ਕੈਨੇਡਾ ’ਚ ਲਗਾਤਾਰ 6ਵੇਂ ਮਹੀਨੇ ਘਟੇ ਮਕਾਨ ਕਿਰਾਏ
ਕੈਨੇਡਾ ਵਿਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ-ਨਾਲ ਮਕਾਨ ਕਿਰਾਇਆਂ ਵਿਚ ਵੀ ਲਗਾਤਾਰ ਕਮੀ ਆ ਰਹੀ ਹੈ।

By : Upjit Singh
ਟੋਰਾਂਟੋ : ਕੈਨੇਡਾ ਵਿਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ-ਨਾਲ ਮਕਾਨ ਕਿਰਾਇਆਂ ਵਿਚ ਵੀ ਲਗਾਤਾਰ ਕਮੀ ਆ ਰਹੀ ਹੈ। ਰੈਂਟਲਜ਼ ਡਾਟ ਸੀ.ਏ. ਦੀ ਰਿਪੋਰਟ ਮੁਤਾਬਕ ਮਾਰਚ ਮਹੀਨੇ ਦੌਰਾਨ ਮਕਾਨ ਮਾਲਕਾਂ ਵੱਲੋਂ ਮੰਗੇ ਜਾ ਰਹੇ ਔਸਤ ਕਿਰਾਏ ਵਿਚ ਮਾਰਚ 2024 ਦੇ ਮੁਕਾਬਲੇ 2.8 ਫੀ ਸਦੀ ਕਮੀ ਦਰਜ ਕੀਤੀ ਗਈ ਪਰ ਮਹੀਨਾਵਾਰ ਆਧਾਰ ’ਤੇ ਦੇਖਿਆ ਜਾਵੇ ਤਾਂ ਫਰਵਰੀ ਦੇ ਮੁਕਾਬਲੇ ਮਾਰਚ ਮਹੀਨੇ ਦੌਰਾਨ ਮਕਾਨ ਕਿਰਾਏ ਡੇਢ ਫੀ ਸਦੀ ਵਧ ਗਏ। ਅਰਬਨੇਸ਼ਨ ਦੇ ਮੁਖੀ ਸ਼ੌਨ ਹਿਲਡਰਬਰੈਂਡ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਦੇ ਮੁਕਾਬਲੇ ਮਾਰਚ ਦੌਰਾਨ ਕਿਰਾਏਦਾਰਾਂ ਦੀਆਂ ਸਰਗਰਮੀਆਂ ਵਿਚ ਵਾਧਾ ਹੋਇਆ ਹੈ ਪਰ ਕੁਲ ਮਿਲਾ ਕੇ ਨਿਚੋੜ ਕੱਢਿਆ ਜਾ ਸਕਦਾ ਹੈ ਕਿ ਅਸਮਾਨ ਛੂੰਹਦੇ ਮਕਾਨ ਕਿਰਾਇਆਂ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ।
ਉਨਟਾਰੀਓ ਵਿਚ ਸਭ ਤੋਂ ਵੱਡੀ ਗਿਰਾਵਟ ਆਈ
ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਾਲ ਆਰੰਭ ਹੋਈ ਕਾਰੋਬਾਰੀ ਜੰਗ ਦਾ ਹਾਊਸਿੰਗ ਸੈਕਟਰ ’ਤੇ ਅਸਰ ਪੈਣਾ ਲਾਜ਼ਮੀ ਹੈ ਅਤੇ ਨੇੜ ਭਵਿੱਖ ਵਿਚ ਮਕਾਨ ਕਿਰਾਏ ਹੋਰ ਹੇਠਾਂ ਆ ਸਕਦੇ ਹਨ। ਦੂਜੇ ਪਾਸੇ ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਨਟਾਰੀਓ ਵਿਚ ਮਕਾਨ ਕਿਰਾਏ ਸਭ ਤੋਂ ਤੇਜ਼ੀ ਨਾਲ ਹੇਠਾਂ ਆਏ ਹਨ। ਮਾਰਚ ਦੌਰਾਨ ਕਿਸੇ ਅਪਾਰਟਮੈਂਟ ਜਾਂ ਕੌਂਡੋ ਦਾ ਔਸਤ ਕਿਰਾਇਆ 2,327 ਡਾਲਰ ਦਰਜ ਕੀਤਾ ਗਿਆ ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 3.5 ਫੀ ਸਦੀ ਘੱਟ ਬਣਦਾ ਹੈ। ਕਿਊਬੈਕ ਵਿਚ ਔਸਤ ਮਕਾਨ ਕਿਰਾਇਆ 1,949 ਡਾਲਰ ਰਿਹਾ ਅਤੇ ਸਾਲਾਨਾ ਆਧਾਰ ’ਤੇ 2.5 ਫੀ ਸਦੀ ਕਮੀ ਦਰਜ ਕੀਤੀ ਗਈ। ਬੀ.ਸੀ. ਦਾ ਜ਼ਿਕਰ ਕੀਤਾ ਜਾਵੇ ਤਾਂ ਮਕਾਨ ਮਾਲਕਾਂ ਵੱਲੋਂ ਮੰਗਿਆ ਜਾ ਰਿਹਾ ਔਸਤ ਮਕਾਨ ਕਿਰਾਇਆ 2,480 ਡਾਲਰ ਰਿਹਾ ਜੋ ਸਾਲਾਨਾ ਆਧਾਰ ’ਤੇ 0.6 ਫੀ ਸਦੀ ਘੱਟ ਬਣਦਾ ਹੈ। ਐਲਬਰਟਾ ਵਿਚ ਔਸਤ ਮਕਾਨ ਕਿਰਾਇਆ 0.4 ਫੀ ਸਦੀ ਕਮੀ ਨਾਲ 1,721 ਡਾਲਰ ਦਰਜ ਕੀਤਾ ਗਿਆ। ਸਸਕੈਚਵਨ ਵਿਖੇ ਸਾਲਾਨਾ ਆਧਾਰ ’ਤੇ ਮਕਾਨ ਕਿਰਾਇਆ ਤਿੰਨ ਫੀ ਸਦੀ ਕਮੀ ਨਾਲ 1,336 ਡਾਲਰ ਰਿਹਾ ਜਦਕਿ ਨੋਵਾ ਸਕੋਸ਼ੀਆ ਵਿਚ 2.4 ਫੀ ਸਦੀ ਕਮੀ ਨਾਲ 2,199 ਡਾਲਰ ਦਰਜ ਕੀਤਾ ਗਿਆ।
ਸ਼ਹਿਰਾਂ ਦੇ ਆਧਾਰ ’ਤੇ ਕੈਲਗਰੀ ਵਿਚ ਸਭ ਤੋਂ ਵੱਧ ਕਮੀ ਆਈ
ਇਸੇ ਤਰ੍ਹਾਂ ਮੈਨੀਟੋਬਾ ਵਿਖੇ ਔਸਤ ਮਕਾਨ ਕਿਰਾਇਆ ਦੋ ਫੀ ਸਦੀ ਕਮੀ ਨਾਲ 1,592 ਡਾਲਰ ਦਰਜ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਮਾਰਚ 2020 ਵਿਚ ਕੋਰੋਨਾ ਮਹਾਂਮਾਰੀ ਦੇ ਦਸਤਕ ਦੇਣ ਮਗਰੋਂ ਔਸਤ ਮਕਾਨ ਕਿਰਾਇਆਂ ਵਿਚ 17.8 ਫੀ ਸਦੀ ਵਾਧਾ ਹੋਇਆ ਜਦਕਿ ਰੈਂਟਲ ਅਪਾਰਟਮੈਂਟਸ ਦੇ ਕਿਰਾਏ 35 ਫੀ ਸਦੀ ਤੋਂ ਵੀ ਵੱਧ ਰਫ਼ਤਾਰ ਨਾਲ ਵਧੇ। ਸ਼ਹਿਰਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਟੋਰਾਂਟੋ ਵਿਖੇ ਮਕਾਨ ਕਿਰਾਏ 6.9 ਫੀ ਸਦੀ ਹੇਠਾਂ ਆ ਚੁੱਕੇ ਹਨ ਅਤੇ 2,589 ਡਾਲਰ ਦਾ ਔਸਤ ਕਿਰਾਇਆ ਪਿਛਲੇ 32 ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਦੱਸਿਆ ਜਾ ਰਿਹਾ ਹੈ। ਵੈਨਕੂਵਰ ਵਿਖੇ ਔਸਤ ਮਕਾਨ ਕਿਰਾਇਆ 5.7 ਫੀ ਸਦੀ ਕਮੀ ਨਾਲ 2,822 ਡਾਲਰ ਦਰਜ ਕੀਤਾ ਗਿਆ ਜੋ ਪਿਛਲੇ 35 ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਕੈਲਗਰੀ ਵਿਖੇ ਸਾਲਾਨਾ ਆਧਾਰ ’ਤੇ ਔਸਤ ਮਕਾਨ ਕਿਰਾਏ ਵਿਚ ਸਭ ਤੋਂ ਵੱਧ 7.8 ਫੀ ਸਦੀ ਕਮੀ ਦਰਜ ਕੀਤੀ ਗਈ ਹੈ।


