ਅਮਰੀਕਾ-ਕੈਨੇਡਾ ਬਰਫ਼ੀਲੇ ਤੂਫ਼ਾਨ ਦੀ ਮਾਰ ਹੇਠ, ਸੈਂਕੜੇ ਫਲਾਈਟਸ ਰੱਦ
ਬਰਫ਼ੀਲਾ ਤੂਫ਼ਾਨ ਅਮਰੀਕਾ-ਕੈਨੇਡਾ ਦੇ ਕਰੋੜਾਂ ਲੋਕਾਂ ਉਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ ਅਤੇ ਦੋਹਾਂ ਮੁਲਕਾਂ ਵਿਚ ਸੈਂਕੜੇ ਫਲਾਈਟਸ ਰੱਦ ਹੋਣ ਸਣੇ ਹਾਈਵੇਜ਼ ’ਤੇ ਵੱਡੇ ਹਾਦਸੇ ਹੋਣ ਦੀ ਰਿਪੋਰਟ ਹੈ

By : Upjit Singh
ਟੋਰਾਂਟੋ : ਬਰਫ਼ੀਲਾ ਤੂਫ਼ਾਨ ਅਮਰੀਕਾ-ਕੈਨੇਡਾ ਦੇ ਕਰੋੜਾਂ ਲੋਕਾਂ ਉਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ ਅਤੇ ਦੋਹਾਂ ਮੁਲਕਾਂ ਵਿਚ ਸੈਂਕੜੇ ਫਲਾਈਟਸ ਰੱਦ ਹੋਣ ਸਣੇ ਹਾਈਵੇਜ਼ ’ਤੇ ਵੱਡੇ ਹਾਦਸੇ ਹੋਣ ਦੀ ਰਿਪੋਰਟ ਹੈ। ਅਮਰੀਕਾ ਵਿਚ 11 ਕਰੋੜ 40 ਲੱਖ ਲੋਕ ਚਿਤਾਵਨੀ ਦੇ ਘੇਰੇ ਵਿਚ ਆ ਚੁੱਕੇ ਹਨ ਅਤੇ ਭਾਰੀ ਬਰਫ਼ਬਾਰੀ ਸਣੇ ਹੱਡ ਚੀਰਵੀਂਆਂ ਹਵਾਵਾਂ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਡੈਟਰਾਇਟ, ਪਿਟਜ਼ਬਰਗ, ਵਾਸ਼ਿੰਗਟਨ ਡੀ.ਸੀ., ਫ਼ਿਲਾਡੈਲਫ਼ੀਆ, ਨਿਊ ਯਾਰਕ ਸਿਟੀ, ਬੋਸਟਨ ਅਤੇ ਨਿਊ ਓਰਲੀਨਜ਼ ਵਰਗੇ ਵੱਡੇ ਸ਼ਹਿਰਾਂ ਤੋਂ ਇਲਾਵਾ ਬਫ਼ਲੋ ਵਰਗੇ ਸ਼ਹਿਰ ਬਰਫ਼ੀਲੇ ਤੂਫ਼ਾਨ ਦੇ ਰਾਹ ਵਿਚ ਦੱਸੇ ਜਾ ਰਹੇ ਹਨ।
ਮਿਸ਼ੀਗਨ ਸਣੇ ਵੱਖ ਵੱਖ ਰਾਜਾਂ ਵਿਚ ਦਰਜਨਾਂ ਹਾਦਸੇ
ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਡੈਟਰਾਇਟ ਹਵਾਈ ਅੱਡੇ ’ਤੇ 90 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ 105 ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ। ਇਸ ਤੋਂ ਇਲਾਵਾ ਨਿਊ ਯਾਰਕ ਸਿਟੀ ਅਤੇ ਨਿਊ ਅਰਕ ਦੇ ਹਵਾਈ ਅੱਡਿਆਂ ’ਤੇ ਵੀ ਦਰਜਨਾਂ ਫ਼ਲਾਈਟਸ ਰੱਦ ਹੋਈਆਂ ਸੈਂਕੜੇ ਦੇਰੀ ਨਾਲ ਰਵਾਨਾ ਹੋ ਸਕੀਆਂ ਜਾਂ ਪੁੱਜੀਆਂ। ਡੈਟਰਾਇਟ ਨੇੜੇ ਇੰਟਰਸਟੇਟ 75 ’ਤੇ ਕਈ ਟਰੱਕਾਂ ਅਤੇ ਕਾਰਾਂ ਸਣੇ 50 ਤੋਂ ਵੱਧ ਗੱਡੀਆਂ ਆਪਸ ਵਿਚ ਭਿੜ ਗਈਆਂ ਪਰ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਗਰੇਟ ਲੇਕਸ ਦੇ ਇਲਾਕਿਆਂ ਤੋਂ ਇਲਾਵਾ ਅਮਰੀਕਾ ਦੇ ਮੱਧ-ਪੱਛਮੀ ਅਤੇ ਉਤਰ-ਪੂਰਬੀ ਇਲਾਕਿਆਂ ਵਿਚ 6 ਇੰਚ ਤੱਕ ਬਰਫ਼ ਡਿੱਗ ਸਕਦੀ ਹੈ।
ਉਨਟਾਰੀਓ ਦੇ 60 ਹਜ਼ਾਰ ਘਰਾਂ ਦੀ ਬਿਜਲੀ ਗੁੱਲ
ਇਥੋਂ ਤੱਕ ਕਿ ਕੈਂਟਕੀ ਦੇ ਦੱਖਣੀ ਹਿੱਸੇ ਅਤੇ ਵੈਸਟ ਵਰਜੀਨੀਆ ਵਿਚ ਸਨੋਅਫ਼ਾਲ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕੈਨੇਡਾ ਦੇ ਉਨਟਾਰੀਓ ਅਤੇ ਕਿਊਬੈਕ ਰਾਜਾਂ ਵਿਚ ਸੋਮਵਾਰ ਸ਼ਾਮ ਔਰੇਂਜ ਐਲਰਟ ਜਾਰੀ ਕੀਤਾ ਗਿਆ ਅਤੇ ਨੋਵਾ ਸਕੋਸ਼ੀਆ ਦੇ ਕੁਝ ਇਲਾਕੇ ਵਿਚ ਬਰਫ਼ੀਲੇ ਤੂਫ਼ਾਨ ਦੀ ਮਾਰ ਹੇਠ ਦੱਸੇ ਜਾ ਰਹੇ ਹਨ। ਉਨਟਾਰੀਓ ਅਤੇ ਕਿਊਬੈਕ ਵਿਚ 60 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਪੂਰਾ ਦਿਨ ਗੁੱਲ ਰਹੀ ਜਦਕਿ ਨਿਊ ਬ੍ਰਨਜ਼ਵਿਕ 2 ਹਜ਼ਾਰ ਘਰਾਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ਟੋਰਾਂਟੋ, ਲੰਡਨ, ਲੇਕ ਹਿਊਰਨ ਅਤੇ ਜਾਰਜੀਅਨ ਬੇਅ ਇਲਾਕਿਆਂ ਵਿਚ ਰਿਕਾਰਡਤੋੜ ਬਰਫ਼ਬਾਰੀ ਮਗਰੋਂ ਮੰਗਲਵਾਰ ਬਾਅਦ ਦੁਪਹਿਰ ਤੱਕ ਹਾਲਾਤ ਵਿਚ ਸੁਧਾਰ ਹੋਣ ਦੇ ਆਸਾਰ ਹਨ। ਪੀਅਰਸਨ ਇੰਟਰਨੈਸ਼ਨ ਏਅਰਪੋਰਟ ਵੱਲੋਂ ਮੁਸਾਫ਼ਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਫਲਾਈਟ ਦਾ ਸਟੇਟਸ ਚੈਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ ਦੇ ਯਤਨ ਕੀਤੇ ਜਾਣ। ਉਧਰ ਮੌਂਟਰੀਅਲ ਵਿਖੇ ਹਰ ਘੰਟੇ ਐਂਬੁਲੈਂਸ ਸੇਵਾ ਲਈ 100 ਤੋਂ ਵੱਧ ਕਾਲਜ਼ ਆ ਰਹੀਆਂ ਹਨ ਅਤੇ ਜ਼ਿਆਦਾਤਰ ਮਾਮਲੇ ਬਰਫ਼ਬਾਰੀ ਨਾਲ ਸਬੰਧਤ ਹਨ।


