ਕੈਨੇਡਾ ਵਿਚ ਵੀ ਸ਼ੁਰੂ ਹੋਇਆ ਹਿੰਦੂ-ਮੁਸਲਮਾਨ ਵਿਵਾਦ
ਕੈਨੇਡਾ ਦੇ ਇਕ ਹੋਟਲ ਵਿਚ ਹਿੰਦੂ-ਮੁਸਲਮਾਨ ਵਿਵਾਦ ਪੈਦਾ ਹੋ ਗਿਆ ਜਦੋਂ ਆਪਣੀ ਰਿਹਾਇਸ਼ ਲਈ ਕਮਰਾ ਲੈਣ ਪੁੱਜੇ ਸ਼ਰਾਬੀ ਮਹਿਮਾਨ ਨੇ ਹੋਟਲ ਮੁਲਾਜ਼ਮ ਨੂੰ ਕੁੱਟ ਕੁੱਟ ਕੇ ਗੰਭੀਰ ਜ਼ਖਮੀ ਕਰ ਦਿਤਾ

By : Upjit Singh
ਮਾਰਖਮ : ਕੈਨੇਡਾ ਦੇ ਇਕ ਹੋਟਲ ਵਿਚ ਹਿੰਦੂ-ਮੁਸਲਮਾਨ ਵਿਵਾਦ ਪੈਦਾ ਹੋ ਗਿਆ ਜਦੋਂ ਆਪਣੀ ਰਿਹਾਇਸ਼ ਲਈ ਕਮਰਾ ਲੈਣ ਪੁੱਜੇ ਸ਼ਰਾਬੀ ਮਹਿਮਾਨ ਨੇ ਹੋਟਲ ਮੁਲਾਜ਼ਮ ਨੂੰ ਕੁੱਟ ਕੁੱਟ ਕੇ ਗੰਭੀਰ ਜ਼ਖਮੀ ਕਰ ਦਿਤਾ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਘਟਨਾਕ੍ਰਮ ਦੀ ਸ਼ੁਰੂਆਤ ਕ੍ਰੈਡਿਟ ਕਾਰਡ ਤੋਂ ਹੋਈ। ਹੋਟਲ ਮੁਲਾਜ਼ਮ ਨੇ ਕਮਰੇ ਦਾ ਕਿਰਾਇਆ ਕ੍ਰੈਡਿਟ ਕਾਰਡ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਅਦਾ ਕਰਨ ’ਤੇ ਜ਼ੋਰ ਦਿਤਾ ਪਰ ਮਹਿਮਾਨ ਕ੍ਰੈਡਿਟ ਕਾਰਡ ਰਾਹੀਂ ਅਦਾਇਗੀ ’ਤੇ ਅੜਿਆ ਰਿਹਾ। ਦੋਹਾਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ ਪਰ ਜਦੋਂ ਮਹਿਮਾਨ ਨੂੰ ਪਤਾ ਲੱਗਾ ਕਿ ਹੋਟਲ ਦਾ ਮੁਲਾਜ਼ਮ ਮੁਸਲਮਾਨ ਹੈ ਤਾਂ ਉਹ ਹੋਰ ਜ਼ਿਆਦਾ ਤੈਸ਼ ਵਿਚ ਆ ਗਿਆ।
ਸ਼ਰਾਬੀ ਹਿੰਦੂ ਨੌਜਵਾਨ ’ਤੇ ਲੱਗੇ ਮੁਸਲਮਾਨ ਉਤੇ ਹਮਲਾ ਕਰਨ ਦੇ ਦੋਸ਼
ਪੁਲਿਸ ਮੁਤਾਬਕ ਸ਼ੱਕੀ, ਹੋਟਲ ਮੁਲਾਜ਼ਮ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਜਿਸ ਮਗਰੋਂ ਮੁਲਾਜ਼ਮ ਉਠ ਕੇ ਦੂਜੇ ਕਮਰੇ ਵਿਚ ਚਲਾ ਗਿਆ ਪਰ ਸ਼ਰਾਬ ਨਾਲ ਟੱਲੀ ਮਹਿਮਾਨ ਉਸ ਦੇ ਪਿੱਛੇ ਗਿਆ ਅਤੇ ਉਸ ਉਤੇ ਹਮਲਾ ਕਰ ਦਿਤਾ। ਹੋਟਲ ਮੁਲਾਜ਼ਮ ਨੇ ਕਿਸੇ ਤਰੀਕੇ ਨਾਲ ਪੁਲਿਸ ਨੂੰ ਫੋਨ ਕਰਦਿਆਂ ਆਪਣੀ ਜਾਨ ਬਚਾਉਣ ਦੀ ਫਰਿਆਦ ਕੀਤੀ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ 54 ਸਾਲ ਦਾ ਮੁਲਾਜ਼ਮ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਸ਼ੱਕੀ ਵੀ ਜਲਦ ਹੀ ਪੁਲਿਸ ਦੇ ਅੜਿੱਕੇ ਆ ਗਿਆ ਜਿਸ ਦੀ ਸ਼ਨਾਖਤ ਟੋਰਾਂਟੋ ਦੇ 31 ਸਾਲਾ ਗੀਤਾਨਸਨ ਸ੍ਰੀਰੰਜਨ ਵਜੋਂ ਕੀਤੀ ਗਈ ਹੈ। ਸ੍ਰੀਰੰਜਨ ਵਿਰੁੱਧ ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੁਸਲਮਾਨ ਹੋਟਲ ਵਰਕਰ ਉਤੇ ਹਮਲੇ ਦੀ ਸਖ਼ਤ ਸ਼ਬਤਾਂ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਨਫ਼ਰਤ ਵਾਸਤੇ ਕੈਨੇਡਾ ਵਿਚ ਕੋਈ ਜਗ੍ਹਾ ਨਹੀਂ ਅਤੇ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ, ਫ਼ਿਰਕੂ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਇਸੇ ਦੌਰਾਨ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਸਲਮਾਨ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਇਸਲਾਮੋਫੋਬੀਆ ਦਾ ਡਟ ਕੇ ਟਾਕਰਾ ਕੀਤਾ ਜਾਵੇਗਾ। ਉਧਰ ਯਾਰਕ ਰੀਜਨਲ ਪੁਲਿਸ ਨੇ ਵੀ ਇਕ ਬਿਆਨ ਜਾਰੀ ਕਰਦਿਆਂ ਫ਼ਿਰਕੂ ਨਫ਼ਰਤ ਵਾਲੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਮਾਰਖਮ ਦੇ ਹਾਈਵੇਅ 7 ਈਸਟ ਅਤੇ ਕਾਮਰਸ ਵੈਲੀ ਡਰਾਈਵ ਵੈਸਟ ਇਲਾਕੇ ਵਿਚ 28 ਸਤੰਬਰ ਨੂੰ ਵਾਪਰੀ ਘਟਨਾ ਬਾਰੇ ਪੁਲਿਸ ਨੇ ਕਿਹਾ ਕਿ ਨਫ਼ਤਰੀ ਅਪਰਾਧ ਜਾਂ ਵਿਤਕਰੇ ਨਾਲ ਸਬੰਧਤ ਹਰ ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਂਦੀ ਹੈ। ਇਸੇ ਦੌਰਾਨ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਕਿਹਾ ਕਿ ਕੈਨੇਡਾ ਵਿਚ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂਹਨ ਅਤੇ ਇਸ ਬਾਰੇ ਸਿਰਫ਼ ਦਿਲਾਸਾ ਨਹੀਂ ਸਗੋਂ ਸਖ਼ਤ ਕਾਰਵਾਈ ਲੋੜੀਂਦੀ ਹੈ। ਕੌਂਸਲ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਪੀੜਤ ਪਰਵਾਰ ਦੇ ਸੰਪਰਕ ਵਿਚ ਹਨ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।


