‘ਕੈਨੇਡਾ ਨੂੰ 51ਵਾਂ ਸੂਬਾ ਬਣਾ ਕੇ ਹੀ ਸਾਹ ਲਵਾਂਗਾ’
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਫੇਰੀ ਤੋਂ ਐਨ ਪਹਿਲਾਂ ਡੌਨਲਡ ਟਰੰਪ ਨੇ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ ਅਤੇ ਪਹਿਲੀ ਵਾਰ ਫੌਜੀ ਹਮਲੇ ਦਾ ਜ਼ਿਕਰ ਵੀ ਹੋਇਆ ਹੈ।

By : Upjit Singh
ਵਾਸ਼ਿੰਗਟਨ : ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਫੇਰੀ ਤੋਂ ਐਨ ਪਹਿਲਾਂ ਡੌਨਲਡ ਟਰੰਪ ਨੇ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ ਅਤੇ ਪਹਿਲੀ ਵਾਰ ਫੌਜੀ ਹਮਲੇ ਦਾ ਜ਼ਿਕਰ ਵੀ ਹੋਇਆ ਹੈ। ਐਨ.ਬੀ.ਸੀ. ਨਾਲ ਇਕ ਇੰਟਰਵਿਊ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ‘‘ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਸੋਹਣਾ ਮੁਲਕ ਉਭਰ ਕੇ ਸਾਹਮਣੇ ਆਵੇਗਾ ਜਦੋਂ ਕੈਨੇਡਾ, ਅਮਰੀਕਾ ਦਾ 51ਵਾਂ ਸੂਬਾ ਬਣ ਗਿਆ। ਮੈਂ ਹਮੇਸ਼ਾ ਇਸ ਬਾਰੇ ਗੱਲ ਕਰਦਾ ਹਾਂ, ਤੁਸੀਂ ਜਾਣਦੇ ਹੋ ਕਿਉਂ? ਅਸੀਂ ਕੈਨੇਡਾ ਨੂੰ ਹਰ ਸਾਲ 200 ਅਰਬ ਡਾਲਰ ਦੀਆਂ ਰਿਆਇਤਾਂ ਦਿੰਦੇ ਹਾਂ।’’
ਮਾਰਕ ਕਾਰਨੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਟਰੰਪ ਦਾ ਐਲਾਨ
ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਅਮਰੀਕਾ ਦੇ ਆਪਣੇ ਅੰਕੜਿਆਂ ਰਾਹੀਂ ਨਿਕਲਦੀ ਨਜ਼ਰ ਆਈ ਜਿਨ੍ਹਾਂ ਮੁਤਾਬਕ ਸਾਲ 2024 ਦੌਰਾਨ ਅਮਰੀਕਾ ਨੇ ਕੈਨੇਡਾ ਤੋਂ 413 ਅਰਬ ਡਾਲਰ ਮੁੱਲ ਦੀਆਂ ਚੀਜ਼ਾਂ ਖਰੀਦੀਆਂ। ਦੂਜੇ ਪਾਸੇ ਜਦੋਂ ਅਮਰੀਕਾ ਦੇ ਜੀ.ਡੀ.ਪੀ. ਵਿਚ ਆਈ ਕਮੀ ਬਾਰੇ ਪੁੱਛਿਆ ਗਿਆ ਤਾਂ ਟਰੰਪ ਸਾਫ਼ ਮੁਕਰ ਗਏ ਅਤੇ ਕਿਹਾ ਕਿ ਇਸ ਵਾਸਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸੇ ਦੌਰਾਨ ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ’ਤੇ ਕਾਬਜ਼ ਹੋਣ ਲਈ ਫੌਜ ਦੀ ਵਰਤੋਂ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਸੋਚਿਆ ਪਰ ਗਰੀਨਲੈਂਡ ਦੇ ਮਾਮਲੇ ਵਿਚ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ’ਤੇ ਅੜੇ ਡੌਨਲਡ ਟਰੰਪ ਭਾਵੇਂ ਇਸ ਵੇਲੇ ਫੌਜੀ ਕਾਰਵਾਈ ਤੋਂ ਇਨਕਾਰ ਕਰ ਰਹੇ ਹਨ ਪਰ ਭਵਿੱਖ ਵਿਚ ਕੁਝ ਵੀ ਹੋ ਸਕਦਾ ਹੈ। ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਪੁੱਛੇ ਗਏ ਸਵਾਲਾਂ ਦਾ ਟਰੰਪ ਨੇ ਬੇਹੱਦ ਗੁੰਝਲਦਾਰ ਜਵਾਬ ਦਿਤਾ ਅਤੇ ਹੁਣ ਅਮਰੀਕਾ ਦਾ ਹਰ ਉਹ ਸਿਟੀਜ਼ਨ ਡਿਪੋਰਟੇਸ਼ਨ ਦੇ ਘੇਰੇ ਵਿਚ ਆ ਸਕਦਾ ਹੈ ਜਿਸ ਵੱਲੋਂ ਕੋਈ ਮਾਮੂਲੀ ਅਪਰਾਧ ਵੀ ਕੀਤਾ ਗਿਆ ਹੋਵੇ। ਅਮਰੀਕਾ ਦੇ ਸੰਵਿਧਾਨ ਦੀ ਰਾਖੀ ਬਾਰੇ ਪੁੱਛੇ ਜਾਣ ’ਤੇ ਟਰੰਪ ਗੋਲ-ਮੋਲ ਗੱਲਾਂ ਕਰਦੇ ਨਜ਼ਰ ਆਏ ਅਤੇ ਕਹਿਣ ਲੱਗੇ ਕਿਹਾ ਕਿ ਉਹ ਕੋਈ ਵਕੀਲ ਨਹੀਂ।
ਫੌਜੀ ਹਮਲਾ ਕਰਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ
ਬਤੌਰ ਰਾਸ਼ਟਰਪਤੀ ਤੀਜੇ ਕਾਰਜਕਾਲ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਕਿ ਉਹ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਚਾਰ ਸਾਲ ਦੇ ਕਾਰਜਕਾਲ ਨੂੰ ਹੀ ਮਹਾਨ ਬਣਾਉਣਾ ਚਾਹੁੰਦੇ ਹਨ ਅਤੇ ਇਸ ਮਗਰੋਂ ਰਿਪਬਲਿਕਨ ਪਾਰਟੀ ਦੇ ਕਿਸੇ ਯੋਗ ਆਗੂ ਨੂੰ ਸੱਤਾ ਸੌਂਪਣਾ ਚਾਹੁਣਗੇ। ਦੱਸ ਦੇਈਏ ਕਿ ਪਿਛਲੇ ਦਿਨੀਂ ਟਰੰਪ ਸਟੋਰ ਵੱਲੋਂ 2028 ਦੀਆਂ ਟੋਪੀਆਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਤੋਂ ਭਵਿੱਖ ਦੇ ਮਨਸੂਬਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲਾਲ ਰੰਗ ਦੀ ਟੋਪੀ ਜਾਰੀ ਕਰਦਿਆਂ 22ਵੀਂ ਸੰਵਿਧਾਨਕ ਸੋਧ ਨਾਲ ਸਬੰਧਤ ਇਕ ਟਿੱਪਣੀ ਵੀ ਲਿਖੀ ਗਈ ਪਰ ਇਸ ਨੂੰ ਜਲਦ ਹੀ ਹਟਾ ਦਿਤਾ ਗਿਆ। ਫਰੈਂਕਲਿਨ ਰੂਜ਼ਵੈਲਟ ਦੇ ਲਗਾਤਾਰ ਚਾਰ ਵਾਰ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਅਮਰੀਕਾ ਦੇ ਸੰਵਿਧਾਨ ਵਿਚ ਕੀਤੀ ਗਈ 22ਵੀਂ ਸੋਧ ਰਾਹੀਂ ਪੱਕਾ ਕਰ ਦਿਤਾ ਗਿਆ ਕਿ ਕੋਈ ਵੀ ਆਗੂ ਦੋ ਵਾਰ ਤੋਂ ਵੱਧ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਦੂਜੇ ਪਾਸੇ ਐਤਵਾਰ ਨੂੰ ਇਕ ਵੱਕਾਰੀ ਐਵਾਰਡ ਨਾਲ ਸਨਮਾਨਤ ਕੀਤੇ ਗਏ ਸਾਬਕਾ ਰਾਸ਼ਟਰਪਤੀ ਮਾਈਕ ਪੈਂਸ ਦੇ ਚਰਚੇ ਵੀ ਜ਼ੋਰਾਂ ’ਤੇ ਹੋਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮਾਈਕ ਪੈਂਸ ਨੇ ਟਰੰਪ ਦਾ ਹੁਕਮ ਨਾ ਮੰਨਿਆ ਅਤੇ 2020 ਦੇ ਚੋਣ ਨਤੀਜਿਆਂ ਉਤੇ ਮੋਹਰ ਲਾ ਦਿਤੀ। ਮਾਈਕ ਪੈਂਸ ਅਜਿਹਾ ਨਾ ਕਰਦੇ ਤਾਂ ਅਮਰੀਕਾ ਦੀ ਅਜੋਕੀ ਸਿਆਸਤ ਦਾ ਰੂਪ ਹੀ ਵੱਖਰਾ ਹੁੰਦਾ।


