Begin typing your search above and press return to search.

ਕੈਨੇਡਾ ’ਚ ਸੈਂਕੜੇ ਪਰਵਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ

ਕੈਨੇਡਾ ਵਿਚ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆਏ ਕਾਰੋਬਾਰੀਆਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਵੀ ਸਬੰਧਤ ਨਹੀਂ

ਕੈਨੇਡਾ ’ਚ ਸੈਂਕੜੇ ਪਰਵਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ
X

Upjit SinghBy : Upjit Singh

  |  31 July 2025 5:53 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆਏ ਕਾਰੋਬਾਰੀਆਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਵੀ ਸਬੰਧਤ ਨਹੀਂ ਜਦਕਿ ਦੂਜੇ ਪਾਸੇ ਬੀ.ਸੀ. ਵਿਚ ਪੁਲਿਸ ਉਤੇ ਸਖ਼ਤ ਕਾਰਵਾਈ ਨਾ ਕਰਨ ਦੇ ਦੋਸ਼ ਵੱਖਰੇ ਤੌਰ ’ਤੇ ਲੱਗ ਰਹੇ ਹਨ। ‘ਗਲੋਬਲ ਨਿਊਜ਼’ ਵੱਲੋਂ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਜਾਨੋ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਡਰ ਹੈ ਕਿ ਜੇ ਉਨ੍ਹਾਂ ਨੇ ਜਨਤਕ ਤੌਰ ’ਤੇ ਐਕਸਟੌਰਸ਼ਨ ਕਾਲਜ਼ ਦਾ ਜ਼ਿਕਰ ਕੀਤਾ ਤਾਂ ਖਤਰਨਾਕ ਸਿੱਟੇ ਭੁਗਤਣੇ ਪੈ ਸਕਦੇ ਹਨ।

ਪੁਲਿਸ ਕੋਲ ਜਾਣ ਤੋਂ ਡਰ ਰਹੇ ਲੋਕ

ਗੁਰਪ੍ਰੀਤ ਸਿੰਘ ਸਹੋਤਾ ਮੁਤਾਬਕ ਅਜਿਹੇ ਮਾਮਲਿਆਂ ਨਾਲ ਨਾਂ ਜੁੜ ਜਾਵੇ ਤਾਂ ਲਾਈਫ਼ ਇੰਸ਼ੋਰੈਂਸ ਲੈਣੀ ਔਖੀ ਹੋ ਜਾਂਦੀ ਹੈ ਅਤੇ ਕਰਜ਼ਾ ਵੀ ਸੌਖਿਆਂ ਨਹੀਂ ਮਿਲਦਾ। ਦੂਜੇ ਪਾਸੇ ਉਨਟਾਰੀਓ ਅਤੇ ਐਲਬਰਟਾ ਵਿਚ ਸ਼ੱਕੀਆਂ ਦੀ ਗ੍ਰਿਫ਼ਤਾਰੀ ਅਤੇ ਦੋਸ਼ ਆਇਦ ਕੀਤੇ ਜਾਣ ਦੀਆਂ ਖਬਰਾਂ ਪੜ੍ਹ ਕੇ ਬੀ.ਸੀ. ਵਾਲੇ ਮਾਯੂਸ ਹੁੰਦੇ ਹਨ ਕਿਉਂਕਿ ਬ੍ਰਿਟਿਸ਼ ਕੋਲੰਬੀਆ ਆਰ.ਸੀ.ਐਮ.ਪੀ. ਐਕਸਟੌਰਸ਼ਨ ਦੇ ਮਾਮਲਿਆਂ ਵਿਚ ਹੁਣ ਤੱਕ ਸਿਰਫ਼ ਦੋ ਗ੍ਰਿਫ਼ਤਾਰੀਆਂ ਹੀ ਕਰ ਸਕੀ ਹੈ ਪਰ ਦੋਹਾਂ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਲੋਕ ਨਤੀਜੇ ਚਾਹੁੰਦੇ ਹਨ ਅਤੇ ਸਿਰਫ਼ ਬਿਆਨਾਂ ਨਾਲ ਕੰਮ ਨਹੀਂ ਚੱਲ ਸਕਦਾ। ਇਥੇ ਦਸਣਾ ਬਣਦਾ ਹੈ ਕਿ ਆਰ.ਸੀ.ਐਮ.ਪੀ. ਵੱਲੋਂ ਪੂਰੇ ਮੁਲਕ ਵਿਚ ਐਕਸਟੌਰਸ਼ਨ ਮਾਮਲਿਆਂ ਦੀ ਪੜਤਾਲ ਦੇ ਮਕਸਦ ਨਾਲ ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਬਣਾਈ ਗਈ। ਟੀਮ ਦੇ ਇੰਚਾਰਜ ਐਡਮ ਮੈਕਇਨਤੋਸ਼ ਨੇ ਲੋਕਾਂ ਦੀ ਚਿੰਤਾ ਨੂੰ ਜਾਇਜ਼ ਠਹਿਰਾਇਆ ਪਰ ਨਾਲ ਹੀ ਕਿਹਾ ਕਿ ਜਦੋਂ ਤੱਕ ਲੋਕ ਅੱਗੇ ਨਹੀਂ ਆਉਣਗੇ ਪੁਲਿਸ ਕੁਝ ਨਹੀਂ ਕਰ ਸਕਦੀ।

ਬੀ.ਸੀ. ਵਿਚ ਪੁਲਿਸ ’ਤੇ ਲੱਗੇ ਢਿੱਲ-ਮੱਠ ਵਰਤਣ ਦੇ ਦੋਸ਼

ਉਨ੍ਹਾਂ ਦੱਸਿਆ ਕਿ ਹੁਣ ਵੀ ਗੋਲੀਬਾਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਲੋਕਾਂ ਵਿਚ ਖੌਫ ਪੈਦਾ ਹੋਣਾ ਸੁਭਾਵਕ ਹੈ ਜਦੋਂ ਉਨ੍ਹਾਂ ਦੇ ਘਰ ਜਾਂ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਾਂ ਪਰਵਾਰ ਨੂੰ ਧਮਕੀਆਂ ਮਿਲਦੀਆਂ ਹਨ। ਮੈਕਇਨਤੋਸ਼ ਨੇ ਦਲੀਲ ਦਿਤੀ ਕਿ ਐਲਬਰਟਾ ਅਤੇ ਉਨਟਾਰੀਓ ਵਿਚ ਦੋਸ਼ ਆਇਦ ਕਰਨ ਦੀ ਜ਼ਿੰਮੇਵਾਰੀ ਪੁਲਿਸ ਮਹਿਕਮਿਆਂ ਕੋਲ ਹੈ ਜਦਕਿ ਬੀ.ਸੀ. ਵਿਚ ਇਹ ਕੰਮ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਬਾਰੇ ਯੂਨੀਵਰਸਿਟੀ ਆਫ਼ ਐਲਬਰਟਾ ਵਿਚ ਕਾਨੂੰਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਸੈਂਡਰਾਈਨ ਐਂਪਲਮੈਨ ਟ੍ਰੈਂਬਲੇਅ ਨੇ ਕਿਹਾ ਕਿ ਬੀ.ਸੀ. ਵਿਚ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਦੋਸ਼ਾਂ ਨੂੰ ਪ੍ਰਵਾਨਗੀ ਦਿਤੇ ਜਾਣ ਮਗਰੋਂ ਕਿਸੇ ਨੂੰ ਦੋਸ਼ੀ ਠਹਿਰਾਏ ਜਾਣ ਦੇ ਆਸਾਰ ਵਧ ਜਾਂਦੇ ਹਨ ਪਰ ਐਲਬਰਟਾ ਅਤੇ ਉਨਟਾਰੀਓ ਵਿਚ ਅਜਿਹਾ ਨਹੀਂ ਹੁੰਦਾ। ਦੱਸ ਦੇਈਏ ਕਿ ਐਡਮਿੰਟਨ ਪੁਲਿਸ ਵੱਲੋਂ ਛੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਪਹਿਲਾਂ ਹੀ ਗੁਨਾਹ ਕਬੂਲ ਕਰ ਚੁੱਕਾ ਹੈ। ਇਸੇ ਤਰ੍ਹਾਂ ਪੀਲ ਰੀਜਨਲ ਪੁਲਿਸ 18 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਜਿਨ੍ਹਾਂ ਵਿਚੋਂ ਤਿੰਨ ਡੈਲਟਾ ਨਾਲ ਸਬੰਧਤ ਹਨ। ਮੈਕਇਨਤੋਸ਼ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਫੋਨ ਕਰਨ ਵਾਲੇ ਜਾਂ ਗੋਲੀਆਂ ਚਲਾਉਣ ਵਾਲੇ ਸਿਰਫ ਮੋਹਰੇ ਵਜੋਂ ਕੰਮ ਕਰਦੇ ਹਨ ਜਦਕਿ ਅਸਲ ਸਾਜ਼ਿਸ਼ਘਾੜੇ ਸਾਹਮਣੇ ਹੀ ਨਹੀਂ ਆਉਂਦੇ। ਉਧਰ ਗੁਰਪ੍ਰੀਤ ਸਹੋਤਾ ਦਾ ਕਹਿਣਾ ਸੀ ਕਿ ਪੁਲਿਸ ਜਿੰਨਾ ਵੱਧ ਸਮਾਂ ਗੁੱਥੀ ਸੁਲਝਾਉਣ ਵਿਚ ਲਾਵੇਗੀ, ਓਨਾਂ ਹੀ ਖੌਫ ਲੋਕਾਂ ਵਿਚ ਵਧਦਾ ਜਾਵੇਗਾ। ਲੋਕਾਂ ਦੇ ਘਰਾਂ ’ਤੇ 10-10 ਗੋਲੀਆਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਦਾ ਸ਼ਿਕਾਰ ਕੋਈ ਵੀ ਬਣ ਸਕਦਾ ਹੈ।

Next Story
ਤਾਜ਼ਾ ਖਬਰਾਂ
Share it