚ ਇਲਾਜ ਨਾ ਮਿਲਣ ਕਰ ਕੇ ਭਾਰਤੀ ਦੀ ਮੌਤ ਮਗਰੋਂ ਇਕ ਹੋਰ ਹੈਰਾਨਕੁੰਨ ਘਟਨਾ ਸਾਹਮਣੇ ਆਈ ਹੈ ਜਿਸ ਦੌਰਾਨ ਪੰਜਾਬੀ ਪਰਵਾਰ ਨੂੰ ਆਪਣੇ ਮਰੀਜ਼ ਦੀ ਬਜਾਏ ਕੋਈ ਓਪਰਾ ਬੰਦਾ ਹੀ ਸੌਂਪ ਦਿਤਾ ਗਿਆ

By : Upjit Singh
ਸਰੀ : ਕੈਨੇਡਾ ਦੇ ਹਸਪਤਾਲ ਵਿਚ ਇਲਾਜ ਨਾ ਮਿਲਣ ਕਰ ਕੇ ਭਾਰਤੀ ਦੀ ਮੌਤ ਮਗਰੋਂ ਇਕ ਹੋਰ ਹੈਰਾਨਕੁੰਨ ਘਟਨਾ ਸਾਹਮਣੇ ਆਈ ਹੈ ਜਿਸ ਦੌਰਾਨ ਪੰਜਾਬੀ ਪਰਵਾਰ ਨੂੰ ਆਪਣੇ ਮਰੀਜ਼ ਦੀ ਬਜਾਏ ਕੋਈ ਓਪਰਾ ਬੰਦਾ ਹੀ ਸੌਂਪ ਦਿਤਾ ਗਿਆ। ਜੀ ਹਾਂ, ਬੀ.ਸੀ. ਦੇ ਸਰੀ ਸ਼ਹਿਰ ਨਾਲ ਸਬੰਧਤ ਸਨੀ ਹੁੰਦਲ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗ ਪਿਤਾ ਨੂੰ ਸਰੀ ਮੈਮੋਰੀਅਲ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੇਸ਼ੈਂਟ ਟ੍ਰਾਂਸਫ਼ਰ ਸਰਵਿਸਿਜ਼ ਦੀ ਉਡੀਕ ਕਰ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀ ਪਤਨੀ ਦਾ ਫ਼ੋਨ ਆਇਆ। ਪਤਨੀ ਨੇ ਸਨੀ ਹੁੰਦਲ ਨੂੰ ਦੱਸਿਆ ਕਿ ਘਰ ਦੇ ਬਾਹਰ ਇਕ ਐਂਬੁਲੈਂਸ ਪੁੱਜੀ ਹੈ ਅਤੇ ਮੁਢਲੇ ਤੌਰ ’ਤੇ ਇਹੋ ਮਹਿਸੂਸ ਹੋਇਆ ਕਿ ਸਹੁਰਾ ਸਾਹਿਬ ਹੋਣਗੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਐਂਬੁਲੈਂਸ ਵਾਲੇ ਕਿਸੇ ਨੂੰ ਉਤਾਰ ਰਹੇ ਸਨ।
ਹਸਪਤਾਲ ਤੋਂ ਘਰ ਮਰੀਜ਼ ਪਹੁੰਚਾਉਣ ਵਾਲਿਆਂ ਨੇ ਬਦਲੇ ਬਜ਼ੁਰਗ
ਰਾਣੂ ਹੁੰਦਲ ਨੇ ਅਟੈਂਡੈਂਟਸ ਨੂੰ ਦੱਸਿਆ ਕਿ ਇਹ ਉਨ੍ਹਾਂ ਦੇ ਸਹੁਰਾ ਸਾਹਿਬ ਨਹੀਂ ਅਤੇ ਕਿਸੇ ਅਣਜਾਣ ਬਜ਼ੁਰਗ ਨੂੰ ਸਰਦ ਰਾਤ ਵਿਚ ਉਨ੍ਹਾਂ ਦੇ ਘਰ ਲਿਆਂਦਾ ਗਿਆ ਹੈ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਸਨੀ ਹੁੰਦਲ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ। ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਹਸਪਤਾਲ ਵਾਲੇ ਕੱਪੜਿਆਂ ਵਿਚ ਇਕ ਬਜ਼ੁਰਗ ਬੰਦਾ ਤੁਹਾਡੇ ਘਰ ਦੇ ਬਾਹਰ ਪੁੱਜ ਜਾਂਦਾ ਹੈ ਅਤੇ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਹੈ? ਦੂਜੇ ਪਾਸੇ ਸਨੀ ਹੁੰਦਲ ਦੀ ਪਤਨੀ ਨੇ ਅਟੈਂਡੈਂਟਸ ਨੂੰ ਮਰੀਜ਼ ਦਾ ਬਰੈਸਲੈਟ ਚੈਕ ਕਰਨ ਵਾਸਤੇ ਆਖਿਆ ਅਤੇ ਜਦੋਂ ਗੌਰ ਨਾਲ ਦੇਖਿਆ ਗਿਆ ਤਾਂ ਘਰ ਦੇ ਬਾਹਰ ਮੌਜੂਦ ਮਰੀਜ਼ ਦਾ ਗੋਤ ਵੀ ਹੁੰਦਲ ਸੀ। ਉਧਰ ਫ਼ਰੇਜ਼ਰ ਹੈਲਥ ਨੂੰ ਗੈਰ ਐਮਰਜੰਸੀ ਵਾਲੇ ਮਰੀਜ਼ ਤਬਦੀਲ ਕਰਨ ਦੀਆਂ ਸੇਵਾਵਾਂ ਦੇ ਰਹੀ ਕੰਪਨੀ ਹੌਸਪੀਟਲ ਟ੍ਰਾਂਸਫ਼ਰਜ਼ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ 22 ਦਸੰਬਰ ਨੂੰ ਇਕੋ ਜਿਹੇ ਨਾਂ ਵਾਲੇ ਦੋ ਮਰੀਜ਼ਾਂ ਨੂੰ ਘਰ ਪਹੁੰਚਾਉਣ ਦੀ ਗੁਜ਼ਾਰਿਸ਼ ਮਿਲੀ ਸੀ।
ਸਨੀ ਹੁੰਦਲ ਦੇ ਘਰ ਭੇਜਿਆ ਕਿਸੇ ਹੋਰ ਹੁੰਦਲ ਪਰਵਾਰ ਦਾ ਬਜ਼ੁਰਗ
ਹੌਸਪੀਟਲ ਟ੍ਰਾਂਸਫਰਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਕੌਲਿਨ ਡੇਵਿਸ ਨੇ ਦੱਸਿਆ ਕਿ ਹਸਪਤਾਲ ਵਿਚੋਂ ਮਰੀਜ਼ ਨੂੰ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਉਸ ਦਾ ਨਾਂ ਅਤੇ ਗੋਤ ਦਸਤਾਵੇਜ਼ਾਂ ਨਾਲ ਮੇਲ ਖਾ ਰਹੇ ਸਨ ਪਰ ਮਰੀਜ਼ ਦੇ ਪਰਸਨਲ ਹੈਲਥ ਨੰਬਰ ਦੀ ਤਸਦੀਕ ਨਾ ਕੀਤੀ ਗਈ। ਕੰਪਨੀ ਨੇ ਮੰਨਿਆ ਕਿ ਸਨੀ ਹੁੰਦਲ ਦੇ ਘਰ ਮਰੀਜ਼ ਪੁੱਜਣ ਦੌਰਾਨ ਹੀ ਕੋਤਾਹੀ ਬਾਰੇ ਅਹਿਸਾਸ ਹੋ ਗਿਆ ਅਤੇ ਅਟੈਂਡੈਂਟਸ ਨੇ ਮੁੜ ਹਸਪਤਾਲ ਵਿਚ ਸੰਪਰਕ ਕਰਦਿਆਂ ਅਸਲ ਪਤਾ ਹਾਸਲ ਕਰ ਕੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿਤਾ। ਹੌਸਪੀਟਲ ਟ੍ਰਾਂਸਫਰਜ਼ ਦਾ ਕਹਿਣਾ ਹੈ ਕਿ ਘਟਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮਰੀਜ਼ਾਂ ਦੀ ਪਛਾਣ ਨਾਲ ਸਬੰਧਤ ਮੁਕੰਮਲ ਵੇਰਵਿਆਂ ਦੀ ਤਸਦੀਕ ਲਾਜ਼ਮੀ ਕਰਾਰ ਦਿਤੀ ਗਈ ਹੈ। ਉਧਰ ਸਨੀ ਹੁੰਦਲ ਮੁਤਾਬਕ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਘਰ ਪੁੱਜੇ ਮਰੀਜ਼ ਦੇ ਪਰਵਾਰਕ ਮੈਂਬਰ ਇਸ ਡਰਾਮੇ ਬਾਰੇ ਜਾਣਦੇ ਹਨ ਜਾਂ ਨਹੀਂ। ਪਰ ਉਮੀਦ ਹੈ ਕਿ ਬਜ਼ੁਰਗ ਦੇ ਪਰਵਾਰਕ ਮੈਂਬਰਾਂ ਨੂੰ 22 ਦਸੰਬਰ ਦੀ ਘਟਨਾ ਬਾਰੇ ਇਤਲਾਹ ਦਿਤੀ ਗਈ ਹੋਵੇਗੀ। ਕੁਲ ਮਿਲਾ ਕੇ ਸਾਰੇ ਘਟਨਾਕ੍ਰਮ ਤੋਂ ਬਾਅਦ ਸਨੀ ਹੁੰਦਲ ਦੇ ਪਿਤਾ ਨੂੰ 23 ਦਸੰਬਰ ਦੀ ਸਵੇਰ ਹੀ ਹਸਪਤਾਲ ਤੋਂ ਘਰ ਪਹੁੰਚਾਇਆ ਜਾ ਸਕਿਆ। ਸਨੀ ਹੁੰਦਲ ਨੇ ਇਹ ਵੀ ਕਿਹਾ ਕਿ ਉਹ ਹਸਪਤਾਲ ਦੇ ਸਟਾਫ਼ ਨੂੰ ਕੋਈ ਦੋਸ਼ ਨਹੀਂ ਦੇ ਰਹੇ ਪਰ ਘਟਨਾ ਨੇ ਉਨ੍ਹਾਂ ਦੇ ਪਰਵਾਰ ਨੂੰ ਝੰਜੋੜ ਕੇ ਰੱਖ ਦਿਤਾ।


