ਕੈਨੇਡਾ ਤੋਂ ਯੂਰਪ ਤੱਕ ਗਰਮੀ ਨੇ ਤਪਾਏ ਲੋਕ
ਕੈਨੇਡਾ ਵਿਚ ਅੰਤਾਂ ਦੀ ਗਰਮੀ ਬਾਰੇ ਜਾਰੀ ਚਿਤਾਵਨੀਆਂ ਦਰਮਿਆਨ ਯੂਰਪੀ ਮੁਲਕਾਂ ਵਿਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ ਅਤੇ ਫਰਾਂਸ ਵਿਚ ਰੈਡ ਐਲਰਟ ਜਾਰੀ ਕਰ ਦਿਤਾ ਗਿਆ ਹੈ।

By : Upjit Singh
ਟੋਰਾਂਟੋ/ਰੋਮ : ਕੈਨੇਡਾ ਵਿਚ ਅੰਤਾਂ ਦੀ ਗਰਮੀ ਬਾਰੇ ਜਾਰੀ ਚਿਤਾਵਨੀਆਂ ਦਰਮਿਆਨ ਯੂਰਪੀ ਮੁਲਕਾਂ ਵਿਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ ਅਤੇ ਫਰਾਂਸ ਵਿਚ ਰੈਡ ਐਲਰਟ ਜਾਰੀ ਕਰ ਦਿਤਾ ਗਿਆ ਹੈ। ਇਟਲੀ ਵਿਚ ਚਾਰ ਸਾਲ ਦਾ ਬੱਚਾ ਲੋਅ ਲੱਗਣ ਕਾਰਨ ਦਮ ਤੋੜ ਗਿਆ ਜੋ ਆਪਣੇ ਪਰਵਾਰ ਦੀ ਕਾਰ ਵਿਚ ਬੇਹੋਸ਼ ਮਿਲਿਆ ਸੀ। ਇਟਲੀ ਦੇ ਬੋਲੋਗਨਾ ਅਤੇ ਫਲੋਰੈਂਸ ਸਣੇ ਸੱਤ ਸ਼ਹਿਰਾਂ ਵਿਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿਤੀ ਗਈ ਹੈ। ਫਰਾਂਸ ਦੇ ਮੌਸਮ ਵਿਭਾਗ ਵੱਲੋਂ ਚਾਰ ਸ਼ਹਿਰਾਂ ਵਿਚ ਮੰਗਲਵਾਰ ਨੂੰ ਤਾਪਮਾਨ 42 ਡਿਗਰੀ ’ਤੇ ਪੁੱਜਣ ਅਤੇ 45 ਡਿਗਰੀ ਤੋਂ ਵੱਧ ਤਾਪਮਾਨ ਵਰਗੀ ਗਰਮੀ ਮਹਿਸੂਸ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਅਮਰੀਕਾ ’ਚ 50 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ
ਸਪੇਨ ਵਿਚ ਵੀ ਹਾਲਾਤ ਬੇਕਾਬੂ ਨਜ਼ਰ ਆਏ ਅਤੇ ਖੁਸ਼ਕ ਮੌਸਮ ਦੇ ਚਲਦਿਆਂ ਜੰਗਲਾਂ ਦੀ ਅੱਗ ਨੇ ਭਾਜੜਾਂ ਪਾ ਦਿਤੀਆਂ। ਪਿਛਲੇ ਇਕ ਹਫ਼ਤੇ ਤੋਂ ਸਪੇਨ ਦੇ ਕਈ ਇਲਾਕਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਿਹਾ ਹੈ। ਪੁਰਤਗਾਲ ਵਿਚ ਤਾਪਮਾਨ 40 ਡਿਗਰੀ ਤੋਂ ਉਤੇ ਦੱਸਿਆ ਜਾ ਰਿਹਾ ਹੈ ਅਤੇ ਇਥੇ ਵੀ ਜੰਗਲਾਂ ਦੀ ਅੱਗ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ। ਅਲਬਾਨੀਆ, ਮੌਂਟੇਨੀਗਰੋ ਅਤੇ ਕਰੋਏਸ਼ੀਆ ਵਿਚ ਵੀ ਗਰਮੀ ਕਾਰਨ ਰੈਡ ਐਲਰਟ ਜਾਰੀ ਹੋਣ ਦੀ ਰਿਪੋਰਟ ਹੈ। ਦੂਜੇ ਪਾਸੇ ਅਮਰੀਕਾ ਦੀ ਡੈੱਥ ਵੈਲੀ ਵਿਚ 12 ਅਗਸਤ ਦਾ ਤਾਪਮਾਨ 50 ਡਿਗਰੀ ਤੱਕ ਪੁੱਜਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਲਾਸ ਵੇਗਸ ਅਤੇ ਫਿਨਿਕਸ ਵਿਖੇ 45 ਡਿਗਰੀ ਸੈਲੀਅਸ ਉਪਰ ਤਾਪਮਾਨ ਰਹਿ ਸਕਦਾ ਹੈ।
ਇਟਲੀ ਵਿਚ ਲੋਅ ਲੱਗਣ ਕਾਰਨ 4 ਸਾਲਾ ਜਵਾਕ ਦੀ ਮੌਤ
ਇਕ ਪਾਸੇ ਜਿਥੇ ਅਮਰੀਕਾ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦੀ ਮਾਰ ਪੈ ਰਹੀ ਹੈ ਤਾਂ ਦੂਜੇ ਪਾਸੇ 3 ਕਰੋੜ ਅਮਰੀਕਾ ਵਾਸੀਆਂ ਨੂੰ ਗਰਮੀ ਤੋਂ ਬਚਾਅ ਰੱਖਣ ਦੀ ਹਦਾਇਤ ਦਿਤੀ ਗਈ ਹੈ। ਵਾਸ਼ਿੰਗਟਨ ਸੂਬੇ ਦੇ ਸਪੋਕੈਨ ਸ਼ਹਿਰ ਵਿਚ ਤਾਪਮਾਨ 40 ਡਿਗਰੀ ਤੱਕ ਪੁੱਜਣ ਦੀ ਰਿਪੋਰਟ ਹੈ। ਸਿਐਟਲ ਵਿਖੇ ਵੀ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਪੁੱਜ ਚੁੱਕਾ ਹੈ ਜਿਥੇ ਆਮ ਤੌਰ ’ਤੇ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਏਅਰ ਕੰਡੀਸ਼ਨਿੰਗ ਦੀ ਸਹੂਲਤ ਵੱਡੇ ਪੱਧਰ ’ਤੇ ਉਪਲਬਧ ਨਹੀਂ। ਮੌਸਮ ਵਿਗਿਆਨੀਆਂ ਵੱਲੋਂ ਅਤਿ ਦੀ ਗਰਮੀ ਲਈ ਕਲਾਈਮੇਟ ਚੇਂਜ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਸ਼ਹਿਰਾਂ ਵਿਚ ਵੀ ਹਾਲਾਤ ਸਾਜ਼ਗਾਰ ਨਹੀਂ ਜਿਥੇ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉਪਰ ਨਹੀਂ ਜਾਂਦਾ।


