ਕੈਨੇਡਾ ਵਿਚ ਮਹਿੰਗਾਈ ਦਰ ਮੁੜ ਵਧੀ
ਮਹਿੰਗਾਈ ਦਰ ਵਿਚ ਮੁੜ ਵਾਧਾ ਵਿਆਜ ਦਰਾਂ ਘਟਾਉਣ ਦੇ ਰਾਹ ਵਿਚ ਅੜਿੱਕਾ ਬਣ ਗਿਆ ਹੈ। ਗਰੌਸਰੀ ਅਤੇ ਸਰਵਿਸਿਜ਼ ਮਹਿੰਗੀਆਂ ਹੋਣ ਕਰ ਕੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਵਧ ਕੇ 2.9 ਫੀ ਸਦੀ ਹੋ ਗਈ
By : Upjit Singh
ਟੋਰਾਂਟੋ, 26 ਜੂਨ : ਮਹਿੰਗਾਈ ਦਰ ਵਿਚ ਮੁੜ ਵਾਧਾ ਵਿਆਜ ਦਰਾਂ ਘਟਾਉਣ ਦੇ ਰਾਹ ਵਿਚ ਅੜਿੱਕਾ ਬਣ ਗਿਆ ਹੈ। ਗਰੌਸਰੀ ਅਤੇ ਸਰਵਿਸਿਜ਼ ਮਹਿੰਗੀਆਂ ਹੋਣ ਕਰ ਕੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਵਧ ਕੇ 2.9 ਫੀ ਸਦੀ ਹੋ ਗਈ ਜੋ ਅਪ੍ਰੈਲ ਦੌਰਾਨ 2.7 ਫੀ ਸਦੀ ਦਰਜ ਕੀਤੀ ਗਈ ਸੀ। ਦੂਜੇ ਪਾਸੇ ਜੁਲਾਈ ਵਿਚ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਹੈ ਅਤੇ ਸਭ ਦੀਆਂ ਨਜ਼ਰਾਂ ਇਸ ’ਤੇ ਲੱਗੀਆਂ ਹੋਈਆਂ ਹਨ। ਸਟੈਟਕੈਨ ਦੇ ਅੰਕੜਿਆਂ ਮੁਤਾਬਕ ਸਾਲਾਨਾ ਆਧਾਰ ’ਤੇ ਗਰੌਸਰੀ ਕੀਮਤਾਂ ਵਿਚ 1.5 ਫੀ ਸਦੀ ਵਾਧਾ ਹੋਇਆ ਜਦਕਿ ਮਕਾਨ ਕਿਰਾਏ, ਮੋਬਾਇਲ ਬਿਲ ਅਤੇ ਏਅਰ ਟ੍ਰਾਂਸਪੋਰਟੇਸ਼ਨ ਵੀ ਮਹਿੰਗੇ ਹੋ ਗਏ। ਖਾਣ-ਪੀਣ ਵਾਲੀਆਂ ਚੀਜ਼ਾਂ ਵਿਚੋਂ ਸਭ ਤੋਂ ਜ਼ਿਆਦਾ ਤਾਜ਼ੇ ਫਲ, ਸਬਜ਼ੀਆਂ, ਮੀਟ ਅਤੇ ਬਗੈਰ ਐਲਕੌਹਲ ਵਾਲੇ ਡ੍ਰਿੰਕਸ ਮਹਿੰਗੇ ਹੋਏ।
ਵਿਆਜ ਦਰਾਂ ਵਿਚ ਕਟੌਤੀ ਦੇ ਰਾਹ ’ਚ ਪੈਦਾ ਹੋਇਆ ਅੜਿੱਕਾ
ਕੈਪੀਟਲ ਇਕਨੌਮਿਕਸ ਦੇ ਸਟੀਫਨ ਬ੍ਰਾਊਨ ਨੇ ਦੱਸਿਆ ਕਿ ਆਵਾਜਾਈ ਖਰਚਿਆਂ ਵਿਚ ਹੋਇਆ ਵਾਧਾ ਜੂਨ ਵਿਚ ਜ਼ਿਆਦਾ ਦਬਾਅ ਨਹੀਂ ਪਾਵੇਗਾ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵੀ ਹੋਰ ਉਪਰ ਜਾਣ ਦੇ ਆਸਾਰ ਨਹੀਂ। ਇਹ ਸਾਰੇ ਸੰਕੇਤ ਖੁਰਾਕੀ ਵਸਤਾਂ ਨਾਲ ਸਬੰਧਤ ਮਹਿੰਗਾਈ ਦਰ ਕਾਬੂ ਹੇਠ ਰਹਿਣ ਵੱਲ ਇਸ਼ਾਰਾ ਕਰ ਰਹੇ ਹਨ। ਦੂਜੇ ਪਾਸੇ ਗੈਸੋਲੀਨ ਦੀਆਂ ਕੀਮਤਾਂ ਮਹੀਨਾਵਾਰ ਆਧਾਰ ’ਤੇ ਅਪ੍ਰੈਲ ਦੇ ਮੁਕਾਬਲੇ ਮਈ ਦੌਰਾਨ 1.3 ਫੀ ਸਦੀ ਘੱਟ ਰਹੀਆਂ। ਮਕਾਨ ਕਿਰਾਇਆਂ ਵਿਚ 8.9 ਫੀ ਸਦੀ ਵਾਧਾ ਦਰਜ ਕੀਤਾ ਗਿਆ ਅਤੇ ਮਹਿੰਗਾਈ ਦਰ ਵਧਣ ਵਿਚ ਇਸ ਅੰਕੜੇ ਦਾ ਸਭ ਵੱਧ ਯੋਗਦਾਨ ਰਿਹਾ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਮੌਜੂਦਾ ਵਰ੍ਹੇ ਦੌਰਾਨ ਮਹਿੰਗਾਈ ਤਿੰਨ ਫੀ ਸਦੀ ਤੋਂ ਹੇਠਾਂ ਹੀ ਰਹੀ ਅਤੇ ਜ਼ਿਆਦਾਤਰ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਮਹਿੰਗਾਈ ਦਰ ਬੇਕਾਬੂ ਹੋਣ ਦੇ ਆਸਾਰ ਨਹੀਂ। ਹੁਣ ਸਭ ਤੋਂ ਵੱਡਾ ਸਵਾਲ ਇਹ ਉਠਦਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਮਹਿੰਗਾਈ ਦਰ ਦੇ ਤਾਜ਼ਾ ਅੰਕੜੇ ਨੂੰ ਕਿਸ ਤਰੀਕੇ ਨਾਲ ਵੇਖਦਾ ਹੈ। ਵਿੰਨੀਪੈਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਜੇ ਮਹਿੰਗਾਈ ਦਰ ਕੇਂਦਰੀ ਬੈਂਕ ਦੇ ਪੈਮਾਨੇ ਮੁਤਾਬਕ ਰਹਿੰਦੀ ਹੈ ਤਾਂ ਵਿਆਜ ਦਰਾਂ ਵਿਚ ਮੁੜ ਕਟੌਤੀ ਜਾਇਜ਼ ਮੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਘਟਾਉਣ ਦਾ ਇੱਛਕ ਹੈ ਪਰ ਕਾਹਲ ਵਿਚ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ।