ਕੈਨੇਡਾ ਵਿਚ ਭਾਰਤੀ ਕੌਂਸਲੇਟ ਦੇ ਨਾਂ ’ਤੇ ਠੱਗੀਆਂ
ਕੈਨੇਡੀਅਨ ਠੱਗਾਂ ਵੱਲੋਂ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਕਢਵਾਉਣ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ

ਵੈਨਕੂਵਰ : ਕੈਨੇਡੀਅਨ ਠੱਗਾਂ ਵੱਲੋਂ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਕਢਵਾਉਣ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ। ਜੀ ਹਾਂ, ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਟੈਲੀਫੋਨ ਨੰਬਰ ਨਾਲ ਮਿਲਦੇ-ਜੁਲਦੇ ਨੰਬਰ ਤੋਂ ਲੋਕਾਂ ਨੂੰ ਕਾਲਜ਼ ਕੀਤੀਆਂ ਜਾ ਰਹੀਆਂ ਹਨ ਜਾਂ ਕੌਂਸਲੇਟ ਦੇ ਅਫ਼ਸਰ ਬਣ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਭਾਰਤੀ ਕੌਂਸਲੇਟ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਜਿਹੀਆਂ ਕਾਲਜ਼ ਤੋਂ ਸੁਚੇਤ ਰਹਿਣ। ਕੌਂਸਲੇਟ ਨੇ ਕਿਹਾ ਕਿ ਕਿਸੇ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਦੀ ਨਿਜੀ ਜਾਣਕਾਰੀ ਹਾਸਲ ਕਰਨ ਲਈ ਕਦੇ ਕੋਈ ਕਾਲ ਨਹੀਂ ਕੀਤੀ ਜਾਂਦੀ।
ਵੈਨਕੂਵਰ ਦੇ ਕੌਂਸਲੇਟ ਨੇ ਲੋਕਾਂ ਨੂੰ ਕੀਤਾ ਸੁਚੇਤ
ਜੇ ਕਿਸੇ ਬਿਨੈਕਾਰ ਤੋਂ ਵਾਧੂ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਈਮੇਲ ਰਾਹੀਂ ਮੰਗੇ ਜਾਂਦੇ ਹਨ ਅਤੇ ਈਮੇਲ ਦਾ ਪਤਾ ‘ਐਟ ਐਮ.ਈ.ਏ. ਡਾਟ ਗੌਵ ਡਾਟ ਇਨ’ ਹੁੰਦਾ ਹੈ। ਕੌਂਸਲੇਟ ਮੁਤਾਬਕ ਠੱਗਾਂ ਵੱਲੋਂ ਕੀਤੀ ਕਾਲ ’ਤੇ ਟੈਲੀਫੋਨ ਨੰਬਰ 604 662 8811 ਨਜ਼ਰ ਆਉਂਦਾ ਹੈ ਜੋ ਕੌਂਸਲੇਟ ਨਾਲ ਸਬੰਧਤ ਹੈ ਪਰ ਠੱਗਾਂ ਵੱਲੋਂ ਤਕਨੀਕੀ ਦੀ ਦੁਰਵਰਤੋਂ ਕਰਦਿਆਂ ਆਪਣਾ ਉਲੂ ਸਿੱਧਾ ਕੀਤਾ ਜਾ ਰਿਹਾ ਹੈ। ਕੌਂਸਲੇਟ ਜਨਰਲ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਅਜਿਹੀ ਕਿਸੇ ਕਾਲ ਦਾ ਜਵਾਬ ਨਾ ਦਿਤਾ ਜਾਵੇ ਅਤੇ ਨਾ ਹੀ ਕੋਈ ਨਿਜੀ ਜਾਣਕਾਰੀ ਜ਼ਾਹਰ ਕੀਤੀ ਜਾਵੇ। ਇਸ ਤੋਂ ਇਲਾਵਾ ਜੇ ਕੋਈ ਰਕਮ ਦੀ ਮੰਗ ਕਰਦਾ ਹੈ ਤਾਂ ਸਿੱਧੇ ਤੌਰ ’ਤੇ ਨਕਾਰ ਦਿਤਾ ਜਾਵੇ। ਵਾਰ ਵਾਰ ਅਜਿਹੀਆਂ ਕਾਲਜ਼ ਆਉਣ ਦੀ ਸੂਰਤ ਵਿਚ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਠੱਗਾਂ ਵੱਲੋਂ ਵੈਨਕੂਵਰ ਪੁਲਿਸ ਵਿਭਾਗ ਦੇ ਅਫ਼ਸਰ ਬਣ ਕੇ ਫੋਨ ਕੀਤੇ ਜਾ ਰਹੇ ਹਨ ਅਤੇ ਨਿਜੀ ਜਾਣਕਾਰੀ ਤੋਂ ਇਲਾਵਾ ਰਕਮ ਦੀ ਮੰਗ ਵੀ ਕੀਤੀ ਗਈ।