ਕੈਨੇਡਾ ’ਚ 5ਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਭਾਰਤੀ
ਕੈਨੇਡਾ ਵਿਚ ਪੰਜਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਡਰਾਈਵਰ ਨੂੰ ਤੁਰਤ ਜ਼ਮਾਨਤ ਮਿਲ ਗਈ ਅਤੇ ਉਸ ਵੱਲੋਂ ਮੁੜ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।

By : Upjit Singh
ਬਰੈਂਪਟਨ : ਕੈਨੇਡਾ ਵਿਚ ਪੰਜਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ ਤੁਰਤ ਜ਼ਮਾਨਤ ਮਿਲ ਗਈ ਅਤੇ ਉਸ ਵੱਲੋਂ ਮੁੜ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰ ਦੀ ਸ਼ਨਾਖਤ 58 ਸਾਲ ਦੇ ਕੌਸ਼ਲ ਕਾਸ਼ੀਰਾਮ ਵਜੋਂ ਕੀਤੀ ਗਈ ਹੈ ਜਿਸ ਉਤੇ ਪੂਰੀ ਜ਼ਿੰਦਗੀ ਗੱਡੀ ਨਾ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਪਰ ਉਸ ਨੇ ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਬਰੈਂਪਟਨ ਵਿਖੇ ਵੱਡਾ ਹਾਦਸਾ ਕਰ ਦਿਤਾ।
ਜ਼ਮਾਨਤ ਮਿਲਣ ’ਤੇ ਲੋਕਾਂ ਵਿਚ ਚਿੰਤਾ
ਪੁਲਿਸ ਨੇ ਦੱਸਿਆ ਕਿ ਹਾਈਵੇਅ 50 ਅਤੇ ਕੋਲਰੇਨ ਡਰਾਈਵ ਇਲਾਕੇ ਵਿਚ ਚਾਰ ਗੱਡੀਆਂ ਦੀ ਟੱਕਰ ਮਗਰੋਂ ਤਿੰਨ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ 21 ਸਾਲ ਦੇ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਪੂਰੀ ਜ਼ਿੰਦਗੀ ਦੁੱਖ ਝੱਲਣੇ ਹੋਣਗੇ। ਪੁਲਿਸ ਵੱਲੋਂ ਕੌਸ਼ਲ ਕਾਸ਼ੀਰਾਮ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ, ਖੂਨ ਵਿਚ ਹੱਦ ਤੋਂ ਜ਼ਿਆਦਾ ਐਲਕੌਹਲ ਦੇ ਬਾਵਜੂਦ ਡਰਾਈਵਿੰਗ ਕਰਨ ਅਤੇ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਵੱਡੇ ਹਾਦਸੇ ਦਾ ਕਾਰਨ ਬਣਿਆ ਕੌਸ਼ਲ ਕਾਸ਼ੀਰਾਮ
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿ ਖਤਰਨਾਕ ਡਰਾਈਵਿੰਗ ਕਰਨ ਵਾਲੇ ਕਾਸ਼ੀਰਾਮ ਵਰਗੇ ਡਰਾਈਵਰਾਂ ਜਵਾਬਦੇਹ ਬਣਾਉਣ ਲਈ ਪੁਲਿਸ ਵਚਨਬੱਧ ਹੈ। ਵਾਰ-ਵਾਰ ਅਪਰਾਧ ਕਰਨ ਵਾਲਿਆਂ ਸਿੱਟੇ ਭੁਗਤਣੇ ਹੋਣਗੇ ਅਤੇ ਇਹ ਗੱਲ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਦੂਜੇ ਪਾਸੇ ਕਮਿਊਨਿਟੀ ਆਗੂਆਂ ਨੇ ਸਵਾਲ ਉਠਾਇਆ ਹੈ ਕਿ ਤਿੰਨ ਵਾਰ ਪੂਰੀ ਜ਼ਿੰਦਗੀ ਵਾਸਤੇ ਡਰਾਈਵਿੰਗ ਉਤੇ ਪਾਬੰਦੀ ਜਿਸ ਇਨਸਾਨ ਨੂੰ ਰੋਕ ਨਹੀਂ ਸਕੀ, ਉਸ ਨੂੰ ਭਵਿੱਖ ਵਿਚ ਕੌਣ ਰੋਕੇਗਾ? ਅਜਿਹੇ ਲੋਕਾਂ ਵਾਸਤੇ ਕਾਨੂੰਨ ਦੀ ਕੋਈ ਵੁੱਕਤ ਨਹੀਂ ਅਤੇ ਉਹ ਆਪਣੇ ਤੇ ਹੋਰਨਾਂ ਦੀ ਜਾਨ ਖਤਰੇ ਵਿਚ ਪਾਉਣ ਤੋਂ ਬਾਜ਼ ਨਹੀਂ ਆਉਂਦੇ।


