Canada ਵਿਚ ਭਿੜੇ Immigration ਹਮਾਇਤੀ ਅਤੇ ਵਿਰੋਧੀ
ਟੋਰਾਂਟੋ ਵਿਖੇ ਇੰਮੀਗ੍ਰੇਸ਼ਨ ਵਿਰੋਧੀ ਰੈਲੀ ਹਿੰਸਕ ਰੂਪ ਅਖਤਿਆਰ ਕਰ ਗਈ ਅਤੇ ਮੁਜ਼ਾਹਰਾਕਾਰੀਆਂ ਨੇ ਪੁਲਿਸ ਵਾਲਿਆਂ ’ਤੇ ਆਂਡਿਆਂ ਦਾ ਮੀਂਹ ਵਰ੍ਹਾ ਦਿਤਾ

By : Upjit Singh
ਟੋਰਾਂਟੋ : ਟੋਰਾਂਟੋ ਵਿਖੇ ਇੰਮੀਗ੍ਰੇਸ਼ਨ ਵਿਰੋਧੀ ਰੈਲੀ ਹਿੰਸਕ ਰੂਪ ਅਖਤਿਆਰ ਕਰ ਗਈ ਅਤੇ ਮੁਜ਼ਾਹਰਾਕਾਰੀਆਂ ਨੇ ਪੁਲਿਸ ਵਾਲਿਆਂ ’ਤੇ ਆਂਡਿਆਂ ਦਾ ਮੀਂਹ ਵਰ੍ਹਾ ਦਿਤਾ। ਸਿਰਫ਼ ਇਥੇ ਹੀ ਬੱਸ ਨਹੀਂ ਪਿਸ਼ਾਬ ਨਾਲ ਭਰੇ ਲਿਫ਼ਾਫੇ ਪੁਲਿਸ ਵਾਲਿਆਂ ’ਤੇ ਸੁੱਟੇ ਗਏ ਅਤੇ ਵਰਤੇ ਹੋਏ ਟੁਆਇਲਟ ਪੇਪਰ ਵੀ ਸੁੱਟੇ ਜਾਣ ਦੀ ਰਿਪੋਰਟ ਹੈ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਇਕ ਅਫ਼ਸਰ ਦੀ ਮੁਜ਼ਾਹਰਾਕਾਰੀਆਂ ਨੇ ਕੁੱਟਮਾਰ ਵੀ ਕੀਤੀ ਜਿਸ ਮਗਰੋਂ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸੱਦੇ ਗਏ ਅਤੇ ਘੱਟੋ ਘੱਟ 8 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਕੁਝ ਮੀਡੀਆ ਰਿਪੋਰਟਾਂ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਦਾ ਜ਼ਿਕਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਮੁਤਾਬਕ ਸਿਟੀ ਹਾਲ ਦੇ ਬਾਹਰ ਕੈਨੇਡਾ ਫਸਟ ਰੈਲੀ ਦਾ ਸੱਦਾ ਦਿਤਾ ਗਿਆ ਸੀ ਜਿਸ ਦਾ ਵਿਰੋਧ ਕਰਨ ਇੰਮੀਗ੍ਰੇਸ਼ਨ ਹਮਾਇਤੀ ਪੁੱਜ ਗਏ।
ਟੋਰਾਂਟੋ ਪੁਲਿਸ ਦੇ ਅਫ਼ਸਰ ਕੁੱਟੇ, ਆਂਡਿਆਂ ਨਾਲ ਕੀਤਾ ਹਮਲਾ
ਕੈਨੇਡਾ ਫਸਟ ਜਥੇਬੰਦੀ ਵੱਲੋਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਸੱਦਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਦਕਿ ਇੰਮੀਗ੍ਰੇਸ਼ਨ ਹਮਾਇਤੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਵਾਜਬ ਠਹਿਰਾਇਆ। ਦੂਜੇ ਪਾਸੇ ਇੰਮੀਗ੍ਰੇਸ਼ਨ ਹਮਾਇਤੀਆਂ ਦੇ ਇਕੱਠ ਵਿਚ ਟੋਰਾਂਟੋ ਤੇ ਯਾਰਕ ਰੀਜਨ ਦੀ ਲੇਬਰ ਕੌਂਸਲ, ਅਰਬਨ ਅਲਾਇੰਸ ਆਨ ਰੇਲ ਰਿਲੇਸ਼ਨਜ਼ ਅਤੇ ਟੋਰਾਂਟੋ ਦੇ ਕੁਝ ਕੌਂਸਲਰ ਸ਼ਾਮਲ ਹੋਏ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਨਸਲਵਾਦ ਅਤੇ ਵਿਤਕਰੇ ਵਿਰੁੱਧ ਆਵਾਜ਼ ਉਠਾਉਣ ਦਾ ਕੋਈ ਮੌਕਾ ਖੁੰਝਾਇਆ ਨਹੀਂ ਜਾਵੇਗਾ। ਚੇਤੇ ਰਹੇ ਕਿ ਕੈਨੇਡਾ ਫ਼ਸਟ ਰੈਲੀ ਪਿਛਲੇ ਸਾਲ ਸਤੰਬਰ ਵਿਚ ਵੀ ਕੀਤੀ ਗਈ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਤਰ ਹੋਏ ਅਤੇ ਉਸ ਵੇਲੇ ਵੀ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਾਜ਼ਾ ਰੈਲੀ ਦੌਰਾਨ ਗ੍ਰਿਫਤਾਰ ਕੀਤੇ ਅੱਠ ਜਣਿਆਂ ਦੀ ਉਮਰ 23 ਸਾਲ ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਧਮਾਕਾਖੇਜ਼ ਸਮੱਗਰੀ ਸੁੱਟਣ, ਹਮਲਾ ਕਰਨ, ਗੈਰਕਾਨੂੰਨੀ ਇਕੱਠ ਵਿਚ ਸ਼ਾਮਲ ਹੋਣ ਅਤੇ ਪੁਲਿਸ ਦੇ ਕੰਮ ਵਿਚ ਅੜਿੱਕੇ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਨੇ 8 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ
ਇਥੇ ਦਸਣਾ ਬਣਦਾ ਹੈ ਕਿ ਮੁਢਲੇ ਤੌਰ ’ਤੇ ਪੁਲਿਸ ਵੱਲੋਂ 11 ਮੁਜ਼ਾਹਰਾਕਾਰੀਆਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕੀਤਾ ਗਿਆ ਪਰ ਬਾਅਦ ਵਿਚ ਗਿਣਤੀ ਵਿਚ ਸੋਧ ਕਰਦਿਆਂ ਅੱਠ ਜਣੇ ਹਿਰਾਸਤ ਵਿਚ ਦੱਸੇ ਗਏ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ। ਅਸਲ ਵਿਚ ਝਗੜੇ ਦੀ ਸ਼ੁਰੂਆਤ ਵਿਖਾਵਾਕਾਰੀਆਂ ਦਰਮਿਆਨ ਆਪਸੀ ਖਹਿਬਾਜ਼ੀ ਤੋਂ ਹੋਈ। ਉਨ੍ਹਾਂ ਨੇ ਇਕ ਦੂਜੇ ਉਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ ਅਤੇ ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਵਾਲੇ ਆਏ ਤਾਂ ਉਨ੍ਹਾਂ ਨੂੰ ਵੀ ਘੜੀਸ ਲਿਆ। ਮਾਹਨੂਰ ਮੋਹੀਊਦੀਨ ਅਤੇ ਜੈਨੀਫ਼ਰ ਵੌਂਗ ਵਿਰੁੱਧ ਲੁਕਵਾਂ ਹਥਿਆਰ ਰੱਖਣ ਅਤੇ ਪੁਲਿਸ ਅਫ਼ਸਰ ’ਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ। ਬਾਕੀ ਮੁਜ਼ਾਹਰਕਾਰੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।


