ਹਾਊਸ ਆਫ਼ ਕਾਮਨਜ਼ ਦੇ ਸਪੀਕਰ ਬਣੇ ਫਰਾਂਸਿਸ ਸਕਾਰਪਾਲੈਜਾ
ਲਿਬਰਲ ਐਮ.ਪੀ. ਫਰਾਂਸਿਸ ਸਕਾਰਪਾਲੈਜਾ ਨੂੰ ਹਾਊਸ ਆਫ਼ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। 2

ਔਟਵਾ : ਲਿਬਰਲ ਐਮ.ਪੀ. ਫਰਾਂਸਿਸ ਸਕਾਰਪਾਲੈਜਾ ਨੂੰ ਹਾਊਸ ਆਫ਼ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। 2004 ਤੋਂ ਮੌਂਟਰੀਅਲ ਦੀ ਲੈਕ-ਸੇਂਟ-ਲੂਈ ਸੀਟ ਤੋਂ ਐਮ.ਪੀ. ਫਰਾਂਸਿਸ ਨੇ ਸਪੀਕਰ ਦਾ ਅਹੁਦਾ ਸੰਭਾਲਦਿਆਂ ਕਿਹਾ ਕਿ ਨਵੀਂ ਸਰਕਾਰ ਆਪਣੇ ਮੁਢਲੇ ਦਿਨਾਂ ਵਿਚ ਹੈ ਅਤੇ ਉਮੀਦ ਹੈ ਕਿ ਸਾਰੇ ਮੈਂਬਰ ਸਦਨ ਦੀ ਕਾਰਵਾਈ ਸੁਚੱਜੇ ਤਰੀਕੇ ਨਾਲ ਚਲਾਉਣ ਵਿਚ ਮਦਦ ਕਰਨਗੇ। ਦੱਸ ਦੇਈਏ ਕਿ ਚੋਣਾਂ ਮਗਰੋਂ ਹਾਊਸ ਆਫ਼ ਕਾਮਨਜ਼ ਦਾ ਇਜਲਾਸ ਆਰੰਭ ਹੋਣ ’ਤੇ ਸਭ ਤੋਂ ਪਹਿਲਾਂ ਸਪੀਕਰ ਦੀ ਚੋਣ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਕਾਰਵਾਈ ਅੱਗੇ ਵਧਦੀ ਹੈ। ਤਕਰੀਬਨ ਪੰਜ ਮਹੀਨੇ ਦੇ ਵਕਫ਼ੇ ਮਗਰੋਂ ਐਮ.ਪੀਜ਼ ਹਾਊਸ ਆਫ਼ ਕਾਮਨਜ਼ ਵਿਚ ਪੁੱਜੇ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਚਾਹੁੰਦੇ ਹਨ।
ਪੰਜ ਮਹੀਨੇ ਦੇ ਵਕਫ਼ੇ ਮਗਰੋਂ ਸੰਸਦ ਵਿਚ ਪੁੱਜੇ ਐਮ.ਪੀਜ਼
ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਕਈ ਗਲਤੀਆਂ ਹੋਣਗੀਆਂ ਅਤੇ ਬਿਨਾਂ ਸ਼ੱਕ ਸਪੀਕਰ ਸਾਹਿਬ ਸਦਨ ਦੇ ਨਿਯਮਾਂ ਅਤੇ ਰਵਾਇਤਾਂ ਮੁਤਾਬਕ ਇਨ੍ਹਾਂ ਨੂੰ ਅੱਗੇ ਲੈ ਕੇ ਆਉਣਗੇ ਜੋ ਸਾਡੇ ਸਦੀਆਂ ਪੁਰਾਣੇ ਲੋਕਤੰਤਰ ਦਾ ਹਿੱਸਾ ਹਨ। ਪਿਅਰੇ ਪੌਇਲੀਐਵ ਦੇ ਚੋਣ ਹਾਰਨ ਕਰ ਕੇ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਐਂਡਰਿਊ ਸ਼ੀਅਰ ਨੂੰ ਸੌਂਪੀ ਗਈ ਹੈ ਜਿਨ੍ਹਾਂ ਵੱਲੋਂ ਨਵੇਂ ਸਪੀਕਰ ਨੂੰ ਸ਼ੁਭ ਇਛਾਵਾਂ ਦਿਤੀਆਂ ਗਈਆਂ। ਬਲਾਕ ਕਿਊਬੈਕਵਾ ਦੇ ਆਗੂ ਈਵ ਫਰਾਂਸਵਾ ਬਲੈਂਚਟ, ਐਨ.ਡੀ.ਪੀ. ਦੇ ਅੰਤਰਮ ਆਗੂ ਡੌਨ ਡੇਵੀਜ਼ ਅਤੇ ਗਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਵੱਲੋਂ ਵੀ ਸਦਨ ਨੂੰ ਸੰਬੋਧਤ ਕੀਤਾ ਗਿਆ। ਲਿਬਰਲ ਪਾਰਟੀ ਦਾ ਸਪੀਕਰ ਚੁਣੇ ਜਾਣ ਦਾ ਮਤਲਬ ਹੈ ਕਿ ਹਾਊਸ ਆਫ਼ ਕਾਮਨਜ਼ ਵਿਚ ਪਾਰਟੀ ਦਾ ਇਕ ਵੋਟ ਘੱਟ ਹੋ ਗਈ।
ਮਾਰਕ ਕਾਰਨੀ ਨੇ ਕਿਹਾ, ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਬਾਕੀ
ਲਿਬਰਲ ਪਾਰਟੀ ਦੇ 169 ਐਮ.ਪੀਜ਼ ਹਨ ਅਤੇ ਹੁਣ 168 ਹੀ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਦੋ ਐਮ.ਪੀਜ਼ ਵੱਲੋਂ ਵੀ ਸਪੀਕਰ ਦੇ ਅਹੁਦੇ ਵਾਸਤੇ ਕਾਗਜ਼ ਦਾਖਲ ਕੀਤੇ ਗਏ ਪਰ ਸੋਮਵਾਰ ਨੂੰ ਵੋਟਿੰਗ ਤੋਂ ਪਹਿਲਾਂ ਵਾਪਸ ਲੈ ਲਏ। ਗਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਨੇ ਇਹ ਕਹਿੰਦਿਆਂ ਸਪੀਕਰ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿਤੀ ਕਿ ਸਦਨ ਵਿਚ ਗਰੀਨ ਪਾਰਟੀ ਦੀ ਇਕੋ ਇਕ ਆਵਾਜ਼ ਨੂੰ ਕਾਇਮ ਰੱਖਣਾ ਲਾਜ਼ਮੀ ਹੈ। ਸਦਨ ਵੱਲੋਂ ਵੈਨਕੂਵਰ ਦੇ ਲਾਪੂ-ਲਾਪੂ ਫੈਸਟੀਵਲ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਾਰਵਾਈ ਮੰਗਲਵਾਰ ਸਵੇਰ ਤੱਕ ਮੁਲਤਵੀ ਕਰ ਦਿਤੀ ਗਈ। ਦੂਜੇ ਪਾਸੇ ਕਿੰਗ ਚਾਰਲਸ ਕੈਨੇਡਾ ਪੁੱਜ ਚੁੱਕੇ ਹਨ ਜੋ ਮੰਗਲਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਭਾਸ਼ਣ ਦੇਣਗੇ।