ਕੈਨੇਡਾ ’ਚ ਅਸਾਇਲਮ ਮੰਗਣ ਵਾਲਾ ਆਈਸ ਨੇ ਕੀਤਾ ਗ੍ਰਿਫ਼ਤਾਰ
ਕੈਨੇਡਾ ਵਿਚ ਪਨਾਹ ਮੰਗਣ ਵਾਲੇ ਬੰਗਲਾਦੇਸ਼ ਨਾਲ ਸਬੰਧਤ ਮਹੀਨ ਸ਼ਾਹਰਿਆਰ ਨੂੰ ਅਮਰੀਕਾ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ

By : Upjit Singh
ਔਟਵਾ : ਕੈਨੇਡਾ ਵਿਚ ਪਨਾਹ ਮੰਗਣ ਵਾਲੇ ਬੰਗਲਾਦੇਸ਼ ਨਾਲ ਸਬੰਧਤ ਮਹੀਨ ਸ਼ਾਹਰਿਆਰ ਨੂੰ ਅਮਰੀਕਾ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ਾਹਰਿਆਰ 12 ਮਈ ਨੂੰ ਅਮਰੀਕਾ ਵਿਚ ਦਾਖਲ ਹੋਇਆ ਅਤੇ ਬਾਰਡਰ ਏਜੰਟਾਂ ਨੇ ਫੜ ਕੇ ਆਈਸ ਦੇ ਹਵਾਲੇ ਕਰ ਦਿਤਾ। ਅਸਲ ਵਿਚ ਸ਼ਾਹਰਿਆਰ ਡਿਪ੍ਰੈਸ਼ਨ ਵਰਗੇ ਹਾਲਾਤ ਵਿਚੋਂ ਲੰਘ ਰਿਹਾ ਸੀ ਜਦੋਂ ਇਕ ਦੋਸਤ ਨੇ ਮੌਂਟਰੀਅਲ ਨੇੜੇ ਘਰ ਵਿਚ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ। ਇਹ ਰਿਹਾਇਸ਼ ਕੈਨੇਡਾ-ਅਮਰੀਕਾ ਦੇ ਬਾਰਡਰ ਨੇੜੇ ਸਥਿਤ ਸੀ ਅਤੇ ਉਸ ਦਾ ਦੋਸਤ ਫੋਨ ’ਤੇ ਸਮਝਾ ਰਿਹਾ ਸੀ ਕਿ ਕਿਹੜੇ ਰਾਹ ’ਤੇ ਅੱਗੇ ਵਧਣਾ ਹੈ। ਸ਼ਾਹਰਿਆਰ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਨੇ ਗੁੰਮਰਾਹ ਕੀਤਾ ਅਤੇ ਉਹ ਅਮਰੀਕਾ ਵਿਚ ਦਾਖਲ ਹੋ ਗਿਆ ਜਦਕਿ ਅਜਿਹਾ ਇਰਾਦਾ ਬਿਲਕੁਲ ਨਹੀਂ ਸੀ। ਸ਼ਾਹਰਿਆਰ ਦੇ ਵਕੀਲ ਵਸੀਮ ਅਹਿਮਦ ਨੇ ਦੱਸਿਆ ਕਿ ਆਈਸ ਵਾਲੇ ਉਸ ਦੇ ਮੁਵੱਕਲ ਨੂੰ ਕੈਨੇਡਾ ਹਵਾਲੇ ਕਰਨ ਦੀ ਜ਼ਹਿਮਤ ਨਹੀਂ ਉਠਾਉਣਗੇ ਅਤੇ ਸਿੱਧਾ ਬੰਗਲਾਦੇਸ਼ ਡਿਪੋਰਟ ਕੀਤਾ ਜਾ ਸਕਦਾ ਹੈ।
ਗਲਤੀ ਨਾਲ ਬਾਰਡਰ ਟੱਪਣ ਦਾ ਕੀਤਾ ਦਾਅਵਾ
ਮਾਪਿਆਂ ਦੇ ਤਲਾਕ ਮਗਰੋਂ ਸ਼ਾਹਰਿਆਰ, ਉਸ ਦੀ ਮਾਤਾ ਅਤੇ ਭੈਣ ਜਾਨ ਬਚਾਉਣ ਲਈ ਕੈਨੇਡਾ ਆ ਗਏ। ਇਥੇ ਪਨਾਹ ਮਗਰੋਂ ਅਮਰੀਕਾ ਵਾਲੀ ਘਟਨਾ ਵਾਪਰ ਗਈ ਅਤੇ ਹੁਣ ਵਸੀਮ ਅਹਿਮਦ ਦਾ ਕਹਿਣਾ ਹੈ ਕਿ ਉਸ ਦੇ ਮੁਵੱਕਲ ਨੂੰ ਕੈਨੇਡਾ ਦੇ ਸਪੁਰਦ ਕੀਤਾ ਜਾਵੇ। ਉਧਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਵਸੀਮ ਅਹਿਮਦ ਨੇ ਕਿਹਾ ਕਿ ਸੇਫ਼ ਥਰਡ ਕੰਟਰੀ ਐਗਰੀਮੈਂਟ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੂੰ ਸ਼ਾਹਰਿਆਰ ਦੀ ਸਪੁਰਦਗੀ ਲੈਣੀ ਚਾਹੀਦੀ ਹੈ। ਸ਼ਾਹਰਿਆਰ ਵੱਲੋਂ ਅਮਰੀਕਾ ਦੇ ਇੰਮੀਗ੍ਰੇਸ਼ਨ ਦਸਤਾਵੇਜ਼ਾਂ ਉਤੇ 24 ਸਤੰਬਰ ਨੂੰ ਦਸਤਖਤ ਕੀਤੇ ਗਏ ਅਤੇ ਫਿਲਹਾਲ ਉਥੇ ਪਨਾਹ ਦੀ ਮੰਗ ਨਹੀਂ ਕੀਤੀ। ਸ਼ਾਹਰਿਆਰ 2019 ਤੋਂ ਕੈਨੇਡਾ ਵਿਚ ਮੌਜੂਦ ਸੀ ਅਤੇ ਟੈਕਸੀ ਚਲਾ ਕੇ ਆਪਣੀ ਮਾਤਾ ਅਤੇ ਭੈਣ ਦੀ ਆਰਥਿਕ ਮਦਦ ਕਰ ਰਿਹਾ ਸੀ। ਭਾਵੇਂ ਸ਼ਾਹਰਿਆਰ ਦੀ ਮਾਤਾ ਨੂੰ ਕੈਨੇਡਾ ਵਿਚ ਰਫ਼ਿਊਜੀ ਦਾ ਦਰਜਾ ਮਿਲ ਚੁੱਕਾ ਹੈ ਪਰ ਉਸ ਦੀ ਅਰਜ਼ੀ ਰੱਦ ਹੋ ਗਈ। ਇਸ ਵੇਲੇ ਸ਼ਾਹਰਿਆਰ ਦੀ ਮਾਤਾ ਅਤੇ ਭੈਣ ਕੈਨੇਡਾ ਵਿਚ ਇਕੱਲੀਆਂ ਹਨ ਅਤੇ ਵਕੀਲ ਵਸੀਮ ਅਹਿਮਦ ਉਸ ਨੂੰ ਕੈਨੇਡਾ ਵਾਪਸ ਲਿਆਉਣ ਦੇ ਯਤਨਾਂ ਵਿਚ ਜੁਟਿਆ ਹੋਇਆ ਹੈ।


