ਕੈਨੇਡਾ ’ਚ ਪੰਜਾਬੀ ਕਾਰੋਬਾਰੀ ਦੇ ਘਰ ’ਤੇ ਚੱਲੀਆਂ ਗੋਲੀਆਂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਵਾਲੇ ਲਗਾਤਾਰ ਸਰਗਰਮ ਹਨ ਅਤੇ ਸਰੀ ਵਿਖੇ ਦਿਨ-ਦਿਹਾੜੇ ਹੋਈ ਗੋਲਬਾਰੀ ਨੂੰ ਐਕਸਟੌਰਸ਼ਨ ਨਾਲ ਸਬੰਧਤ ਦੱਸਿਆ ਗਿਆ ਹੈ

By : Upjit Singh
ਸਰੀ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਵਾਲੇ ਲਗਾਤਾਰ ਸਰਗਰਮ ਹਨ ਅਤੇ ਸਰੀ ਵਿਖੇ ਦਿਨ-ਦਿਹਾੜੇ ਹੋਈ ਗੋਲਬਾਰੀ ਨੂੰ ਐਕਸਟੌਰਸ਼ਨ ਨਾਲ ਸਬੰਧਤ ਦੱਸਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ 32ਵੇਂ ਐਵੇਨਿਊ ਦੇ 1700 ਬਲਾਕ ਵਿਚ ਸ਼ਨਿੱਚਰਵਾਰ ਸਵੇਰੇ ਤਕਰੀਬਨ 8.40 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਹਮਲਾਵਰ ਨੇ 12 ਤੋਂ ਵੱਧ ਫਾਇਰ ਕੀਤੇ। ਗੋਲੀਬਾਰੀ ਦੌਰਾਨ ਘਰ ਵਿਚ ਕੰਮ ਕਰ ਰਿਹਾ ਮਾਲੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਘਰ ਵਿਚ ਕੰਮ ਕਰਦਾ ਮਾਲੀ ਹੋਇਆ ਜ਼ਖਮੀ
ਮਾਮਲੇ ਦੀ ਪੜਤਾਲ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਨੂੰ ਸੌਂਪੀ ਗਈ ਹੈ। ਉਧਰ ਦਰਸ਼ਨ ਸਾਹਸੀ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਬੀ.ਸੀ. ਦੀ ਨਿਆਂ ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਜਿਥੇ ਤਿੰਨ ਜਣੇ ਡਿਪੋਰਟ ਕਰ ਦਿਤੇ ਗਏ, ਉਥੇ ਸੱਤ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸ਼ਰਧਾਂਜਲੀ ਸਮਾਗਮ ਦੌਰਾਨ ਦਰਸ਼ਨ ਸਾਹਸੀ ਦੇ ਪੁੱਤਰਾਂ ਨੇ ਕਿਹਾ ਕਿ ਗੋਲੀਬਾਰੀ ਵਾਲੇ ਦਿਨ ਤੋਂ ਪਹਿਲਾਂ ਕਦੇ ਵੀ ਉਨ੍ਹਾਂ ਦੇ ਪਿਤਾ ਨੂੰ ਐਕਸਟੌਰਸ਼ਨ ਧਮਕੀਆਂ ਨਹੀਂ ਸਨ ਆਈਆਂ।
ਬੀ.ਸੀ. ਦੇ ਸਰੀ ਵਿਖੇ ਦਿਨ-ਦਿਹਾੜੇ ਵਾਰਦਾਤ
ਜਾਂਚਕਰਤਾਵਾਂ ਵੱਲੋਂ ਦਰਸ਼ਨ ਸਾਹਸੀ ਦੇ ਕਤਲ ਨੂੰ ਟਾਰਗੈਟਡ ਦੱਸਿਆ ਜਾ ਰਿਹਾ ਹੈ ਪਰ ਅਸਲ ਮਕਸਦ ਹੁਣ ਤੱਕ ਉਭਰ ਕੇ ਸਾਹਮਣੇ ਨਹੀਂ ਆ ਸਕਿਆ। ਦੱਸ ਦੇਈਏ ਕਿ ਉਨਟਾਰੀਓ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਇਕਬਾਲ ਭਾਗੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 78 ਸ਼ੱਕੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਸਰੀ ਵਿਖੇ ਵਾਪਰੀ ਤਾਜ਼ਾ ਵਾਰਦਾਤ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਹਮਲਾਵਰ ਲਗਾਤਾਰ ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ।


