ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਘਟਣ ਦੀ ਉਮੀਦ ਟੁੱਟੀ
ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਘਟਣ ਦੀ ਉਮੀਦ ਖਤਮ ਹੋ ਗਈ ਜਦੋਂ ਬੈਂਕ ਆਫ਼ ਕੈਨੇਡਾ ਵੱਲੋਂ ਬੁਨਿਆਦੀ ਵਿਆਜ ਦਰ ਵਿਚ ਕੋਈ ਕਟੌਤੀ ਨਾ ਕਰਦਿਆਂ ਇਸ ਨੂੰ 2.75 ਫੀ ਸਦੀ ’ਤੇ ਬਰਕਰਾਰ ਰੱਖਣ ਦਾ ਫੈਸਲਾ ਲਿਆ

By : Upjit Singh
ਔਟਵਾ/ਵਾਸ਼ਿੰਗਟਨ : ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਘਟਣ ਦੀ ਉਮੀਦ ਖਤਮ ਹੋ ਗਈ ਜਦੋਂ ਬੈਂਕ ਆਫ਼ ਕੈਨੇਡਾ ਵੱਲੋਂ ਬੁਨਿਆਦੀ ਵਿਆਜ ਦਰ ਵਿਚ ਕੋਈ ਕਟੌਤੀ ਨਾ ਕਰਦਿਆਂ ਇਸ ਨੂੰ 2.75 ਫੀ ਸਦੀ ’ਤੇ ਬਰਕਰਾਰ ਰੱਖਣ ਦਾ ਫੈਸਲਾ ਲਿਆ ਗਿਆ। ਅਮਰੀਕਾ ਨਾਲ ਕਾਰੋਬਾਰੀ ਤਣਾਅ ਦੇ ਮੱਦੇਨਜ਼ਰ ਆਰਥਿਕ ਮਾਹਰ ਪਹਿਲਾਂ ਹੀ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਤੋਂ ਇਨਕਾਰ ਕਰ ਚੁੱਕੇ ਸਨ ਪਰ ਗੁਆਂਢੀ ਮੁਲਕ ਦੇ ਲੋਕਾਂ ਨੂੰ ਵੀ ਵਿਆਜ ਦਰਾਂ ਵਿਚ ਕਟੌਤੀ ਦਾ ਤੋਹਫ਼ਾ ਨਾ ਮਿਲ ਸਕਿਆ।
ਬੈਂਕ ਆਫ਼ ਕੈਨੇਡਾ ਨੇ ਬਰਕਰਾਰ ਰੱਖੀ ਵਿਆਜ ਦਰ
ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ 4.25 ਫੀ ਸਦੀ ਤੋਂ 4.5 ਫੀ ਸਦੀ ਦੀ ਮੌਜੂਦਾ ਦਰ ਨੂੰ ਬਰਕਰਾਰ ਰੱਖਿਆ ਗਿਆ ਹੈ ਜਦਕਿ ਰਾਸ਼ਟਰਪਤੀ ਡੌਨਲਡ ਟਰੰਪ ਵਿਆਜ ਦਰਾਂ ਵਿਚ ਕਟੌਤੀ ਦਾ ਦਬਾਅ ਪਾ ਰਹੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਿਰੋਮ ਪਾਵੈਲ ਨੇ ਕਿਹਾ ਕਿ ਐਫ਼.ਓ.ਐਮ.ਸੀ. ਦੇ ਜ਼ਿਆਦਾਤਰ ਮੈਂਬਰਾਂ ਨੇ ਵਿਆਜ ਦਰਾਂ ਮੌਜੂਦਾ ਪੱਧਰ ’ਤੇ ਰੱਖਣ ਦੀ ਹਮਾਇਤ ਕੀਤੀ ਕਿਉਂਕਿ ਮਹਿੰਗਾਈ ਦਰ 2 ਫੀ ਸਦੀ ਤੋਂ ਉਪਰ ਚੱਲ ਰਹੀ ਹੈ। ਸਿਰਫ ਐਨਾ ਹੀ ਨਹੀਂ ਅਮਰੀਕਾ ਦਾ ਅਰਥਚਾਰਾ ਚੰਗੀ ਹਾਲਤ ਵਿਚ ਹੋਣ ਦੇ ਬਾਵਜੂਦ ਕਾਰਗੁਜ਼ਾਰੀ ਦੇ ਮਾਮਲੇ ਵਿਚ ਪੱਛੜਿਆ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਕੈਨੇਡਾ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਂਦਰੀ ਬੈਂਕ ਦੇ ਗਵਰਨਰ ਟਿਫ਼ ਮੈਕਲਮ ਨੇ ਕਿਹਾ ਕਿ ਅਮਰੀਕਾ ਦੀਆਂ ਟੈਰਿਫ਼ਸ ਉਲਝਣਾਂ ਪੈਦਾ ਕਰ ਰਹੀਆਂ ਹਨ ਅਤੇ ਅਰਥਚਾਰੇ ਬਾਰੇ ਭਵਿੱਖਬਾਣੀ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮਜ਼ੋਰ ਹੁੰਦਾ ਅਰਥਚਾਰਾ ਮਹਿੰਗਾਈ ’ਤੇ ਦਬਾਅ ਵਧਾਉਣ ਦਾ ਕੰਮ ਕਰਦਾ ਹੈ ਅਤੇ ਕਾਰੋਬਾਰੀ ਟਕਰਾਅ ਕਰ ਕੇ ਵੀ ਕੀਮਤਾਂ ਵਿਚ ਵਾਧਾ ਹੁੰਦਾ ਹੈ ਤਾਂ ਵਿਆਜ ਦਰਾਂ ਵਿਚ ਕਟੌਤੀ ਬਾਰੇ ਸੋਚਿਆ ਜਾ ਸਕਦਾ ਹੈ।
ਅਮਰੀਕਾ ਵਾਲਿਆਂ ਨੂੰ ਵੀ ਨਾ ਮਿਲਿਆ ਕਟੌਤੀ ਦਾ ਤੋਹਫ਼ਾ
ਬੈਂਕ ਆਫ਼ ਕੈਨੇਡਾ ਦੀ ਤਿਮਾਹੀ ਮੁਦਰਾ ਨੀਤੀ ਰਿਪੋਰਟ ਵਿਚ ਤਿੰਨ ਕਿਸਮ ਦੇ ਹਾਲਾਤ ਬਿਆਨ ਕੀਤੇ ਗਏ ਹਨ। ਸਭ ਤੋਂ ਪਹਿਲਾਂ ਟੈਰਿਫ਼ਸ ਦੇ ਪੈਣ ਵਾਲੇ ਅਸਰਾਂ ਨੂੰ ਘੋਖਿਆ ਗਿਆ ਹੈ ਜਦਕਿ ਬਦਲਵੇਂ ਪ੍ਰਬੰਧਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੈਰਿਫ਼ਸ ਵਿਚ ਕਟੌਤੀ ਹੋਣ ਦੀ ਸੂਰਤ ਵਿਚ ਪੈਦਾ ਹੋਣ ਵਾਲੇ ਹਾਲਾਤ ਵੀ ਰਿਪੋਰਟ ਬਿਆਨ ਕਰਦੀ ਹੈ। ਉਧਰ ਮੈਕਲਮ ਦਾ ਕਹਿਣਾ ਸੀ ਕਿ ਇਨ੍ਹਾਂ ਤਿੰਨੋ ਹਾਲਾਤ ਵਿਚੋਂ ਕੋਈ ਵੀ ਨਾ ਹੋਣ ’ਤੇ ਕੈਨੇਡੀਅਨ ਅਰਥਚਾਰਾ ਹੁਲਾਰੇ ਵੱਲ ਜਾ ਸਕਦਾ ਹੈ ਪਰ ਮੰਦਭਾਗੇ ਤੌਰ ’ਤੇ ਟੈਰਿਫ਼ਸ ਨੂੰ ਟਾਲਣਾ ਮੌਜੂਦਾ ਹਾਲਾਤ ਵਿਚ ਸੰਭਵ ਮਹਿਸੂਸ ਨਹੀਂ ਹੋ ਰਿਹਾ।


