ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਗਰਮੀ ਦਾ ਕਹਿਰ
ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਲਗਾਤਾਰ ਦੂਜੇ ਦਿਨ ਗਰਮੀ ਨੇ ਕਹਿਰ ਢਾਹਿਆ ਅਤੇ 36 ਡਿਗਰੀ ਸੈਲਸੀਅਮ ਤਾਪਮਾਨ ਵਿਚ 46 ਡਿਗਰੀ ਦੇ ਬਰਾਬਰ ਗਰਮੀ ਮਹਿਸੂਸ ਹੋ ਰਹੀ ਸੀ।

ਟੋਰਾਂਟੋ : ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਲਗਾਤਾਰ ਦੂਜੇ ਦਿਨ ਗਰਮੀ ਨੇ ਕਹਿਰ ਢਾਹਿਆ ਅਤੇ 36 ਡਿਗਰੀ ਸੈਲਸੀਅਮ ਤਾਪਮਾਨ ਵਿਚ 46 ਡਿਗਰੀ ਦੇ ਬਰਾਬਰ ਗਰਮੀ ਮਹਿਸੂਸ ਹੋ ਰਹੀ ਸੀ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ 23 ਜੂਨ ਦਾ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ 1983 ਵਿਚ ਦਰਜ ਕੀਤਾ ਗਿਆ ਸੀ ਪਰ ਸੋਮਵਾਰ ਦੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿਤੇ ਅਤੇ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ। ਟੋਰਾਂਟੋ ਪਬਲਿਕ ਹੈਲਥ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਆਖਿਆ ਜਾ ਰਿਹਾ ਹੈ। ਗਰਮੀ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਤ ਕਰ ਸਕਦੀ ਹੈ ਅਤੇ ਹੀਟ ਸਟ੍ਰੋਕ ਦੀ ਹਾਲਤ ਵਿਚ ਜਾਨ ਵੀ ਜਾ ਸਕਦੀ ਹੈ। ਉਧਰ ਹਾਈਡਰੋ ਵੰਨ ਦੇ ਬ੍ਰਿਜਮੈਨ ਟ੍ਰਾਂਸਮਿਸ਼ਨ ਸਟੇਸ਼ਨ ਵਿਚ ਗੜਬੜੀ ਪੈਦਾ ਹੋਣਕਾਰਨ ਤਕਰੀਬਨ 2700 ਘਰਾਂ ਦੀ ਬਿਜਲੀ ਗੁੱਲ ਹੋ ਗਈ। ਸੋਸ਼ਲ ਮੀਡੀਆ ਰਾਹੀਂ ਜਾਰੀ ਸੁਨੇਹੇ ਵਿਚ ਹਾਈਡਰੋ ਵੰਨ ਵੱਲੋਂ ਲੋਕਾਂ ਦੇ ਸਬਰ ਦੀ ਸ਼ਲਾਘਾ ਕੀਤੀ ਗਈ।
36 ਡਿਗਰੀ ਸੈਲਸੀਅਸ ਤਾਪਮਾਨ ਵਿਚ ਮਹਿਸੂਸ ਹੋਈ 46 ਡਿਗਰੀ ਦੇ ਬਰਾਬਰ ਗਰਮੀ
ਇਸੇ ਦੌਰਾਨ ਸਮਰਹਿਲ ਸਟੇਸ਼ਨ ਬੰਦ ਕਰ ਦਿਤਾ ਗਿਆ ਕਿਉਂਕਿ ਹਾਈਡਰੋ ਪਾਵਰ ਦੇ ਮਸਲੇ ਕਾਰਨ ਰੇਲ ਗੱਡੀਆਂ ਰੁਕ ਨਹੀਂ ਸਨ ਰਹੀਆਂ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਾ ਸੱਦਾ ਦਿਤਾ ਗਿਆ ਹੈ। ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਸਟੀਵਨ ਫਲਿਸਫੈਡਰ ਨੇ ਕਿਹਾ ਕਿ ਅੰਤਾਂ ਦੀ ਗਰਮੀ ਵਿਚ ਬਾਹਰ ਨਿਕਲਣ ਵਾਲੇ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਵੇਗਾ। ਇਸੇ ਦੌਰਾਨ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਐਤਵਾਰ ਨੂੰ ਕੁਝ ਪੂਲਜ਼ ਬੰਦ ਰੱਖਣ ਬਾਰੇ ਸਿਟੀ ਕੌਂਸਲ ਦੇ ਫੈਸਲੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ। ਸੋਮਵਾਰ ਨੂੰ ਸ਼ਹਿਰ ਦੇ ਸਾਰੇ 15 ਪੂਲਜ਼ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲੇ ਰਹੇ। ਉਧਰ ਏਅਰ ਕੰਡਿਸ਼ਨਿੰਗ ਦੀ ਕਮੀ ਕਾਰਨ ਫਰੈਂਚ ਬੋਲੀ ਵਾਲੇ ਕਈ ਸਕੂਲਾਂ ਵਿਚ ਛੁੱਟੀ ਕਰ ਦਿਤੀ ਗਈ।