ਕੈਨੇਡਾ ਵਿਚ 3 ਭਾਰਤੀ ਪਰਵਾਰਾਂ ਦੇ ਘਰਾਂ ’ਤੇ ਚੱਲੀਆਂ ਗੋਲੀਆਂ
ਕੈਨੇਡਾ ਦੇ ਤਿੰਨ ਸ਼ਹਿਰਾਂ ਵਿਚ ਭਾਰਤੀਆਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ

By : Upjit Singh
ਐਬਸਫੋਰਡ/ਕੈਂਬਰਿਜ : ਕੈਨੇਡਾ ਦੇ ਤਿੰਨ ਸ਼ਹਿਰਾਂ ਵਿਚ ਭਾਰਤੀਆਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਪਹਿਲੀ ਵਾਰਦਾਤ ਉਨਟਾਰੀਓ ਦੇ ਕੈਂਬਰਿਜ ਸ਼ਹਿਰ ਵਿਚ ਵਾਪਰੀ ਜਿਥੇ ਮੰਗਲਵਾਰ ਵੱਡੇ ਤੜਕੇ ਤਕਰੀਬਨ ਪੌਣੇ ਦੋ ਵਜੇ ਇਕ ਘਰ ’ਤੇ ਗੋਲੀਆਂ ਚੱਲੀਆਂ। ਵਾਟਰਲੂ ਰੀਜਨਲ ਪੁਲਿਸ ਨੇ ਦੱਸਿਆ ਕਿ ਆਰਥਰ ਫ਼ਾਕ ਡਰਾਈਵ ਇਲਾਕੇ ਵਿਚ ਵਾਰਦਾਤ ਦੀ ਇਤਲਾਹ ਮਿਲਣ ’ਤੇ ਅਫ਼ਸਰ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਸ਼ੱਕੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਗੋਲੀਬਾਰੀ ਦੌਰਾਨ ਘਰ ਵਿਚ ਮੌਜੂਦ ਕੋਈ ਮੈਂਬਰ ਕੋਈ ਜ਼ਖਮੀ ਨਹੀਂ ਹੋਇਆ।
ਉਨਟਾਰੀਓ, ਬੀ.ਸੀ. ਅਤੇ ਐਲਬਰਟਾਂ ਵਿਚ ਵਾਰਦਾਤਾਂ
ਇਸ ਮਗਰੋਂ ਮੰਗਲਵਾਰ ਬਾਅਦ ਦੁਪਹਿਰ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਦਿਤੀ ਜਿਸ ਵਿਚ ਗੂੜ੍ਹੇ ਰੰਗ ਦੀ ਕਾਰ ਵਿਚ ਸਵਾਰ ਸ਼ੱਕੀ ਘੱਟੋ ਘੱਟ 14 ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਦੀ ਡੈਸ਼ਕੈਮ ਵੀਡੀਓ ਜਾਂ ਸੀ.ਸੀ.ਟੀ.ਵੀ. ਫੁਟੇਜ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਦੂਜੀ ਵਾਰਦਾਤ ਬੀ.ਸੀ. ਦੇ ਐਬਸਫ਼ੋਰਡ ਸ਼ਹਿਰ ਦੇ 2500 ਬਲਾਕ ਵਿਚ ਮੰਗਲਵਾਰ ਸਵੇਰੇ ਪੌਣੇ ਚਾਰ ਵਜੇ ਵਾਪਰੀ ਜਦੋਂ ਜੈਨਜ਼ਨ ਸਟ੍ਰੀਟ ਵਿਚ ਇਕ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ’ਤੇ ਗੋਲੀਆਂ ਚੱਲੀਆਂ। ਐਬਸਫ਼ੋਰਡ ਪੁਲਿਸ ਵੱਲੋਂ ਵਾਰਦਾਤ ਨੂੰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ 604 859 5225 ’ਤੇ ਸੰਪਰਕ ਕਰਦਿਆਂ ਫਾਈਲ ਨੰਬਰ 2025-49673 ਦਾ ਜ਼ਿਕਰ ਕੀਤਾ ਜਾਵੇ।
ਪਿਅਰੇ ਪੌਇਲੀਐਵ ਨੇ ਸੰਸਦ ਵਿਚ ਉਠਾਇਆ ਮੁੱਦਾ
ਇਸੇ ਦੌਰਾਨ ਐਲਬਰਟਾ ਦੇ ਕੈਲਗਰੀ ਸ਼ਹਿਰ ਵਿਚ ਗਹਿਣਿਆਂ ਦੀ ਇਕ ਦੁਕਾਨ ਸਣੇ 2 ਹੋਰਨਾਂ ਥਾਵਾਂ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ। ਕੁਝ ਕਾਰੋਬਾਰੀਆਂ ਤੋਂ ਮੋਟੀ ਰਕਮ ਦੀ ਮੰਗ ਕਰਦੇ ਫੋਨ ਆ ਰਹੇ ਹਨ ਜਦਕਿ ਕੁਝ ਕਬੱਡੀ ਪ੍ਰਮੋਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨ ਤੋਂ ਭਾਰਤੀ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਮੁੜ ਤੇਜ਼ੀ ਆਈ ਹੈ ਅਤੇ ਮੋਟੀਆਂ ਰਕਮਾਂ ਮੰਗਣ ਦਾ ਮਸਲਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਇਹ ਮਸਲਾ ਹਾਊਸ ਆਫ਼ ਕਾਮਨਜ਼ ਵਿਚ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ।


