ਕੈਨੇਡਾ ਦਿਹਾੜੇ ਤੋਂ ਪਹਿਲਾਂ ਗੈਸੋਲੀਨ ਦੀਆਂ ਕੀਮਤਾਂ ’ਚ ਆਈ ਕਮੀ
ਕੈਨੇਡਾ ਦਿਹਾੜੇ ਤੋਂ ਐਨ ਪਹਿਲਾਂ ਗੈਸੋਲੀਨ ਦੀਆਂ ਕੀਮਤਾਂ ਵਿਚ ਕਮੀ ਦਾ ਰੁਝਾਨ ਨਜ਼ਰ ਆ ਰਿਹਾ ਹੈ। ਮੁਲਕ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੀਮਤ ਘਟ ਰਹੀ ਹੈ ਪਰ ਉਨਟਾਰੀਓ ਦੇ ਪੀਟਰਬ੍ਰੋਅ ਵਿਖੇ 5.5 ਸੈਂਟ ਪ੍ਰਤੀ ਲਿਟਰ ਦਾ ਹੈਰਾਨਕੁੰਨ ਵਾਧਾ ਦਰਜ ਕੀਤਾ ਗਿਆ।
By : Upjit Singh
ਵੈਨਕੂਵਰ : ਕੈਨੇਡਾ ਦਿਹਾੜੇ ਤੋਂ ਐਨ ਪਹਿਲਾਂ ਗੈਸੋਲੀਨ ਦੀਆਂ ਕੀਮਤਾਂ ਵਿਚ ਕਮੀ ਦਾ ਰੁਝਾਨ ਨਜ਼ਰ ਆ ਰਿਹਾ ਹੈ। ਮੁਲਕ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੀਮਤ ਘਟ ਰਹੀ ਹੈ ਪਰ ਉਨਟਾਰੀਓ ਦੇ ਪੀਟਰਬ੍ਰੋਅ ਵਿਖੇ 5.5 ਸੈਂਟ ਪ੍ਰਤੀ ਲਿਟਰ ਦਾ ਹੈਰਾਨਕੁੰਨ ਵਾਧਾ ਦਰਜ ਕੀਤਾ ਗਿਆ। ਵੈਨਕੂਵਰ ਦੇ ਡਰਾਈਵਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਜਦਕਿ ਐਬਟਸਫੋਰਡ, ਕੈਲਗਰੀ ਅਤੇ ਫੋਰਟ ਸੇਂਟ ਜੌਹਨ ਵਿਚ ਵੀ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਕੀਮਤਾਂ ਵਿਚ ਵਧੇਰੇ ਕਮੀ ਆਈ।
ਵੈਨਕੂਵਰ ਵਿਖੇ ਵਿਕ ਰਿਹਾ ਸਭ ਤੋਂ ਮਹਿੰਗਾ ਤੇਲ
ਇਸ ਵੇਲੇ ਸਾਧਾਰਣ ਫਿਊਲ ਦੀ ਔਸਤ ਕੀਮਤ 1.66 ਡਾਲਰ ਪ੍ਰਤੀ ਲਿਟਰ ਚੱਲ ਰਹੀ ਹੈ। ਪੈਟਰੋਲੀਅਮ ਵਿਸ਼ਲੇਸ਼ਕ ਡੈਨ ਮੈਕਟੀਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਗੈਸੋਲੀਨ ਸੱਤ ਸੈਂਟ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ। ਕਾਰਬਨ ਟੈਕਸ ਦੇ ਰੂਪ ਵਿਚ 4 ਸੈਂਟ ਦੀ ਅਦਾਇਗੀ ਕਰਨ ਦੇ ਬਾਵਜੂਦ ਕੈਨੇਡੀਅਨਜ਼ ਨੂੰ ਪਿਛਲੇ ਸਾਲ ਦੇ ਮੁਕਾਬਲੇ 15 ਸੈਂਟ ਪ੍ਰਤੀ ਲਿਟਰ ਦੀ ਬੱਚਤ ਹੋ ਰਹੀ ਹੈ।
ਵਿੰਨੀਪੈਗ ਵਾਲੇ ਸਭ ਤੋਂ ਸਸਤੇ ਤੇਲ ਖਰੀਦ ਰਹੇ
ਉਨ੍ਹਾਂ ਦੱਸਿਆ ਕਿ ਘਟਦੀਆਂ ਕੀਮਤਾਂ ਦਰਸਾਉਂਦੀਆਂ ਹਨ ਕਿ ਮੰਗ ਵਿਚ ਤੇਜ਼ ਵਾਧਾ ਨਹੀਂ ਹੋ ਰਿਹਾ ਅਤੇ ਸਪਲਾਈ ਵਾਜਬ ਤਰੀਕੇ ਨਾਲ ਹੋ ਰਹੀ ਹੈ। ਮੈਕਟੀਗ ਵੱਲੋਂ ਇਸ ਦੇ ਨਾਲ ਹੀ ਲੋਕਾਂ ਨੂੰ ਸੁਝਾਅ ਦਿਤਾ ਕਿ ਇਹ ਕੀਮਤਾਂ ਲੰਮਾ ਸਮਾਂ ਨਹੀਂ ਰਹਿਣਗੀਆਂ ਅਤੇ ਆਉਣ ਵਾਲੇ ਦਿਨਾਂ ਵਿਚ ਗੈਸੋਲੀਨ ਮਹਿੰਗਾ ਹੋ ਸਕਦਾ ਹੈ। ਇਸ ਵੇਲੇ ਸਭ ਤੋਂ ਸਸਤਾ ਤੇਲ ਵਿੰਨੀਪੈਗ ਵਿਖੇ ਮਿਲ ਰਿਹਾ ਹੈ ਜਿਥੇ ਪ੍ਰਤੀ ਲਿਟਰ ਕੀਮਤ 1.37 ਡਾਲਰ ਚੱਲ ਰਹੀ ਹੈ ਜਦਕਿ ਵੈਨਕੂਵਰ ਵਿਖੇ 1.88 ਡਾਲਰ ਪ੍ਰਤੀ ਲਿਟਰ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਤੇਲ ਮਿਲ ਰਿਹਾ ਹੈ।