ਪੀਲ ਰੀਜਨਲ ਪੁਲਿਸ ਦੇ ਬਜਟ ਵਿਚ ਇਤਿਹਾਸਕ ਵਾਧੇ ਨੂੰ ਪ੍ਰਵਾਨਗੀ
ਮਿਸੀਸਾਗਾ ਦੀ ਮੇਅਰ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਬਾਵਜੂਦ ਪੀਲ ਰੀਜਨਲ ਪੁਲਿਸ ਦੇ ਬਜਟ ਵਿਚ 14 ਕਰੋੜ 40 ਲੱਖ ਡਾਲਰ ਦੇ ਇਤਿਹਾਸਕ ਵਾਧੇ ਨੂੰ ਪ੍ਰਵਾਨਗੀ ਮਿਲ ਗਈ।
By : Upjit Singh
ਬਰੈਂਪਟਨ : ਮਿਸੀਸਾਗਾ ਦੀ ਮੇਅਰ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਬਾਵਜੂਦ ਪੀਲ ਰੀਜਨਲ ਪੁਲਿਸ ਦੇ ਬਜਟ ਵਿਚ 14 ਕਰੋੜ 40 ਲੱਖ ਡਾਲਰ ਦੇ ਇਤਿਹਾਸਕ ਵਾਧੇ ਨੂੰ ਪ੍ਰਵਾਨਗੀ ਮਿਲ ਗਈ। ਪੀਲ ਰੀਜਨਲ ਕੌਂਸਲ ਦੀ ਮੀਟਿੰਗ ਦੌਰਾਨ ਬਜਟ ਵਾਧੇ ਦੇ ਹੱਕ ਵਿਚ 15 ਅਤੇ ਵਿਰੋਧ ਵਿਚ 9 ਵੋਟਾਂ ਪਈਆਂ। ਬਜਟ ਵਧਾਉਣ ਲਈ ਬਰੈਂਪਟਨ ਅਤੇ ਕੈਲੇਡਨ ਦੇ ਕੌਂਸਲਰ ਸਿੱਧੇ ਤੌਰ ’ਤੇ ਇਕ ਪਾਸੇ ਹੋ ਗਏ ਜਦਕਿ ਮਿਸੀਸਾਗਾ ਦੇ ਤਿੰਨ ਕੌਂਸਲਰਾਂ ਨੇ ਵੀ ਆਪਣੀ ਮੇਅਰ ਦੇ ਵਿਰੁੱਧ ਜਾਂਦਿਆਂ ਵੋਟ ਪਾਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਵਿਚ ਵਧ ਰਹੇ ਗੰਭੀਰ ਅਪਰਾਧਾਂ ਨੂੰ ਵੇਖਦਿਆਂ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਲਾਜ਼ਮੀ ਹੋ ਚੁੱਕਾ ਹੈ।
ਬਰੈਂਪਟਨ ਅਤੇ ਕੈਲੇਡਨ ਦੇ ਹੱਕ ਵਿਚ ਨਿੱਤਰੇ ਮਿਸੀਸਾਗਾ ਦੇ 3 ਕੌਂਸਲਰ
ਬਜਟ ਵਧਣ ਮਗਰੋਂ 300 ਨਵੇਂ ਅਫ਼ਸਰਾਂ ਦੀ ਭਰਤੀ ਕੀਤੀ ਜਾ ਸਕੇਗੀ ਅਤੇ ਮਹਿੰਗਾਈ ਮੁਤਾਬਕ ਮੌਜੂਦਾ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾ ਸਕੇਗਾ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾਅਵਾ ਕਰ ਚੁੱਕੇ ਹਨ ਕਿ ਵਸੋਂ ਦੇ ਹਿਸਾਬ ਨਾਲ ਪੀਲ ਰੀਜਨ ਵਿਚ ਪੁਲਿਸ ਅਫ਼ਸਰਾਂ ਦੀ ਗਿਣਤੀ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਘੱਟ ਹੈ। ਉਧਰ ਮਿਸੀਸਾਗਾ ਦੀ ਮੇਅਰ ਕੈਰੋਲਿਨ ਪੈਰਿਸ਼ ਨੇ ਕਿਹਾ ਕਿ ਖਰਚਾ ਪੂਰਾ ਕਰਨ ਲਈ ਪ੍ਰੌਪਰਟੀ ਟੈਕਸ ਵਿਚ ਵਾਧਾ ਕਰਨਾ ਹੋਵੇਗੀ ਜਦਕਿ ਸ਼ਹਿਰ ਦੇ ਲੋਕ ਪਹਿਲਾਂ ਹੀ ਮੁਸ਼ਕਲਾਂ ਵਿਚੋਂ ਲੰਘ ਰਹੇ ਹਨ। ਬਜਟ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਕਿਹਾ ਕਿ 23.3 ਫੀ ਸਦੀ ਵਾਧਾ ਪੂਰੀ ਤਰ੍ਹਾਂ ਗੈਰਵਾਜਬ ਹੈ। ਦੱਸ ਦੇਈਏ ਕਿ ਮਿਸੀਸਾਗਾ ਦੇ ਪ੍ਰੌਪਰਟੀ ਟੈਕਸ ਵਿਚ 3.3 ਫ਼ੀ ਸਦੀ ਵਾਧਾ ਕੀਤਾ ਜਾ ਰਿਹਾ ਜਦਕਿ ਰੀਜਨਲ ਖਾਤੇ ਦਾ ਬਿਲ 5.9 ਫ਼ੀ ਸਦੀ ਤੱਕ ਵਧ ਸਕਦਾ ਹੈ।
144 ਮਿਲੀਅਨ ਡਾਲਰ ਨਾਲ ਕੀਤੀ ਜਾ ਸਕੇਗੀ 300 ਨਵੇਂ ਅਫ਼ਸਰਾਂ ਦੀ ਭਰਤੀ
ਬਰੈਂਪਟਨ ਵਿਖੇ ਰੀਜਨਲ ਪ੍ਰੌਪਰਟੀ ਟੈਕਸ ਵਿਚ ਵਾਧਾ 5.4 ਫ਼ੀ ਸਦੀ ਤੱਕ ਵਧੇਗਾ ਜਦਕਿ ਸ਼ਹਿਰ ਦੇ ਪੱਧਰ ’ਤੇ 2.9 ਫੀ ਸਦੀ ਵਾਧਾ ਕੀਤਾ ਜਾ ਰਿਹਾ ਹੈ। ਪੀਲ ਪੁਲਿਸ ਦੇ ਬਜਟ ਦਾ 62 ਫ਼ੀ ਸਦੀ ਹਿੱਸਾ ਮਿਸੀਸਾਗਾ ਨੇ ਦੇਣਾ ਹੁੰਦਾ ਹੈ ਜਦਕਿ ਬਰੈਂਪਟਨ ਦੇ ਹਿੱਸੇ 38 ਫੀ ਸਦੀ ਰਕਮ ਆਉਂਦੀ ਹੈ। ਇਹ ਹਿੱਸੇਦਾਰੀ ਜਾਇਦਾਦਾਂ ਦੀ ਕੀਮਤ ਦੇ ਆਧਾਰ ’ਤੇ ਤੈਅ ਕੀਤੀ ਗਈ ਹੈ। ਪੀਲ ਰੀਜਨ ਵਿਚ 2021 ਤੋਂ 2023 ਦਰਮਿਆਨ ਜਾਨੀ ਨੁਕਸਾਨ ਹੋਣ ਦੀ ਸੂਰਤ ਵਿਚ ਪੁਲਿਸ ਅਫ਼ਸਰਾਂ ਦੇ ਪੁੱਜਣ ਦਾ ਸਮਾਂ 12 ਮਿੰਟ ਤੋਂ 18 ਮਿੰਟ ਹੋ ਗਿਆ ਜਦਕਿ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਚਾਰ ਘੰਟੇ ਤੋਂ 9 ਘੰਟੇ ਤੱਕ ਪੁੱਜ ਗਿਆ।