ਕੈਨੇਡਾ ’ਚ ਬੇਘਰਾਂ ਕਾਰਨ ਮੰਡਰਾਇਆ ਵੱਡਾ ਖ਼ਤਰਾ
ਕੈਨੇਡਾ ਵਿਚ ਬੇਘਰ ਲੋਕਾਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧੇ ਮਗਰੋਂ ਸਮਾਜ ਦੀ ਸੁਰੱਖਿਆ ਉਤੇ ਵੱਡਾ ਖ਼ਤਰਾ ਮੰਡਰਾਉਣ ਲੱਗਾ ਹੈ

By : Upjit Singh
ਬਰਲਿੰਗਟਨ : ਕੈਨੇਡਾ ਵਿਚ ਬੇਘਰ ਲੋਕਾਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧੇ ਮਗਰੋਂ ਸਮਾਜ ਦੀ ਸੁਰੱਖਿਆ ਉਤੇ ਵੱਡਾ ਖ਼ਤਰਾ ਮੰਡਰਾਉਣ ਲੱਗਾ ਹੈ ਅਤੇ ਮਨੁੱਖਤਾ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਉਨਟਾਰੀਓ ਦੇ 29 ਸ਼ਹਿਰਾਂ ਵੱਲੋਂ ਐਮਰਜੰਸੀ ਐਲਾਨਣ ਦਾ ਸੱਦਾ ਦਿਤਾ ਗਿਆ ਹੈ। ਬੇਘਰ ਲੋਕਾਂ ਵਿਚੋਂ ਜ਼ਿਆਦਾਤਰ ਜਿਥੇ ਨਸ਼ਿਆਂ ਦੇ ਆਦੀ ਹੁੰਦੇ ਹਨ, ਉਥੇ ਹੀ ਲੁੱਟਾਂ-ਖੋਹਾਂ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟਦੇ। 29 ਸ਼ਹਿਰਾਂ ਦੇ ਮੇਅਰਜ਼ ਦਾ ਕਹਿਣਾ ਹੈ ਕਿ 2024 ਦੌਰਾਨ ਬੇਘਰ ਲੋਕਾਂ ਅਤੇ ਹਾਊਗਿਸੰਗ ਪ੍ਰੋਗਰਾਮਾਂ ਉਤੇ ਖਰਚ 4 ਅਰਬ ਡਾਲਰ ਤੋਂ ਵੱਧ ਰਕਮ ਵਿਚੋਂ ਅੱਧੀ ਤੋਂ ਜ਼ਿਆਦਾ ਮਿਊਂਸਪੈਲਿਟੀਜ਼ ਦੀ ਜੇਬ ਵਿਚੋਂ ਗਈ।
29 ਮੇਅਰਜ਼ ਵੱਲੋਂ ਐਮਰਜੰਸੀ ਲਾਉਣ ਦਾ ਸੱਦਾ
ਮੇਅਰਜ਼ ਕੌਕਸ ਦੀ ਪ੍ਰਧਾਨ ਅਤੇ ਬਰਲਿੰਗਟਨ ਦੀ ਮੇਅਰ ਮੈਰੀਐਨ ਮੀਡ ਵਾਰਡ ਨੇ ਕਿਹਾ ਕਿ ਐਨੀ ਜ਼ਿਆਦਾ ਰਕਮ ਖਰਚ ਕਰਨੀ ਸ਼ਹਿਰੀ ਪ੍ਰਸ਼ਾਸਨ ਦੇ ਵਸ ਵਿਚ ਨਹੀਂ ਜਦੋਂ ਪਹਿਲਾਂ ਹੀ ਖ਼ਜ਼ਾਨੇ ਨੂੰ ਵੱਡੇ ਖੋਰਾ ਲੱਗ ਚੁੱਕਾ ਹੈ। ਉਨ੍ਹਾਂ ਦਲੀਲ ਦਿਤੀ ਕਿ ਪ੍ਰੌਪਰਟੀ ਟੈਕਸ ਦੀ ਰਕਮ ਨਾਲ ਬੇਘਰਾਂ ਦੀ ਸਮੱਸਿਆ ਖ਼ਤਮ ਨਹੀਂ ਕੀਤੀ ਜਾ ਸਕਦੀ ਪਰ ਫ਼ਿਰ ਵੀ ਮਿਊਂਸਪੈਲਿਟੀਜ਼ ਵੱਲੋਂ ਬਣਦਾ ਯੋਗਦਾਨ ਪਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਗਲੀਆਂ ਵਿਚ ਰੁਲਦੇ ਨਹੀਂ ਦੇਖਿਆ ਜਾ ਸਕਦਾ। ਉਧਰ, ਉਨਟਾਰੀਓ ਦੇ ਮਿਊਂਸਪਲ ਮਾਮਲਿਆਂ ਅਤੇ ਹਾਊਸਿੰਗ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਸੂਬਾ ਸਰਕਾਰ ਪਹਿਲਾਂਹੀ ਬੇਘਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰੀ ਭਰਕਮ ਨਿਵੇਸ਼ ਕਰ ਚੁੱਕੀ ਹੈ। ਬੁਲਾਰੇ ਨੇ ਦੱਸਿਆ ਕਿ ਵਧੇਰੇ ਸ਼ੈਲਟਰ ਸਪੇਸਿਜ਼ ਅਤੇ ਕਿਫ਼ਾਇਤੀ ਰਿਹਾਇਸ਼ ਦੇ ਮਕਸਦ ਤਹਿਤ 75.5 ਮਿਲੀਅਨ ਡਾਲਰ ਖ਼ਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਿਊਂਸਪੈਲਿਟੀਜ਼ ਨੂੰ ਹੋਮਲੈਸਨੈਸ ਪ੍ਰੀਵੈਨਸ਼ਨ ਪ੍ਰੋਗਰਾਮ ਅਧੀਨ ਰਿਹਾਇਸ਼ ਸਹੂਲਤਾਂ ਵਿਚ ਸੁਧਾਰ ਵਾਸਤੇ 1.7 ਅਰਬ ਡਾਲਰ ਮੁਹੱਈਆ ਕਰਵਾਏ ਗਏ ਹਨ।
ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ
ਉਨ੍ਹਾਂ ਅੱਗੇ ਕਿਹਾ ਕਿ ਉਨਟਾਰੀਓ ਵੱਲੋਂ 28 ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹਬਜ਼ ਦੀ ਸਿਰਜਣਾ ਵਾਸਤੇ 550 ਮਿਲੀਅਨ ਡਾਲਰ ਵੱਖਰੇ ਤੌਰ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਸੂਬਾ ਸਰਕਾਰ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਮਿਊਂਸਪੈਲਿਟੀਜ਼ ਦੀ ਮਦਦ ਵਾਸਤੇ ਇਤਿਹਾਸਕ ਕਦਮ ਉਠਾਏ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਸੂਬੇ ਵਿਚ ਨਿਗਰਾਨੀ ਹੇਠ ਨਸ਼ਾ ਕਰਨ ਵਾਲੀਆਂ ਥਾਵਾਂ ਨੂੰ ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹੱਬਜ਼ ਰਾਹੀਂ ਬਦਲਿਆ ਜਾ ਰਿਹਾ ਹੈ। ਦੂਜੇ ਪਾਸੇ, ਐਸੋਸੀਏਸ਼ਨ ਆਫ਼ ਮਿਊਂਸਪੈਲਿਟੀਜ਼ ਆਫ਼ ਉਨਟਾਰੀਓ ਦੀ ਰਿਪੋਰਟ ਕਹਿੰਦੀ ਹੈ ਕਿ ਬੇਘਰਾਂ ਦੀ ਸਮੱਸਿਆ ਖ਼ਤਮ ਕਰਨ ਲਈ ਆਉਂਦੇ 10 ਵਰਿ੍ਹਆਂ ਦੌਰਾਨ 11 ਅਰਬ ਡਾਲਰ ਖਰਚ ਕਰਨੇ ਹੋਣਗੇ। ਮੇਅਰਜ਼ ਕੌਕਸ ਦਾ ਮੰਨਣਾ ਹੈ ਕਿ ਇਹ ਲਗਾਤਾਰ ਵਧ ਰਿਹਾ ਸੰਕਟ ਹੈ ਅਤੇ ਮਿਊਂਸਪੈਲਿਟੀਜ਼ ਇਸ ਨੂੰ ਇਕੱਲੇ ਤੌਰ ’ਤੇ ਖ਼ਤਮ ਨਹੀਂ ਕਰ ਸਕਦੀਆਂ।


