ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਸੁਣਵਾਈ ਮੁਲਤਵੀ
ਹਰਦੀਪ ਨਿੱਜਰ ਕਤਲਕਾਂਡ ਦੀ ਸੁਣਵਾਈ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਆਰੰਭ ਹੋ ਗਈ ਜਿਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਪੁੱਜੇ ਹੋਏ ਸਨ।

ਨਿਊ ਵੈਸਟਮਿੰਸਟਰ : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਸੁਣਵਾਈ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਆਰੰਭ ਹੋ ਗਈ ਜਿਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਪੁੱਜੇ ਹੋਏ ਸਨ। ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਵਿਚੋਂ ਤਿੰਨ ਜਣਿਆਂ ਦੇ ਵਕੀਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਏ ਜਦਕਿ ਚੌਥੇ ਮੁਲਜ਼ਮ ਦਾ ਵਕੀਲ ਖੁਦ ਅਦਾਲਤ ਵਿਚ ਹਾਜ਼ਰ ਹੋਇਆ। ਸਰਕਾਰੀ ਵਕੀਲ ਲੂਇਸ ਕੈਨਵਰਦੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਸਟਿਸ ਟੈਰੀ ਸ਼ਲਟਸ ਸਾਹਮਣੇ ਤੱਥ ਪੇਸ਼ ਕੀਤੇ ਗਏ ਜਿਸ ਮਗਰੋਂ ਜਸਟਿਸ ਸ਼ਲਟਸ ਵੱਲੋਂ ਮੁਕੱਦਮੇ ਦੀ ਸੁਣਵਾਈ 23 ਅਪ੍ਰੈਲ ਤੱਕ ਮੁਲਤਵੀ ਕਰ ਦਿਤੀ ਗਈ।
ਬੀ.ਸੀ. ਦੀ ਸੁਪਰੀਮ ਕੋਰਟ ਵਿਚ ਪੇਸ਼ ਹੋਏ ਮੁਲਜ਼ਮਾਂ ਦੀ ਵਕੀਲ
ਦੱਸਿਆ ਜਾ ਰਿਹਾ ਹੈ ਕਿ 12 ਫ਼ਰਵਰੀ ਨੂੰ ਚਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਪਰ ਹੁਣ ਅਗਲੀ ਸੁਣਵਾਈ ਮੌਕੇ ਹੀ ਇਹ ਸੰਭਵ ਹੋ ਸਕੇਗਾ। ਸਰੀ ਪ੍ਰੋਨਿਵਸ਼ੀਅਲ ਕੋਰਟ ਤੋਂ ਬੀ.ਸੀ ਦੀ ਸੁਪਰੀਮ ਕੋਰਟ ਵਿਚ ਮੁਕੱਦਮਾ ਤਬਦੀਲ ਕੀਤੇ ਜਾਣ ਮਗਰੋਂ ਤਾਜ਼ਾ ਸੁਣਵਾਈ ਅਜਿਹੇ ਸਮੇਂ ਹੋਈ ਜਦੋਂ ਭਾਰਤੀ ਮੀਡੀਆ ਕਤਲਕਾਂਡ ਦੇ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਦੀ ਬੇਬੁਨਿਆਦ ਖਬਰ ਪ੍ਰਸਾਰਤ ਅਤੇ ਪ੍ਰਕਾਸ਼ਤ ਕੀਤੀ ਜਾ ਚੁੱਕੀ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵਿਚ ਅੰਤਮ ਸੁਣਵਾਈ 18 ਨਵੰਬਰ 2024 ਨੂੰ ਹੋਈ ਅਤੇ ਚਾਰੇ ਜਣਿਆਂ ਦਾ ਸਟੇਟਸ ‘ਐਨ’ ਲਿਖਿਆ ਹੋਇਆ ਸੀ ਜਿਸ ਦਾ ਮਤਲਬ ਇਹ ਕੱਢਿਆ ਗਿਆ ਕਿ ਇਨ੍ਹਾਂ ਵਿਚੋਂ ਕੋਈ ਵੀ ਪੁਲਿਸ ਹਿਰਾਸਤ ਵਿਚ ਨਹੀਂ ਹੈ। ਦੂਜੇ ਪਾਸੇ ਕੈਨੇਡੀਅਨ ਅਦਾਲਤ ਵੱਲੋਂ ਮੁਲਜ਼ਮਾਂ ਦੀ ਹਿਰਾਸਤ ਯਕੀਨੀ ਬਣਾਉਣ ਦੇ ਹੁਕਮ ਦਿਤੇ ਗਏ ਸਨ। ਇਥੇ ਦਸਣਾ ਬਣਦਾ ਹੈ ਕਿ 18 ਜੂਨ 2023 ਨੂੰ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦਾ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
23 ਅਪ੍ਰੈਲ ਨੂੰ ਮੁੜ ਹੋਵੇਗੀ ਮਾਮਲੇ ਦੀ ਸੁਣਵਾਈ
ਹਰਦੀਪ ਸਿੰਘ ਨਿੱਜਰ ਆਪਣੇ ਪਿਕਅੱਪ ਟਰੱਕ ਵਿਚ ਸਵਾਰ ਹੋ ਕੇ ਘਰ ਵਾਸਤੇ ਰਵਾਨਾ ਹੋਇਆ ਪਰ ਪਾਰਕਿੰਗ ਦੇ ਮੁੱਖ ਗੇਟ ’ਤੇ ਇਕ ਸਫੈਦ ਰੰਗ ਦੀ ਗੱਡੀ ਰਾਹ ਵਿਚ ਖੜ੍ਹੀ ਨਜ਼ਰ ਆਈ ਅਤੇ ਜਦੋਂ ਹਰਦੀਪ ਸਿੰਘ ਨਿੱਜਰ ਨੇ ਪਿਕਅੱਪ ਟਰੱਕ ਰੋਕਿਆ ਤਾਂ ਦੋ ਜਣਿਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਨਿੱਜਰ ਕਤਲਕਾਂਡ ਵਿਚ ਭਾਰਤੀ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲਾ ਚੁੱਕੇ ਹਨ ਪਰ ਹਾਲ ਹੀ ਵਿਚ ਵਿਦੇਸ਼ੀ ਦਖਲ ਬਾਰੇ ਜਨਤਕ ਪੜਤਾਲ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਵਿਦੇਸ਼ੀ ਦਖਲ ਦੇ ਠੋਸ ਸਬੂਤ ਨਹੀਂ ਮਿਲੇ। ਆਈ ਹਿਟ ਵੱਲੋਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਕਰਨ ਬਰਾੜ ਅਤੇ ਅਮਨਦੀਪ ਸਿੰਘ ਵਿਰੁੱਧ ਕਤਲ ਅਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ। ਦੱਸ ਦੇਈਏ ਕਿ ਕਿ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ 40 ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਬਰੈਂਪਟਨ ਵਿਖੇ ਪਿਛਲੇ ਸਮੇਂ ਦੌਰਾਨ ਖਾਲਿਸਤਾਨ ਬਾਰੇ ਹੋਈ ਰਾਏਸ਼ੁਮਾਰੀ ਵਿਚ ਨਿੱਜਰ ਦਾ ਵੱਡਾ ਹੱਥ ਦੱਸਿਆ ਜਾ ਰਿਹਾ ਹੈ। ਐਨ.ਆਈ. ਏ. ਵੱਲੋਂ ਹਰਦੀਪ ਸਿੰਘ ਨਿੱਜਰ ਦੀ ਮੌਤ ਦਾ ਸਰਟੀਫ਼ਿਕੇਟ ਮੰਗਿਆ ਗਿਆ ਪਰ ਕੈਨੇਡਾ ਸਰਕਾਰ ਵੱਲੋਂ ਇਸ ਦਾ ਠੋਸ ਕਾਰਨ ਮੰਗਿਆ ਜਾ ਰਿਹਾ ਹੈ ਅਤੇ ਫ਼ਿਲਹਾਲ ਹਾਲਾਤ ਉਲਝੇ ਹੋਏ ਨਜ਼ਰ ਆ ਰਹੇ ਹਨ।