ਕੈਨੇਡਾ ਛੱਡਣ ਲੱਗੇ ਭਾਰਤੀ ਪਰਵਾਰ
ਕੈਨੇਡਾ ਵਿਚ ਨਿੱਤ ਗੋਲੀਆਂ ਚੱਲਣ, ਲੁਟੇਰਿਆਂ ਦੇ ਘਰਾਂ ਵਿਚ ਦਾਖਲ ਹੋਣ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਕਈ ਭਾਰਤੀ ਪਰਵਾਰਾਂ ਨੇ ਸਦਾ ਵਾਸਤੇ ਮੁਲਕ ਛੱਡਣ ਦਾ ਫੈਸਲਾ ਕਰ ਲਿਆ ਹੈ

By : Upjit Singh
ਵੈਨਕੂਵਰ : ਕੈਨੇਡਾ ਵਿਚ ਨਿੱਤ ਗੋਲੀਆਂ ਚੱਲਣ, ਲੁਟੇਰਿਆਂ ਦੇ ਘਰਾਂ ਵਿਚ ਦਾਖਲ ਹੋਣ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਕਈ ਭਾਰਤੀ ਪਰਵਾਰਾਂ ਨੇ ਸਦਾ ਵਾਸਤੇ ਮੁਲਕ ਛੱਡਣ ਦਾ ਫੈਸਲਾ ਕਰ ਲਿਆ ਹੈ। ਜੀ ਹਾਂ, ਬੀ.ਸੀ. ਦੇ ਨਨਾਇਮੋ ਸ਼ਹਿਰ ਵਿਚ ਗਰੌਸਰੀ ਸਟੋਰ ਚਲਾ ਰਵੀ ਪਟੇਲ ਅਤੇ ਸਰਿਤਾ ਪਟੇਲ ਕੈਨੇਡਾ ਛੱਡਣ ਦਾ ਐਲਾਨ ਕਰਨ ਵਾਲਿਆਂ ਵਿਚੋਂ ਇਕ ਹਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਰਵੀ ਅਤੇ ਸਰਿਤਾ ਸੱਤ ਸਾਲ ਪਹਿਲਾਂ ਕੈਨੇਡਾ ਪੁੱਜੇ ਸਨ ਅਤੇ ਕਰੜੀ ਮਿਹਨਤ ਕਰਦਿਆਂ ਸਟੋਰ ਖਰੀਦਣ ਵਿਚ ਕਾਮਯਾਬ ਹੋ ਗਏ ਪਰ ਚੋਰ-ਲੁਟੇਰਿਆਂ ਨੇ ਕੰਨਾਂ ਨੂੰ ਹੱਥ ਲਵਾ ਦਿਤੇ। ਨਨਾਇਮੋ ਦੀ ਐਲਬਰਟ ਸਟ੍ਰੀਟ ਅਤੇ ਮਿਲਟਨ ਸਟ੍ਰੀਟ ਦੇ ਕੋਨੇ ’ਤੇ ਬਣੇ ਸਟੋਰ ਨੂੰ ਚੋਰਾਂ ਨੇ ਸੰਭਾਵਤ ਤੌਰ ’ਤੇ ਪੱਕਾ ਟਿਕਾਣਾ ਬਣਾ ਲਿਆ ਹੈ।
ਚੋਰ-ਲੁਟੇਰਿਆਂ ਨੇ ਕਰ ਦਿਤੇ ਬਰਬਾਦ
ਚੋਰੀਆਂ ਰੋਕਣ ਦੇ ਇਰਾਦੇ ਨਾਲ ਰਵੀ ਪਟੇਲ 35 ਕੈਮਰੇ ਲਗਵਾ ਚੁੱਕੇ ਹਨ ਪਰ ਚੋਰਾਂ ਉਤੇ ਕੋਈ ਅਸਰ ਨਹੀਂ। ਸਿਰਫ਼ ਐਨਾ ਹੀ ਨਹੀਂ ਰਵੀ ਪਟੇਲ ਨੇ 20 ਹਜ਼ਾਰ ਡਾਲਰ ਖਰਚ ਕਰਦਿਆਂ ਸਟੋਰ ਦੁਆਲੇ ਛੇ ਫੁੱਟ ਉਚੀ ਫੈਂਸ ਖੜ੍ਹੀ ਕਰ ਦਿਤੀ ਪਰ ਇਹ ਵੀ ਚੋਰ-ਲੁਟੇਰਿਆਂ ਨੂੰ ਰੋਕ ਨਾ ਸਕੀ। ਰਵੀ ਪਟੇਲ ਨੇ ਦੱਸਿਆ ਕਿ ਅੱਧੀ ਰਾਤ ਵੇਲੇ ਵੀ ਚੋਰ-ਲੁਟੇਰਿਆਂ ਦੇ ਆਉਣ ਡਰ ਵੱਢ ਵੱਢ ਖਾਂਦਾ ਹੈ ਅਤੇ ਹੁਣ ਇਹ ਸਭ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਆਉਣ ਮਗਰੋਂ ਪਟੇਲ ਪਰਵਾਰ ਦਾ ਪਹਿਲਾ ਟਿਕਾਣਾ ਹੈਲੀਫੈਕਸ ਸ਼ਹਿਰ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਸੀ. ਦੇ ਡੈਲਟਾ ਵਿਖੇ ਇਕ ਕਨਵੀਨੀਐਂਸ ਸਟੋਰ ਖਰੀਦ ਲਿਆ। ਕੋਰੋਨਾ ਮਹਾਮਾਰੀ ਦੌਰਾਨ ਰਵੀ ਅਤੇ ਸਰਿਤਾ ਪਟੇਲ ਨੇ ਇਕ ਨੌਜਵਾਨ ਨੂੰ 5,500 ਡਾਲਰ ਦੀ ਠੱਗੀ ਤੋਂ ਬਚਾਇਆ ਤਾਂ ਪੁਲਿਸ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਦੋਹਾਂ ਦੀ ਸ਼ਲਾਘਾ ਕੀਤੀ ਗਈ। ਦਸੰਬਰ 2020 ਵਿਚ ਇਕ ਇੰਟਰਵਿਊ ਦੌਰਾਨ ਪਟੇਲ ਪਰਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਨੌਜਵਾਨ ਨੂੰ ਠੱਗੀ ਤੋਂ ਬਚਾਇਆ ਪਰ ਹੁਣ ਉਹੀ ਪਰਵਾਰ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਰਵੀ ਪਟੇਲ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਔਖੀਆਂ ਹੋ ਰਹੀਆਂ ਹਨ ਅਤੇ ਐਨੇ ਟੈਕਸ ਅਦਾ ਕਰਨ ਦੇ ਬਾਵਜੂਦ ਸਰਕਾਰ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਮਿਲ ਰਹੀ।
ਜਾਨ ਬਚਾ ਕੇ ਦੌੜਨ ਵਿਚ ਹੀ ਭਲਾਈ : ਭਾਰਤੀ ਲੋਕ
ਬੀ.ਸੀ. ਦੇ ਲੋਕ ਸੁਰੱਖਿਆ ਮੰਤਰੀ ਟੈਰੀ ਯੁੰਗ ਨੇ ਕਿਹਾ ਕਿ ਲੋਕਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਬਿਨਾਂ ਸ਼ੱਕ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਪਰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕਦਮ ਉਠਾਏ ਜਾ ਰਹੇ ਹਨ। ਉਧਰ ਨਨਾਇਮੋ ਦੇ ਮੇਅਰ ਲੈਨਰਡ ਕਰੋਗ ਦਾ ਕਹਿਣਾ ਸੀ ਬਦਕਿਸਮਤੀ ਨਾਲ ਇਹ ਸਭ ਰਾਤੋ-ਰਾਤ ਸ਼ੁਰੂ ਨਹੀਂ ਹੋਇਆ। ਲੰਮੇ ਸਮੇਂ ਤੋਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਦੱਸ ਦੇਈਏ ਕਿ ਕੈਨੇਡਾ ਦੇ ਹਰ ਸੂਬੇ ਵਿਚ ਚੋਰੀ, ਲੁੱਟ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪਿਛਲੇ ਦਿਨੀਂ ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਲੁਟੇਰਿਆਂ ਨੇ ਚਾਰ ਬੱਚਿਆਂ ਦੇ ਸਾਹਮਣੇ ਉਨ੍ਹਾਂ ਦੇ ਪਿਤਾ ਦੀ ਹੱਤਿਆ ਕਰ ਦਿਤੀ। ਦੂਜੇ ਪਾਸੇ ਤਿੰਨ ਦਿਨ ਪਹਿਲਾਂ ਐਬਸਫੋਰਡ ਦੇ ਇਕ ਘਰ ’ਤੇ ਗੋਲੀਆਂ ਚੱਲੀਆਂ ਅਤੇ ਦੋਹਾਂ ਮਾਮਲਿਆਂ ਵਿਚ ਹੁਣ ਤੱਕ ਸ਼ੱਕੀਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ।


