ਕੈਨੇਡਾ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਕਾਬੂ
ਕੈਨੇਡਾ ਵਿਚ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਹੈਰਾਨਕੁੰਨ ਕਰਤੂਤਾਂ ਕਰਨ ਵਾਲੇ ਭਾਰਤੀ ਨੂੰ ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਸੁੱਟਿਆ ਹੈ

By : Upjit Singh
ਬਰੈਂਪਟਨ/ਸੈਰਾਟੋਗਾ : ਕੈਨੇਡਾ ਵਿਚ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਹੈਰਾਨਕੁੰਨ ਕਰਤੂਤਾਂ ਕਰਨ ਵਾਲੇ ਭਾਰਤੀ ਨੂੰ ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਸੁੱਟਿਆ ਹੈ। ਪੀਲ ਰੀਜਨਲ ਪੁਲਿਸ ਦੇ 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂਨੇ ਦੱਸਿਆ ਕਿ ਬਰੈਂਪਟਨ ਦੇ 38 ਸਾਲਾ ਵਸਨੀਕ ਵੈਭਵ ਦੀਆਂ ਕਥਿਤ ਕਰਤੂਤਾਂ ਪਿਛਲੇ ਕਈ ਮਹੀਨੇ ਤੋਂ ਚੱਲ ਰਹੀਆਂ ਸਨ। ਪੁਲਿਸ ਮੁਤਾਬਕ ਵੈਭਵ ਕਥਿਤ ਤੌਰ ’ਤੇ ਮਿਸੀਸਾਗਾ ਦੇ ਵੱਖ ਵੱਖ ਮੈਡੀਕਲ ਕਲੀਨਿਕਸ ਵਿਚ ਜਾਂਦਾ ਹੈ ਅਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਫ਼ੀਮੇਲ ਸਟਾਫ਼ ਮੈਂਬਰਾਂ ਸਾਹਮਣੇ ਕੱਪੜੇ ਲਾਹ ਦਿੰਦਾ। ਵੈਭਵ ਵੱਲੋਂ ਅਜਿਹੀਆਂ ਬਿਮਾਰੀਆਂ ਦਾ ਨਾਂ ਲਿਆ ਜਾਂਦਾ ਜੋ ਛੇਤੀ ਕਿਤੇ ਕਿਸੇ ਦੇ ਸਮਝ ਵਿਚ ਨਾ ਆਉਂਦੀਆਂ ਅਤੇ ਸਿਰਫ਼ ਫ਼ੀਮੇਲ ਡਾਕਟਰ ਕੋਲ ਜਾਣ ਦੀ ਜ਼ਿਦ ਕਰਦਾ।
ਮਿਸੀਸਾਗਾ ਦੇ ਮੈਡੀਕਲ ਕਲੀਨਿਕਸ ਵਿਚ ਵਾਪਰੀਆਂ ਘਟਨਾਵਾਂ
ਸਿਰਫ਼ ਇਥੇ ਹੀ ਬੱਸ ਨਹੀਂ, ਉਹ ਕਥਿਤ ਤੌਰ ’ਤੇ ਫ਼ੀਮੇਲ ਡਾਕਟਰਜ਼ ਨੂੰ ਗੈਰਵਾਜਬ ਤਰੀਕੇ ਨਾਲ ਛੋਹਣ ਦੇ ਯਤਨ ਵੀ ਕਰਦਾ। ਕਈ ਮੌਕਿਆਂ ’ਤੇ ਉਸ ਨੇ ਆਪਣਾ ਫ਼ਰਜ਼ੀ ਨਾਂ ਆਕਾਸ਼ਦੀਪ ਸਿੰਘ ਵੀ ਦੱਸਿਆ। ਸ਼ਿਕਾਇਤਾਂ ਲਗਾਤਾਰ ਵਧਣ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਅਤੇ ਵੈਭਵ ਨੂੰ ਗ੍ਰਿਫ਼ਤਾਰ ਕਰਦਿਆਂ ਜਨਤਕ ਸਥਾਨ ’ਤੇ ਇਤਰਾਜ਼ਯੋਗ ਹਰਕਤ ਕਰਨ, ਫਾਇਦਾ ਹਾਸਲ ਦੇ ਇਰਾਦੇ ਨਾਲ ਫਰਜ਼ੀ ਪਛਾਣ ਪੇਸ਼ ਕਰਨ ਅਤੇ ਸ਼ਨਾਖਤ ਚੋਰੀ ਦੇ ਦੋਸ਼ ਆਇਦ ਕਰ ਦਿਤੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਵੈਭਵ ਨਾਲ ਸਬੰਧਤ ਹੋਰ ਘਟਨਾਵਾਂ ਵੀ ਹੋ ਸਕਦੀਆਂ ਹਨ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 1233 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਦੀ ਇਕ ਸ਼ਰਾਬ ਫੈਕਟਰੀ ਵਿਚ ਅਗਜ਼ਨੀ ਦੇ ਮਾਮਲੇ ਤਹਿਤ ਭਾਰਤੀ ਮੂਲ ਦੇ 42 ਸਾਲਾ ਵਿਕਰਮ ਬੇਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਮਰੀਕਾ ਵਿਚ ਅਗਜ਼ਨੀ ਦੇ ਮਾਮਲੇ ਤਹਿਤ ਵਿਕਰਮ ਬੇਰੀ ਗ੍ਰਿਫ਼ਤਾਰ
ਸੈਂਟਾ ਕਲਾਰਾ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਸੈਰਾਟੋਗਾ ਸ਼ਹਿਰ ਦੀ ਗੈਰੌਡ ਫ਼ਾਰਮਜ਼ ਅਸਟੇਟ ਵਾਇਨਰੀ ਐਂਡ ਸਟੇਬਲਜ਼ ਵਿਚ ਬੀਤੇ ਸ਼ਨਿੱਚਰਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਵਾਇਨਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਵਿਕਰਮ ਬੇਰੀ ਨੇ ਅੱਗ ਲਾਉਣ ਦਾ ਯਤਨ ਕੀਤਾ ਅਤੇ ਜਦੋਂ ਸਾਥੀ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲ ਵਾਈਨ ਦੀ ਬੋਤਲ ਸੁੱਟ ਕੇ ਗੱਡੀ ਵਿਚ ਫ਼ਰਾਰ ਹੋ ਗਿਆ ਪਰ ਇਸੇ ਦੌਰਾਨ ਉਸ ਦੀ ਟੱਕਰ 2 ਖੜ੍ਹੀਆਂ ਗੱਡੀਆਂ ਨਾਲ ਹੋ ਗਈ ਅਤੇ ਉਹ ਫਸ ਗਿਆ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਉਸ ਨੂੰ ਕਾਬੂ ਕਰਨ ਦੇ ਯਤਨ ਕੀਤੇ ਪਰ ਉਹ ਗੱਡੀ ਵਿਚੋਂ ਬਾਹਰ ਨਾ ਨਿਕਲਿਆ। ਹਾਲਾਤ ਕਾਬੂ ਹੇਠ ਲਿਆਉਣ ਲਈ ਪੁਲਿਸ ਅਫ਼ਸਰਾਂ ਨੇ ਪੈਪਰਸਪ੍ਰੇਅ ਦੀ ਵਰਤੋਂ ਕੀਤੀ ਅਤੇ ਉਸ ਨੂੰ ਬਾਹਰ ਨਿਕਲਣ ਲਈ ਮਜਬੂਰ ਕਰ ਦਿਤਾ। ਵਿਕਰਮ ਬੇਰੀ ਨੂੰ ਗ੍ਰਿਫ਼ਤਾਰ ਕਰਦਿਆਂ ਡਾਕਟਰੀ ਮੁਆਇਨੇ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਵਿਕਰਮ ਬੇਰੀ ਵਿਰੁੱਧ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।


