Canada ’ਚ ਮਕਾਨ ਸਸਤੇ ਹੋਏ ਪਰ ਹਾਲੇ ਵੀ ਲੋਕਾਂ ਦੇ ਪਹੁੰਚ ਤੋਂ ਦੂਰ
ਕੈਨੇਡਾ ਵਿਚ ਮਕਾਨਾਂ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਪਰ ਫ਼ਿਰ ਵੀ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚ ਤੋਂ ਬਾਹਰ ਹਨ

By : Upjit Singh
ਓਕਵਿਲ : ਕੈਨੇਡਾ ਵਿਚ ਮਕਾਨਾਂ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਪਰ ਫ਼ਿਰ ਵੀ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚ ਤੋਂ ਬਾਹਰ ਹਨ। ਜੀ ਹਾਂ, ਮਕਾਨਾਂ ਦੀ ਵਿਕਰੀ ਨਾਲ ਸਬੰਧਤ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਮਹੀਨੇ ਦੌਰਾਨ ਗਰੇਟਰ ਟੋਰਾਂਟੋ ਏਰੀਆ ਵਿਚ 75 ਫ਼ੀ ਸਦੀ ਮਕਾਨ ਮੰਗੀ ਗਈ ਕੀਮਤ ਤੋਂ ਹੇਠਾਂ ਵਿਕੇ। ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਤਾਂ ਮੂੰਹ ਮੰਗੀਆਂ ਕੀਮਤਾਂ ਵਾਲਾ ਸਮਾਂ ਲੰਘ ਚੁੱਕਾ ਹੈ ਅਤੇ ਇਕ ਲੱਖ ਡਾਲਰ ਤੱਕ ਦੀ ਕਟੌਤੀ ਆਮ ਨਜ਼ਰ ਆ ਰਹੀ ਹੈ। ਰੀਅਲ ਅਸਟੇਟ ਦੇ ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਮਕਾਨਾਂ ਦੀ ਉਸਾਰੀ ਉਤੇ ਵੱਡਾ ਅਸਰ ਪਿਆ ਹੈ ਅਤੇ ਲੋਕਾਂ ਦੀ ਆਮਦਨ ਮਕਾਨਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਨਹੀਂ ਵਧੀ।
ਮਕਾਨ ਵੇਚਣ ਵਾਲਿਆਂ ਨੂੰ ਨਹੀਂ ਮਿਲ ਰਹੀ ਮੂੰਹ ਮੰਗੀ ਕੀਮਤ
ਮਿਸਾਲ ਵਜੋਂ 1981 ਤੋਂ 2024 ਦਰਮਿਆਨ ਮਹਿੰਗਾਈ ਦੇ ਹਿਸਾਬ ਨਾਲ ਆਮਦਨ ਵਿਚ 20 ਫ਼ੀ ਸਦੀ ਵਾਧਾ ਹੋਇਆ ਜਦਕਿ ਮਕਾਨਾਂ ਦੀਆਂ ਕੀਮਤਾਂ 163 ਫ਼ੀ ਸਦੀ ਵਧੀਆਂ। ਦੱਸ ਦੇਈਏ ਕਿ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਲੰਮੇ ਸਮੇਂ ਤੋਂ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ ਇਸ ਵੇਲੇ ਕੇਂਦਰੀ ਬੈਂਕ ਦੀ ਦਰ ਸਵਾ ਦੋ ਫ਼ੀ ਸਦੀ ਚੱਲ ਰਹੀ ਹੈ ਜੋ 2019 ਦੇ ਮੁਕਾਬਲੇ ਵੱਧ ਬਣਦੀ ਹੈ ਜਦੋਂ ਪੌਣੇ ਦੋ ਫ਼ੀ ਸਦੀ ਵਿਆਜ ਦਰ ਚੱਲ ਰਹੀ ਸੀ ਅਤੇ ਕੋਰੋਨਾ ਮਹਾਮਾਰੀ ਦੌਰਾਨ 0.25 ਫ਼ੀ ਸਦੀ ਹੀ ਰਹਿ ਗਈ। ਨਤੀਜੇ ਇਹ ਹੋਇਆ ਮਕਾਨਾਂ ਦੀਆਂ ਕੀਮਤਾਂ ਐਨੀ ਤੇਜ਼ੀ ਨਾਲ ਵਧਣ ਲੱਗੀਆਂ ਕਿ ਰੀਅਲ ਅਸਟੇਟ ਬਾਜ਼ਾਰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ। ਦੂਜੇ ਪਾਸੇ ਬੈਂਕ ਆਫ਼ ਕੈਨੇਡਾ ਨੇ ਮਹਿੰਗਾਈ ਕਾਬੂ ਹੇਠ ਰੱਖਣ ਲਈ ਵਿਆਜ ਦਰਾਂ ਵਿਚ ਵਾਧਾ ਜਾਰੀ ਰੱਖਿਆ ਅਤੇ ਲੋਕਾਂ ਵਾਸਤੇ ਕਿਸ਼ਤਾਂ ਭਰਨੀਆਂ ਔਖੀਆਂ ਹੋ ਗਈਆਂ। ਹਾਲਾਤ ਮੁੜ ਬਦਲੇ ਅਤੇ ਇਸ ਵੇਲੇ ਕੀਮਤਾਂ ਹੇਠਾਂ ਜਾਣ ਦਾ ਸਿਲਸਿਲਾ ਜਾਰੀ ਹੈ। ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਵਿਚ ਵੀ ਦਰਮਿਆਨੇ ਮਕਾਨ ਦੀ ਔਸਤ ਕੀਮਤ 12 ਲੱਖ 72 ਹਜ਼ਾਰ ਡਾਲਰ ਦੇ ਨੇੜੇ-ਤੇੜੇ ਚੱਲ ਰਹੀ ਹੈ।


