ਗਰੇਟਰ ਟੋਰਾਂਟੋ ਏਰੀਆ ’ਚ ਮਕਾਨਾਂ ਦੀ ਵਿਕਰੀ ਮੂਧੇ ਮੂੰਹ ਡਿੱਗੀ
ਗਰੇਟਰ ਟੋਰਾਂਟੋ ਏਰੀਆ ਵਿਚ ਕੋਈ ਮਕਾਨ ਖਰੀਦਣ ਨੂੰ ਤਿਆਰ ਨਹੀਂ ਅਤੇ ਫ਼ਰਵਰੀ ਮਹੀਨੇ ਦੌਰਾਨ ਵਿਕਰੀ ਐਨੀ ਹੇਠਾਂ ਗਈ ਕਿ 17 ਹਜ਼ਾਰ ਮਕਾਨ ਅਣਵਿਕੇ ਰਹਿ ਗਏ।

By : Upjit Singh
ਟੋਰਾਂਟੋ : ਗਰੇਟਰ ਟੋਰਾਂਟੋ ਏਰੀਆ ਵਿਚ ਕੋਈ ਮਕਾਨ ਖਰੀਦਣ ਨੂੰ ਤਿਆਰ ਨਹੀਂ ਅਤੇ ਫ਼ਰਵਰੀ ਮਹੀਨੇ ਦੌਰਾਨ ਵਿਕਰੀ ਐਨੀ ਹੇਠਾਂ ਗਈ ਕਿ 17 ਹਜ਼ਾਰ ਮਕਾਨ ਅਣਵਿਕੇ ਰਹਿ ਗਏ। ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਫਰਵਰੀ ਦੌਰਾਨ ਤਕਰੀਬਨ400 ਮਕਾਨ ਵਿਕੇ ਅਤੇ ਇਹ ਅੰਕੜਾ ਫ਼ਰਵਰੀ 2024 ਦੇ ਮੁਕਾਬਲੇ ਅੱਧਾ ਬਣਦਾ ਹੈ ਜਦਕਿ ਪਿਛਲੇ 10 ਸਾਲ ਦੀ ਔਸਤ ਦਾ 84 ਫੀ ਸਦੀ ਘੱਟ ਹੈ। ਅਲਟਿਸ ਗਰੁੱਪ ਦੇ ਰਿਸਰਚ ਮੈਨੇਜਰ ਐਡਵਰਡ ਜੈਗ ਨੇ ਦੱਸਿਆ ਕਿ ਪਿਛਲੇ ਮਹੀਨੇ ਰੀਅਲ ਅਸਟੇਟ ਦੀ ਵਿਕਰੀ ਬਿਲਕੁਲ ਧਰਤੀ ਨੂੰ ਲੱਗੀ ਰਹਿ ਗਈ ਜਿਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਟੈਰਿਫ਼ਸ ਵੀ ਮੰਨੀਆਂ ਜਾ ਰਹੀਆਂ ਹਨ।
17 ਹਜ਼ਾਰ ਮਕਾਨ ਅਣਵਿਕੇ ਰਹਿ ਗਏ
ਕੌਂਡੋਜ਼ ਦਾ ਜ਼ਿਕਰ ਕੀਤਾ ਜਾਵੇ ਤਾਂ ਜੀ.ਟੀ.ਏ. ਵਿਚ ਸਿਰਫ਼ 152 ਘਰ ਵਿਕੇ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 62 ਫ਼ੀ ਸਦੀ ਘੱਟ ਬਣਦਾ ਹੈ। ਸਿੰਗਲ ਫੈਮਿਲੀ ਹੋਮਜ਼ ਦਾ ਜ਼ਿਕਰ ਕੀਤਾ ਜਾਵੇ ਤਾਂ 248 ਇਕਾਈਆਂ ਵਿਕਰੀਆਂ ਅਤੇ ਇਹ ਅੰਕੜਾ ਫਰਵਰੀ 2024 ਦੇ ਮੁਕਾਬਲੇ 38 ਫ਼ੀ ਸਦੀ ਘੱਟ ਬਣਦਾ ਹੈ। ਦੂਜੇ ਪਾਸੇ ਸਿਮਕੋ ਕਾਊਂਟੀ ਵਿਚ ਸਿਰਫ਼ 63 ਨਵੇਂ ਮਕਾਨ ਵਿਕ ਸਕੇ ਜਿਥੇ ਕੌਂਡੋ ਦੀ ਔਸਤ ਕੀਮਤ 8 ਲੱਖ 39 ਹਜ਼ਾਰ ਡਾਲਰ ਅਤੇ ਸਿੰਗਲ ਫੈਮਿਲੀ ਹੋਮ ਦੀ ਔਸਤ ਕੀਮਤ 11 ਲੱਖ 26 ਹਜ਼ਾਰ ਡਾਲਰ ਰਹੀ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਵਿਖੇ ਵੀ ਮਕਾਨਾਂ ਦੀ ਵਿਕਰੀ ਵਿਚ 29 ਫ਼ੀ ਸਦੀ ਕਮੀ ਦਰਜ ਕੀਤੀ ਗਈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਜਨਵਰੀ ਦੌਰਾਨ ਮਕਾਨਾਂ ਦੀ ਵਿਕਰੀ ਵਿਚ 12.4 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਪਰ ਫਰਵਰੀ ਵਿਚ ਹਾਲਾਤ ਬਿਲਕੁਲ ਉਲਟੇ ਬਣ ਗਏ। ਹੋਮ ਪ੍ਰਾਈਸ ਇੰਡੈਕਸ ਵਿਚ ਵੀ 1.5 ਫੀ ਸਦੀ ਕਮੀ ਆਈ ਹੈ ਅਤੇ ਇਕ ਮਕਾਨ ਦੀ ਔਸਤ ਕੀਮਤ 10 ਲੱਖ 63 ਹਜ਼ਾਰ ਡਾਲਰ ਦਰਜ ਕੀਤੀ ਗਈ।
ਵਿਕਰੀ ਵਿਚ ਕਮੀ ਦੇ ਬਾਵਜੂਦ ਕੀਮਤਾਂ ਵਿਚ ਜ਼ਿਆਦਾ ਗਿਰਾਵਟ ਨਹੀਂ
ਰੀਅਲ ਅਸਟੇਟ ਦੇ ਹਾਲਾਤ ਸਿਰਫ਼ ਉਨਟਾਰੀਓ ਵਿਚ ਹੀ ਨਰਮ ਮਹਿਸੂਸ ਨਹੀਂ ਹੋ ਰਹੇ, ਬੀ.ਸੀ. ਵਿਚ ਵੀ ਵਿਕਰੀ ’ਤੇ ਅਸਰ ਪਿਆ ਹੈ। ਵੈਨਕੂਵਰ ਵਿਖੇ ਫਰਵਰੀ ਦੌਰਾਨ ਮਕਾਨਾਂ ਦੀ ਵਿਕਰੀ 11.7 ਫੀ ਸਦੀ ਘਟੀ ਜਦਕਿ ਮੈਟਰੋ ਸ਼ਹਿਰਾਂ ਵਿਚ ਮਕਾਨ ਖਰੀਦਣ ਲਈ ਲੋਕ ਕਤਾਰਾਂ ਵਿਚ ਖੜ੍ਹੇ ਨਜ਼ਰ ਆਉਂਦੇ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਲੋਕ ਭਾਰੀ ਭਰਕਮ ਕਰਜ਼ਾ ਲੈ ਕੇ ਮਕਾਨ ਖਰੀਦਣ ਦੇ ਮੂਡ ਵਿਚ ਨਹੀਂ ਅਤੇ ਆਰਥਿਕ ਗੈਰਯਕੀਨੀ ਵਾਲਾ ਮਾਹੌਲ ਲੰਘਣ ਤੋਂ ਬਾਅਦ ਹੀ ਕੋਈ ਫੈਸਲਾ ਕਰ ਸਕਦੇ ਹਨ।


