ਕੈਨੇਡਾ ’ਚ ਭਾਰਤੀ ਮੁਟਿਆਰ ਨੇ ਕੁੱਟੇ 5 ਬੱਚੇ!
ਕੈਨੇਡਾ ਦੇ ਡੇਅ ਕੇਅਰ ਵਿਚ ਕੰਮ ਕਰਦੀ ਭਾਰਤੀ ਮੁਟਿਆਰ ਨੂੰ ਪੰਜ ਬੱਚਿਆਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਡਮਿੰਟਨ/ ਮਾਰਖਮ : ਕੈਨੇਡਾ ਦੇ ਡੇਅ ਕੇਅਰ ਵਿਚ ਕੰਮ ਕਰਦੀ ਭਾਰਤੀ ਮੁਟਿਆਰ ਨੂੰ ਪੰਜ ਬੱਚਿਆਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਮਿੰਟਨ ਦੇ ਪੂਰਬ ਵੱਲ ਸ਼ਰਵੁੱਡ ਪਾਰਕ ਵਿਖੇ ਸਥਿਤ ਡੇਅ ਕੇਅਰ ਵਿਚ ਬੱਚਿਆਂ ਦੀ ਕਥਿਤ ਕੁੱਟਮਾਰ ਦੇ ਮਾਮਲੇ 17 ਮਾਰਚ ਤੋਂ 3 ਅਪ੍ਰੈਲ ਦਰਮਿਆਨ ਸਾਹਮਣੇ ਆਏ। ਸਟ੍ਰੈਥਕੌਨਾ ਕਾਊਂਟੀ ਦੀ ਆਰ.ਸੀ.ਐਮ.ਪੀ. ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੀੜਤ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਅੱਠ ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਕੁੱਟਮਾਰ ਦੇ ਸ਼ਿਕਾਰ ਬੱਚੇ ਨੂੰ ਕੋਈ ਗੰਭੀਰ ਸੱਟ ਨਹੀਂ ਵੱਜੀ ਅਤੇ ਕਿਸੇ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਜ਼ਰੂਰਤ ਨਾ ਪਈ।
ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ
ਭਾਰਤੀ ਮੁਟਿਆਰ ਦੀ ਦੀ ਸ਼ਨਾਖਤ 21 ਸਾਲ ਦੀ ਨਵਮ ਸ਼ਰਮਾ ਵਜੋਂ ਕੀਤੀ ਗਈ ਜੋ ਐਡਮਿੰਟਨ ਦੀ ਵਸਨੀਕ ਹੈ। ਕੁੱਟ ਮਾਰ ਦੇ ਪੰਜ ਦੋਸ਼ ਆਇਦ ਕੀਤੇ ਜਾਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਸ਼ਰਤਾਂ ਦੇ ਆਧਾਰ ’ਤੇ ਰਿਹਾਅ ਕਰ ਦਿਤਾ। ਸ਼ਰਵੁੱਡ ਪਾਰਕ ਦੀ ਅਦਾਲਤ ਵਿਚ ਨਵਮ ਸ਼ਰਮਾ ਦੀ ਪੇਸ਼ੀ 9 ਜੁਲਾਈ ਨੂੰ ਹੋਵੇਗੀ। ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿਚ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਸਟ੍ਰੈਥਕੌਨਾ ਕਾਊਂਟੀ ਦੀ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 780 467 7741 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਉਨਟਾਰੀਓ ਦੀ ਯਾਰਕ ਰੀਜਨਲ ਪੁਲਿਸ ਵੱਲੋਂ ਮਾਰਖਮ ਦੇ ਇਕ ਘਰ ਵਿਚ ਪਏ ਡਾਕੇ ਦੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਪੰਜ ਸ਼ੱਕੀਆਂ ਨੂੰ ਘਰ ਵਿਚੋਂ ਬਾਹਰ ਨਿਕਲਦਿਆਂ ਦੇਖਿਆ ਜਾ ਸਕਦਾ ਹੈ।
ਮਾਰਖਮ ਦੇ ਘਰ ਵਿਚ ਦਾਖਲ ਹੋਏ 5 ਡਕੈਤ, ਵੀਡੀਓ ਜਾਰੀ
ਪੁਲਿਸ ਨੇ ਦੱਸਿਆ ਕਿ ਰਿਵਰਬੈਂਡ ਰੋਡ ਅਤੇ ਕੈਂਪਬੈਲ ਕੋਰਟ ਇਲਾਕੇ ਵਿਚ 22 ਜੂਨ ਨੂੰ ਸਵੇਰੇ ਤਕਰੀਬਨ ਪੌਣੇ ਪੰਜ ਵਜੇ ਲੁਟੇਰਿਆਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਪਿਛਲੇ ਹਿੱਸੇ ਵਿਚ ਲੱਗਿਆ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ। ਸ਼ੱਕੀਆਂ ਨੇ ਨਕਦੀ ਅਤੇ ਗਹਿਣਿਆਂ ਦੀ ਮੰਗ ਕਰਦਿਆਂ ਘਰ ਵਿਚ ਰਹਿੰਦੇ ਪਰਵਾਰ ਦੇ ਇਕ ਮੈਂਬਰ ਦੀ ਕੁੱਟਮਾਰ ਕੀਤੀ ਅਤੇ ਇਸ ਮਗਰੋਂ ਘਰ ਦੇ ਮਾਲਕ ਦੀ ਲੈਕਸਸ ਗੱਡੀ ਲੈ ਕੇ ਫਰਾਰ ਹੋ ਗਏ। ਸਰਵੇਲੈਂਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪੰਜ ਸ਼ੱਕੀ ਕੁਝ ਚੀਜ਼ਾਂ ਲੈ ਕੇ ਬਾਹਰ ਨਿਕਲਦੇ ਹਨ ਅਤੇ ਚਿੱਟੇ ਰੰਗ ਦੀ ਗੱਡੀ ਵਿਚ ਬੈਠ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਮੁਤਾਬਕ ਸ਼ੱਕੀਆਂ ਨੇ ਕਾਲੇ ਕੱਪੜੇ ਅਤੇ ਨਕਾਬ ਪਾਏ ਹੋਏ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਹੋਲਡ ਅੱਪ ਯੂਨਿਟ ਦੇ ਜਾਂਚਕਰਤਾਵਾਂ ਨਾਲ 1866 876 5423 ’ਤੇ ਸੰਪਰਕ ਕੀਤਾ ਜਾ ਸਕਦਾ ਹੈ।