ਕੈਨੇਡਾ ’ਚ ਅਖੌਤੀ ਬੈਂਕ ਅਫ਼ਸਰਾਂ ਨੇ ਠੱਗੇ ਸੈਂਕੜੇ ਲੋਕ
ਕੈਨੇਡਾ ਵਿਚ ਬੈਂਕ ਅਫ਼ਸਰ ਬਣ ਕੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਤਾਜ਼ਾ ਰਿਪੋਰਟ ਮੁਤਾਬਕ ਇਕੱਲੇ ਉਨਟਾਰੀਓ ਵਿਚ 100 ਜਣੇ ‘ਬੈਂਕ ਇਨਵੈਸਟੀਗੇਟਰ ਸਕੈਮ’ ਦਾ ਸ਼ਿਕਾਰ ਬਣ ਗਏ

By : Upjit Singh
ਟੋਰਾਂਟੋ : ਕੈਨੇਡਾ ਵਿਚ ਬੈਂਕ ਅਫ਼ਸਰ ਬਣ ਕੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਤਾਜ਼ਾ ਰਿਪੋਰਟ ਮੁਤਾਬਕ ਇਕੱਲੇ ਉਨਟਾਰੀਓ ਵਿਚ 100 ਜਣੇ ‘ਬੈਂਕ ਇਨਵੈਸਟੀਗੇਟਰ ਸਕੈਮ’ ਦਾ ਸ਼ਿਕਾਰ ਬਣ ਗਏ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ 41 ਜਣਿਆਂ ਨੇ ਬੈਂਕ ਖਾਤਿਆਂ ਵਿਚੋਂ ਹਜ਼ਾਰਾਂ ਡਾਲਰ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਕੁਝ ਪੀੜਤਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਬੈਂਕ ਅਫ਼ਸਰ ਦੱਸਣ ਵਾਲੇ ਕ੍ਰੈਡਿਟ ਕਾਰਡ ਜਾਂ ਹੋਰ ਜਾਣਕਾਰੀ ਹਾਸਲ ਕਰਨ ਘਰ ਤੱਕ ਪੁੱਜ ਗਏ।
ਇਕੱਲੇ ਉਨਟਾਰੀਓ ਵਿਚ 100 ਜਣਿਆਂ ਦੇ ਖਾਤੇ ਹੋਏ ਖਾਲੀ
ਟੋਰਾਂਟੋ ਦੀ ਕਿੰਬਰਲੀ ਲਿਊ ਨੇ ਦੱਸਿਆ ਕਿ ਉਸ ਨੂੰ ਇਕ ਫੋਨ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੈਂਕ ਅਫ਼ਸਰ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਤੇਰੇ ਖਾਤੇ ਨਾਲ ਛੇੜਛਾੜ ਹੋ ਸਕਦੀ ਹੈ। ਲਿਊ ਮੁਤਾਬਕ ਫੋਨ ਕਾਲ ਦੇਖ ਕੇ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਇਹ ਟੀ.ਡੀ. ਤੋਂ ਆਈ ਹੈ। ਕਾਲ ਕਰਨ ਵਾਲੇ ਨੂੰ ਲਿਊ ਦੇ ਬੈਂਕ ਖਾਤੇ ਵਿਚ ਕਾਫ਼ੀ ਕੁਝ ਪਤਾ ਸੀ ਜਿਸ ਦੇ ਮੱਦੇਨਜ਼ਰ ਉਸ ਨੂੰ ਕੋਈ ਸ਼ੱਕ ਨਾ ਹੋਇਆ। ਇਸ ਮਗਰੋਂ ਕਾਲ ਕਰਨ ਵਾਲੇ ਲਿਊ ਨੂੰ ਦੱਸਿਆ ਕਿ ਉਸ ਦੇ ਕਾਰਡ ਦੀ ਵਰਤੋਂ ਗਲਤ ਜਗ੍ਹਾਂ ’ਤੇ ਕੀਤੀ ਗਈ ਅਤੇ ਹੁਣ ਇਹ ਕਾਰਡ ਬਦਲਣੇ ਹੋਣਗੇ।
ਹਜ਼ਾਰਾਂ ਡਾਲਰ ਦੀ ਭਰਪਾਈ ਕਰਨ ਤੋਂ ਬੈਂਕ ਇਨਕਾਰੀ
ਇਸ ਮਗਰੋਂ ਇਕ ਸ਼ਖਸ ਲਿਊ ਦੇ ਘਰ ਆਇਆ ਅਤੇ ਕਾਰਡ ਲੈ ਕੇ ਚਲਾ ਗਿਆ ਪਰ ਕੁਝ ਹੀ ਪਲਾਂ ਵਿਚ ਉਸ ਦੇ ਖਾਤੇ ਵਿਚੋਂ 32 ਹਜ਼ਾਰ ਡਾਲਰ ਉਡ ਗਏ। ਔਸ਼ਵਾ ਦੀ ਮੇਬਲ ਪੇਰੇਜ਼ ਨਾਲ ਵੀ ਬਿਲਕੁਲ ਅਜਿਹਾ ਹੀ ਘਟਨਾਕ੍ਰਮ ਵਾਪਰਿਆ ਅਤੇ ਉਸ ਦੇ ਖਾਤੇ ਵਿਚੋਂ 20 ਹਜ਼ਾਰ ਡਾਲਰ ਗਾਇਬ ਹੋ ਗਏ। ਪੇਰੇਜ਼ ਦਾ ਖਾਤਾ ਸਕੋਸ਼ੀਆ ਬੈਂਕ ਵਿਚ ਹੈ ਅਤੇ ਉਸ ਵੱਲੋਂ ਸ਼ਿਕਾਇਤ ਦਾਇਰ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਕੁਝ ਨਹੀਂ ਹੋਇਆ। ਉਧਰ ਟੀ.ਡੀ. ਦਾ ਕਹਿਣਾ ਹੈ ਕਿ ਬੈਂਕ ਵੱਲੋਂ ਕਦੇ ਵੀ ਸਿੱਧੇ ਤੌਰ ’ਤੇ ਕਾਲ ਕਰ ਕੇ ਨਿਜੀ ਜਾਣਕਾਰੀ ਨਹੀਂ ਮੰਗੀ ਜਾਂਦੀ ਅਤੇ ਨਾ ਹੀ ਕਾਰਡ ਇਸ ਤਰੀਕੇ ਨਾਲ ਤਬਦੀਲ ਕੀਤੇ ਜਾਂਦੇ ਹਨ। ਇਸੇ ਦੌਰਾਨ ਪੁਲਿਸ ਨੇ ਕਿਹਾ ਕਿ ਸਕੈਮਰਜ਼ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ।


