ਬਰੈਂਪਟਨ ਦੇ ਰੀਅਲ ਅਸਟੇਟ ਕਾਰੋਬਾਰੀ ਵਿਰੁੱਧ ਧੋਖਾਧੜੀ ਦੇ ਦੋਸ਼!
ਬਰੈਂਪਟਨ ਦਾ ਇਕ ਰੀਅਲ ਅਸਟੇਟ ਕਾਰੋਬਾਰੀ ਜਿਥੇ ਪੁਲਿਸ ਵੱਲੋਂ ਲਾਏ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ ਲੱਖਾਂ ਡਾਲਰ ਦੀ ਵਸੂਲੀ ਲਈ ਦੋ ਮੁਕੱਦਮੇ ਵੀ ਦਾਇਰ ਕੀਤੇ ਗਏ ਹਨ।

By : Upjit Singh
ਬਰੈਂਪਟਨ : ਬਰੈਂਪਟਨ ਦਾ ਇਕ ਰੀਅਲ ਅਸਟੇਟ ਕਾਰੋਬਾਰੀ ਜਿਥੇ ਪੁਲਿਸ ਵੱਲੋਂ ਲਾਏ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ ਲੱਖਾਂ ਡਾਲਰ ਦੀ ਵਸੂਲੀ ਲਈ ਦੋ ਮੁਕੱਦਮੇ ਵੀ ਦਾਇਰ ਕੀਤੇ ਗਏ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 28 ਸਾਲ ਦੇ ਮੋਇਜ਼ ਕੰਵਰ ਨੇ ਕਥਿਤ ਤੌਰ ’ਤੇ ਮਕਾਨ ਖਰੀਦਣ ਦੇ ਇੱਛਕ ਘੱਟੋ ਘੱਟ 9 ਪਰਵਾਰਾਂ ਨੂੰ ਅਜਿਹੇ ਮਕਾਨ ਦਿਖਾਏ ਜੋ ਉਸ ਵੱਲੋਂ ਉਸਾਰੇ ਨਹੀਂ ਸਨ ਜਾ ਰਹੇ ਅਤੇ ਪੇਸ਼ਗੀ ਰਕਮ ਵੀ ਹਾਸਲ ਕੀਤੀ। ਜੈਨੇਟ ਕੈਂਪਬੈਲ ਉਨ੍ਹਾਂ ਵਿਚੋਂ ਇਕ ਹੈ ਅਤੇ ਉਸ ਵਰਗੇ ਛੇ ਹੋਰ ਪਰਵਾਰ ਮੋਇਜ਼ ਕੰਵਰ ਤੋਂ 1 ਲੱਖ 70 ਹਜ਼ਾਰ ਡਾਲਰ ਦੀ ਰਕਮ ਵਾਪਸ ਚਾਹੁੰਦੇ ਹਨ ਜੋ ਪ੍ਰੀ-ਕੰਸਟ੍ਰਕਸ਼ ਹੋਮਜ਼ ਵਾਸਤੇ ਦਿਤੀ ਗਈ ਪਰ ਕਦੇ ਮਕਾਨ ਮਿਲਿਆ ਹੀ ਨਹੀਂ।
ਪਰਵਾਰਾਂ ਨੇ ਲੱਖਾਂ ਡਾਲਰ ਦੀ ਰਕਮ ਵਾਸਤੇ ਦਾਇਰ ਕੀਤੇ ਮੁਕੱਦਮੇ
ਬਜ਼ੁਰਗ ਹੋ ਚੁੱਕੀ ਜੈਨੇਟ ਕੈਂਪਬੈਲ ਨੇ ਦੱਸਿਆ ਕਿ ਲਗਾਤਾਰ ਲਾਰੇ ਲਾਉਣ ਮਗਰੋਂ ਕੰਵਰ ਨੇ ਭਰੋਸਾ ਦਿਵਾਇਆ ਕਿ ਪਹਿਲੀ ਜਨਵਰੀ ਤੱਕ ਪੰਜ ਬੈਡਰੁਮ ਵਾਲਾ ਘਰ ਤਿਆਰ ਹੋ ਜਾਵੇਗਾ ਜਿਸ ਬਾਰੇ ਜੁਲਾਈ 2022 ਵਿਚ ਪਰਚੇਜ਼ ਐਗਰੀਮੈਂਟ ਕੀਤਾ ਗਿਆ ਸੀ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ਕੰਵਰ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਮਾਰਚ ਵਿਚ ਆਇਦ ਕੀਤੇ ਗਏ। ਮੋਇਜ਼ ਕੰਵਰ ਵਿਰੁੱਧ ਲੱਗੇ ਦੋਸ਼ ਫਿਲਹਾਲ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਕੰਵਰ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ। ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਕੰਵਰ ਵੱਲੋਂ ਜੈਨੇਟ ਕੈਂਪਬੈਲ ਅਤੇ ਦੋ ਹੋਰਨਾਂ ਨੂੰ ਕੁਝ ਰਕਮ ਵਾਪਸ ਕਰਨ ਦਾ ਪ੍ਰਬੰਧ ਕੀਤਾ ਗਿਆ।


