ਕੈਨੇਡਾ ਵਿਚ ਠੱਗਾਂ ਦੇ ਗਿਰੋਹ ਸਰਗਰਮ
ਕੈਨੇਡਾ ਵਿਚ ਸਸਤੇ ਭਾਅ ਲੁੱਕ ਪਾਉਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਸਰਗਰਮ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਲੱਖਾਂ ਡਾਲਰ ਗੁਆ ਚੁੱਕੇ ਹਨ

By : Upjit Singh
ਐਡਮਿੰਟਨ : ਕੈਨੇਡਾ ਵਿਚ ਸਸਤੇ ਭਾਅ ਲੁੱਕ ਪਾਉਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਸਰਗਰਮ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਲੱਖਾਂ ਡਾਲਰ ਗੁਆ ਚੁੱਕੇ ਹਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਵਿਚ ਐਡਮਿੰਟਨ ਦੇ ਕਈ ਪੀੜਤਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੂੰ ਅੱਧ ਮੁੱਲ ’ਤੇ ਕੰਮ ਕਰਵਾਉਣ ਦਾ ਲਾਲਚ ਮਹਿੰਗਾ ਪੈ ਗਿਆ। ਮਿਸਾਲ ਵਜੋਂ ਓਲੀਵੀਆ ਲੀ ਨੇ ਦੱਸਿਆ ਕਿ ਰੋਡਸਟੋਨ ਪੇਵਿੰਗ ਦਾ ਇਕ ਮੁਲਾਜ਼ਮ 6 ਅਗਸਤ ਨੂੰ ਉਸ ਦੇ ਘਰ ਆਇਆ ਅਤੇ ਵਾਜਬ ਕੀਮਤ ’ਤੇ ਡਰਾਈਵ ਵੇਅ ਵਿਚ ਲੁੱਕ ਪਾਉਣ ਦੀ ਪੇਸ਼ਕਸ਼ ਕੀਤੀ। ਬਾਹਰ ਕੰਮ ਚੱਲ ਹੀ ਰਿਹਾ ਸੀ ਕਿ ਇਕ ਮੁਲਾਜ਼ਮ ਨੇ ਗੈਰਾਜ ਦੇ ਫਰਸ਼ ਦੀ ਮਾੜੀ ਹਾਲਤ ਵੱਲ ਇਸ਼ਾਰਾ ਕਰ ਦਿਤਾ। ਓਲੀਵੀਆ ਨੇ ਦੋਵੇਂ ਕੰਮ 10 ਹਜ਼ਾਰ ਡਾਲਰ ਵਿਚ ਕਰਵਾਉਣ ਦਾ ਫੈਸਲਾ ਕਰ ਲਿਆ। ਦੂਜੇ ਪਾਸੇ ਕੰਪਨੀ ਵੱਲੋਂ ਅਦਾਇਗੀ ਨਕਦ ਜਾਂ ਈ-ਟ੍ਰਾਂਸਫਰ ਰਾਹੀਂ ਕਰਨ ’ਤੇ ਜ਼ੋਰ ਦਿਤਾ ਗਿਆ।
ਸਸਤੀ ਲੁੱਕ ਪਾਉਣ ਦੇ ਨਾਂ ’ਤੇ ਠੱਗੇ ਜਾ ਰਹੇ ਲੋਕ
ਓਲੀਵੀਆ ਨੇ ਕਰੈਡਿਟ ਕਾਰਡ ਵਰਤਣ ਲਈ ਆਖਿਆ ਤਾਂ ਮੁਲਾਜ਼ਮਾਂ ਉਨ੍ਹਾਂ ਕੋਲ ਕਰੈਡਿਟ ਅਦਾਇਗੀ ਲੈਣ ਵਾਲੀ ਮਸ਼ੀਨ ਨਹੀਂ ਜਿਸ ਮਗਰੋਂ ਓਲੀਵੀਆ ਨੇ ਈ-ਟ੍ਰਾਂਸਫਰ ਰਾਹੀਂ ਅਦਾਇਗੀ ਕਰ ਦਿਤੀ। ਇਸੇ ਦੌਰਾਨ ਜਦੋਂ ਗੈਰਾਜ ਵਿਚ ਕੰਮ ਚੱਲ ਰਿਹਾ ਸੀ ਤਾਂ ਓਲੀਵੀਆ ਨੇ ਦੇਖਿਆ ਕਿ ਲੁੱਕ ਤਿੜਕਣੀ ਸ਼ੁਰੂ ਹੋ ਗਈ। ਓਲੀਵੀਆ ਨੇ ਸ਼ਿਕਾਇਤ ਕੀਤੀ ਤਾਂ ਕੰਪਨੀ ਦੇ ਮੁਲਾਜ਼ਮ ਆਨੇ ਬਹਾਨੇ ਲਾਉਣ ਲੱਗੇ। ਬਿਲਕੁਲ ਇਸੇ ਕਿਸਮ ਦੀ ਘਟਨਾ ਕੁਝ ਘਰ ਛੱਡ ਕੇ ਬਰੂਸ ਨਾਲ ਵਾਪਰੀ। ਬਰੂਸ ਨੇ ਦੱਸਿਆ ਕਿ ਰੋਡਸਟੋਨ ਪੇਵਿੰਗ ਦੇ ਮੁਲਾਜ਼ਮਾਂ ਨੇ ਬਿਲਕੁਲ ਉਸੇ ਕਿਸਮ ਦੀ ਪੇਸ਼ਕਸ਼ ਲੁੱਕ ਪਾਉਣ ਵਾਸਤੇ ਕੀਤੀ ਜਿਵੇਂ ਓਲੀਵੀਆ ਨੂੰ ਕੀਤੀ ਗਈ। ਡਰਾਈਵ ਵੇਅ ਦਾ ਕੰਮ ਮੁਕੰਮਲ ਨਹੀਂ ਸੀ ਹੋਇਆ ਕਿ ਕੰਪਨੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਗਲੇ ਹਫ਼ਤੇ ਕਰ ਜਾਣਗੇ ਪਰ ਅਦਾਇਗੀ ਪੂਰੀ ਕਰ ਦਿਉ। ਬਰੂਸ ਦੀ ਪਤਨੀ ਬੈਂਕ ਵੱਲੋਂ ਲਾਈ ਬੰਦਿਸ਼ ਕਾਰਨ ਈ-ਟ੍ਰਾਂਸਫਰ ਰਾਹੀਂ ਢਾਈ ਹਜ਼ਾਰ ਡਾਲਰ ਹੀ ਭੇਜ ਸਕੀ ਅਤੇ ਬਾਕੀ ਰਕਮ ਦੀ ਅਦਾਇਗੀ ਕੰਮ ਮੁਕੰਮਲ ਹੋਣ ਮੌਕੇ ਕਰਨ ਦਾ ਵਾਅਦਾ ਕਰ ਦਿਤਾ ਗਿਆ। ਬਰੂਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਰਿਹਾ ਕਿ ਪੂਰੀ ਅਦਾਇਗੀ ਨਹੀਂ ਕੀਤੀ ਕਿਉਂਕਿ ਡਰਾਈਵ ਵੇਅ ਵਿਚ ਵਿਛਾਈ ਲੁੱਕ ਦੇ ਹੇਠੋਂ ਘਾਹ ਪੁੰਗਰਨਾ ਸ਼ੁਰੂ ਹੋ ਗਿਆ। ਉਧਰ ਗਲੋਬਲ ਨਿਊਜ਼ ਵੱਲੋਂ ਰੋਡਸਟੋਨ ਪੇਵਿੰਗ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਕੋਈ ਹੁੰਗਾਰਾ ਨਾ ਮਿਲਿਆ।
ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਕੀਤਾ ਸੁਚੇਤ
ਲਗਾਤਾਰ ਵਾਪਰ ਰਹੀਆਂ ਠੱਗੀ ਦੀਆਂ ਵਾਰਦਾਤ ਨੂੰ ਵੇਖਦਿਆਂ ਆਰ.ਸੀ.ਐਮ.ਪੀ. ਵੱਲੋਂ ਐਲਬਰਟਾ ਦੇ ਲੋਕਾਂ ਨੂੰ ਘਰ ਘਰ ਜਾ ਕੇ ਪੇਵਿੰਗ ਦੀ ਪੇਸ਼ਕਸ਼ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਹਦਾਇਤ ਦਿਤੀ ਗਈ ਹੈ। ਕਾਰਪੋਰਲ ਮੈਥਿਊ ਹੌਵਲ ਦਾ ਕਹਿਣਾ ਸੀ ਕਿ ਬਸੰਤ ਰੁੱਤ ਸ਼ੁਰੂ ਹੋਣ ਅਤੇ ਫਾਲ ਸੀਜ਼ਨ ਅੰਤ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਜਾਂਦੀ ਹੈ। ਅਜਿਹੇ ਮਾਮਲਿਆਂ ਦੀ ਪੜਤਾਲ ਕਰਨੀ ਮੁਸ਼ਕਲ ਹੈ ਕਿਉਂਕਿ ਲੁੱਕ ਪਾਉਣ ਵਾਲੇ ਇਕ ਇਲਾਕੇ ਵਿਚ ਨਹੀਂ ਟਿਕਦੇ ਅਤੇ ਵੱਖੋ ਵੱਖਰੇ ਨਾਂ ਵਰਤਦੇ ਰਹਿੰਦੇ ਹਨ। ਦੂਜੇ ਪਾਸੇ ਗਾਹਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਜੂਲੀ ਮੈਥਿਊਜ਼ ਨੇ ਕਿਹਾ ਕਿ ਅਜਿਹੇ ਠੱਗ ਆਮ ਤੌਰ ’ਤੇ ਛੋਟੇ ਸ਼ਹਿਰਾਂ ਜਾਂ ਦਿਹਾਤੀ ਇਲਾਕਿਆਂ ਵਿਚ ਜ਼ਿਆਦਾ ਜਾਂਦੇ ਹਨ। ਜੂਲੀ ਨੇ ਲੋਕਾਂ ਨੂੰ ਸੁਝਾਅ ਦਿਤਾ ਕਿ ਕੋਈ ਵੀ ਕੰਮ ਕਰਵਾਉਣ ਤੋਂ ਪਹਿਲਾਂ ਲਾਇਸੰਸ ਜ਼ਰੂਰ ਚੈਕ ਕੀਤਾ ਜਾਵੇ ਅਤੇ ਵੈਬਸਾਈਟ ਰਾਹੀਂ ਵੇਰਵੇ ਵੀ ਪਰਖ ਲਏ ਜਾਣ।


