ਬਰੈਂਪਟਨ ਰਹਿੰਦੇ ਭਾਰਤੀ ਪਰਵਾਰ ਨੂੰ ਆਇਆ 96 ਹਜ਼ਾਰ ਡਾਲਰ ਦਾ ਬਿਲ
ਕੈਨੇਡਾ ਰਹਿੰਦਾ ਭਾਰਤੀ ਮੂਲ ਦਾ ਪਰਵਾਰ ਵੱਡੀ ਆਰਥਿਕ ਸਮੱਸਿਆ ਵਿਚ ਘਿਰ ਗਿਆ ਜਦੋਂ ਸੁਪਰ ਵੀਜ਼ਾ ’ਤੇ ਬਰੈਂਪਟਨ ਪੁੱਜੀ 88 ਸਾਲ ਦੀ ਬਜ਼ੁਰਗ ਔਰਤ ਗੰਭੀਰ ਬਿਮਾਰ ਹੋ ਗਈ

ਬਰੈਂਪਟਨ : ਕੈਨੇਡਾ ਰਹਿੰਦਾ ਭਾਰਤੀ ਮੂਲ ਦਾ ਪਰਵਾਰ ਵੱਡੀ ਆਰਥਿਕ ਸਮੱਸਿਆ ਵਿਚ ਘਿਰ ਗਿਆ ਜਦੋਂ ਸੁਪਰ ਵੀਜ਼ਾ ’ਤੇ ਬਰੈਂਪਟਨ ਪੁੱਜੀ 88 ਸਾਲ ਦੀ ਬਜ਼ੁਰਗ ਔਰਤ ਗੰਭੀਰ ਬਿਮਾਰ ਹੋ ਗਈ ਅਤੇ ਹਸਪਤਾਲ ਨੇ 96 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਬਿਲ ਬਣਾ ਦਿਤਾ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਬਰੈਂਪਟਨ ਨਾਲ ਸਬੰਧਤ ਜੋਸਫ਼ ਕ੍ਰਿਸਟੀ ਆਪਣੇ ਮਾਤਾ ਜੀ ਨੂੰ ਵੀਜ਼ਾ ਮਿਲਣ ’ਤੇ ਬਹੁਤ ਖੁਸ਼ ਹੋਇਆ ਪਰ ਕੈਨੇਡਾ ਪੁੱਜਦਿਆਂ ਹੀ ਖੰਘ, ਸਾਹ ਲੈਣ ਵਿਚ ਤਕਲੀਫ਼ ਅਤੇ ਬੁਖਾਰ ਵਰਗੀਆਂ ਅਲਾਮਤਾਂ ਨੇ ਘੇਰ ਲਿਆ। ਇਸੇ ਦੌਰਾਨ ਜੋਸਫ਼ ਦੇ ਮਾਤਾ ਜੀ ਆਪਣੀ ਬੇਟੀ ਨੂੰ ਮਿਲਣ ਹੈਮਿਲਟਨ ਚਲੇ ਗਏ ਜਿਥੇ ਤਬੀਅਤ ਹੋਰ ਵਿਗੜਨ ਮਗਰੋਂ ਹਸਪਤਾਲ ਦਾਖਲ ਕਰਵਾਉਣਾ ਪਿਆ।
ਸੁਪਰ ਵੀਜ਼ਾ ’ਤੇ ਆਈ ਬਜ਼ੁਰਗ ਹੋਈ ਗੰਭੀਰ ਬਿਮਾਰੀ
ਭਾਰਤੀ ਮੂਲ ਦੇ ਪਰਵਾਰ ਨੇ ਬੇਸਿਕ ਸੁਪਰ ਵੀਜ਼ਾ ਟ੍ਰੈਵਲ ਇੰਸ਼ੋਰੈਂਸ ਖਰੀਦਿਆ ਹੋਇਆ ਸੀ ਪਰ ਇਲਾਜ ਮਗਰੋਂ ਸਾਹਮਣੇ ਆਇਆ ਕਿ ਬੀਮਾ ਹੋਣ ਤੋਂ ਪਹਿਲਾਂ ਹੀ ਬਜ਼ੁਰਗ ਔਰਤ ਬਿਮਾਰ ਸਨ ਜਿਸ ਦੇ ਮੱਦੇਨਜ਼ਰ ਬੀਮੇ ਦਾ ਦਾਅਵਾ ਰੱਦ ਹੋ ਗਿਆ। ਪਰਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਹਾਲਾਤ ਵਿਚ ਬੀਮੇ ਦਾ ਦਾਅਵਾ ਨਹੀਂ ਮਿਲ ਸਕਦਾ ਜਦੋਂ ਸਬੰਧਤ ਸ਼ਖਸ ਪਹਿਲਾਂ ਵੀ ਇਸ ਕਿਸਮ ਦੇ ਹਾਲਾਤ ਵਿਚੋਂ ਲੰਘ ਚੁੱਕਾ ਹੋਵੇ। ਬੀਮਾ ਕਰਨ ਵਾਲੀ ਕੰਪਨੀ ਮੈਨਿਊਲਾਈਫ਼ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਹਸਪਤਾਲ ਦਾ ਬਿਲ ਪਰਵਾਰ ਨੂੰ ਆਪਣੀ ਜੇਬ ਵਿਚੋਂ ਦੇਣਾ ਹੋਵੇਗਾ ਜੋ 96,311 ਡਾਲਰ ਬਣਦਾ ਸੀ। ਬੀਮਾ ਕਰਨ ਵੇਲੇ ਭਾਰਤੀ ਪਰਵਾਰ ਤੋਂ ਕਿਸੇ ਕਿਸਮ ਦੇ ਸਵਾਲ ਨਹੀਂ ਸਨ ਪੁੱਛੇ ਗਏ ਅਤੇ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਕੀ ਕੀਤਾ ਜਾਵੇ। ਇਕ ਟਰੈਵਲ ਇੰਸ਼ੋਰੈਂਸ ਕੰਪਨੀ ਪ੍ਰੈਜ਼ੀਡੈਂਟ ਮਾਰਟਿਨ ਫਾਇਰਸਟੋਨ ਨੇ ਦੱਸਿਆ ਕਿ ਬੇਸਿਕ ਪਲੈਨ ਵਿਚ ਸਿਹਤ ਨਾਲ ਸਬੰਧਤ ਕੋਈ ਸਵਾਲ ਨਹੀਂ ਹੁੰਦਾ ਅਤੇ ਮਸਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੀਮੇ ਰਕਮ ਦਾ ਦਾਅਵਾ ਕੀਤਾ ਜਾਂਦਾ ਹੈ। ਫਾਇਰਸਟੋਨ ਦਾ ਕਹਿਣਾ ਸੀ ਕਿ ਸ਼ਰਤਾਂ ਪੜ੍ਹਨੀਆਂ ਬੇਹੱਦ ਲਾਜ਼ਮੀ ਹਨ ਅਤੇ ਜੇ ਇਨ੍ਹਾਂ ਵਿਚ ਲਿਖਿਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਕਿਸੇ ਸਿਹਤ ਸਮੱਸਿਆ ਨੂੰ ਕਵਰ ਨਹੀਂ ਕੀਤਾ ਜਾਵੇ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।
ਬੀਮਾ ਕੰਪਨੀ ਆਖਰਕਾਰ ਅਦਾਇਗੀ ਕਰਨ ਲਈ ਮੰਨੀ
ਇਸੇ ਦੌਰਾਨ ਸੀ.ਟੀ.ਵੀ. ਵੱਲੋਂ ਮੈਨਿਊਲਾਈਫ਼ ਨਾਲ ਸੰਪਰਕ ਕੀਤਾ ਗਿਆ ਤਾਂ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕਈ ਵਾਰ ਵਿਲੱਖਣ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਮੈਡੀਕਲ ਫਾਈਲ ਦੀ ਵਿਆਖਿਆ ਬੀਮਾ ਕੌਂਟਰੈਕਟ ਨਾਲ ਮੇਲ ਨਹੀਂ ਖਾਂਦੀ। ਇਸ ਮਾਮਲੇ ’ਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਮਗਰੋਂ ਪੂਰਾ ਮੈਡੀਕਲ ਬਿਲ ਅਦਾ ਕਰਨ ਦੀ ਹਾਮੀ ਭਰ ਦਿਤੀ ਗਈ। ਬੀਮਾ ਕੰਪਨੀ ਦੇ ਹਾਮੀ ਭਰਨ ਮਗਰੋਂ ਭਾਰਤੀ ਮੂਲ ਦੇ ਪਰਵਾਰ ਨੇ ਸੁਖ ਦਾ ਸਾਹ ਲਿਆ ਪਰ ਇਸ ਪ੍ਰਕਿਰਿਆ ਨੂੰ ਪੂਰਾ ਹੁੰਦਿਆਂ ਕਾਫ਼ੀ ਸਮਾਂ ਵੀ ਲੱਗਾ। ਮੈਨਿਊਲਾਈਫ਼ ਨੇ ਕਿਹਾ ਕਿ ਸਿਹਤ ਨਾਲ ਸਬੰਧਤ ਕੁਝ ਸਵਾਲਾਂ ਨੂੰ ਸਮਝਣਾ ਆਮ ਇਨਸਾਨ ਵਾਸਤੇ ਮੁਸ਼ਕਲ ਹੋ ਸਕਦਾ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਸਪੱਸ਼ਟੀਕਰਨ ਵਾਸਤੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।