ਕੈਨੇਡਾ ਵਿਚ ਭਾਰਤੀ ਪਰਵਾਰ ਦਾ ਰੈਸਟੋਰੈਂਟ ਸਾੜਿਆ
ਸਕਾਰਬ੍ਰੋਅ ਵਿਖੇ ਭਾਰਤੀ ਪਰਵਾਰ ਦੇ ਰੈਸਟੋਰੈਂਟ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਟੋਰਾਂਟੋ ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ।

By : Upjit Singh
ਟੋਰਾਂਟੋ : ਸਕਾਰਬ੍ਰੋਅ ਵਿਖੇ ਭਾਰਤੀ ਪਰਵਾਰ ਦੇ ਰੈਸਟੋਰੈਂਟ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਟੋਰਾਂਟੋ ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਟੋਰਾਂਟੋ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਐਮਰਜੰਸੀ ਕਾਮੇ ਮੌਕੇ ’ਤੇ ਪੁੱਜੇ ਤਾਂ ਹਰ ਪਾਸੇ ਅੱਗ ਹੀ ਅੱਗ ਨਜ਼ਰ ਆ ਰਹੀ ਸੀ। ਕੈਨੇਡੀ ਰੋਡ ਨੇੜੇ ਲਾਰੈਂਸ ਐਵੇਨਿਊ ਈਸਟ ਵਿਖੇ ਸਥਿਤ ਸ਼ਾਜ਼ ਇੰਡੀਅਨ ਕਿਊਜ਼ੀਨ ਦੇ ਸਟਾਫ਼ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਕੁਝ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ। ਉਧਰ ਸ਼ੱਕੀਆਂ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੁਝ ਜਣੇ ਆਏ ਅਤੇ ਧੱਕਾ ਮਾਰ ਕੇ ਫਰੰਟ ਡੋਰ ਖੋਲ੍ਹਣ ਮਗਰੋਂ ਗੈਸੋਲੀਨ ਛਿੜਕਣ ਲੱਗੇ। ਇਸ ਮਗਰੋਂ ਉਨ੍ਹਾਂ ਨੇ ਰੈਸਟੋਰੈਂਟ ਨੂੰ ਅੱਗ ਦੇ ਹਵਾਲੇ ਕਰ ਦਿਤਾ ਅਤੇ ਫਰਾਰ ਹੋ ਗਏ।
3 ਸ਼ੱਕੀਆਂ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ
ਤਕਰੀਬਨ ਤਿੰਨ ਸ਼ੱਕੀਆਂ ਨੇ ਬਲੈਕ ਹੂਡੀਜ਼ ਪਾਈਆਂ ਹੋਈਆਂ ਸਨ ਅਤੇ ਨੇੜੇ ਹੀ ਖੜ੍ਹੀ ਇਕ ਗੱਡੀ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਜਾਣ ਤੋਂ ਪਹਿਲਾਂ ਸ਼ੱਕੀਆਂ ਨੇ ਅੱਗ ਦੀ ਵੀਡੀਓ ਵੀ ਬਣਾਈ ਅਤੇ ਸੈਲਫ਼ੀਆਂ ਵੀ ਖਿੱਚੀਆਂ। ਅਗਜ਼ਨੀ ਦੀ ਵਾਰਦਾਤ ਦੌਰਾਨ ਅੰਦਰ ਮੌਜੂਦ ਮੁਲਾਜ਼ਮ ਕਿਸੇ ਤਰੀਕੇ ਨਾਲ ਬਾਹਰ ਨਿਕਲਣ ਵਿਚ ਸਫ਼ਲ ਰਹੇ ਅਤੇ ਕੋਈ ਜ਼ਖਮੀ ਨਹੀਂ ਹੋਇਆ। ਟੋਰਾਂਟੋ ਪੁਲਿਸ ਨੇ ਤਸਦੀਕ ਕਰ ਦਿਤੀ ਕਿ ਅਗਜ਼ਨੀ ਦੇ ਸ਼ੱਕੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਘੱਟੋ ਘੱਟੋ ਤਿੰਨ ਸ਼ੱਕੀ ਲੋੜੀਂਦੇ ਹਨ। ਆਖਰੀ ਵਾਰ ਦੇਖੇ ਜਾਣ ਵੇਲੇ ਉਨ੍ਹਾਂ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ਵੀ ਢਕੇ ਹੋਏ ਸਨ। ਸ਼ਾਜ਼ ਇੰਡੀਅਨ ਕਿਊਜ਼ੀਨ ਦੇ ਮਾਲਕ ਅਤੇ ਬਰੈਂਡ ਮੈਨੇਜਰ ਸ਼ਹਾਬੂਦੀਨ ਸ਼ੇਖ ਦੱਸਿਆ ਕਿ ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਰੈਸਟੋਰੈਂਟ ਦੀ ਉਸਾਰੀ ਕਰਨੀ ਹੋਵੇਗੀ ਪਰ ਯਕੀਨੀ ਤੌਰ ’ਤੇ ਇਹ ਦੱਸਣਾ ਮੁਸ਼ਕਲ ਹੈ ਕਿ ਰੈਸਟੋਰੈਂਟ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ।
ਰੈਸਟੋਰੈਂਟ ਅੰਦਰ ਮੌਜੂਦ ਮੁਲਾਜ਼ਮ ਵਾਲ-ਵਾਲ ਬਚੇ
ਗੁੱਸੇ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਅੰਦਰ ਮਨੁੱਖਤਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਸਕਾਰਬ੍ਰੋਅ ਵਿਚ ਜੋ ਵਾਪਰ ਰਿਹਾ ਹੈ, ਖਾਸ ਤੌਰ ’ਤੇ ਸਾਡੇ ਰੈਸਟੋਰੈਂਟ ਵਿਚ ਵਾਪਰੀ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਬੇਹੱਦ ਅਸੁਰੱਖਿਅਤ ਹਾਂ। ਉਨ੍ਹਾਂ ਦੱਸਿਆ ਕਿ ਸ਼ੈਪਰਡ ਐਵੇਨਿਊ ਇਲਾਕੇ ਵਿਚ ਵੀ ਇਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਦੋਹਾਂ ਵਾਰਦਾਤਾਂ ਦੇ ਸਬੰਧਤ ਹੋਣ ਬਾਰੇ ਸਪੱਸ਼ਟ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਦੱਸ ਦੇਈਏ ਕਿ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਮਗਰੋਂ ਹੁਣ ਰੈਸਟੋਰੈਂਟਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


