Canada ਦੀ ਸਾਬਕਾ ਉਪ ਪ੍ਰਧਾਨ ਮੰਤਰੀ ਬਣੀ Zelenskyy ਦੀ ਸਲਾਹਕਾਰ
ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੌਦੀਮੀਰ ਜ਼ੈਲੈਂਸਕੀ ਵੱਲੋਂ ਆਪਣੀ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ

By : Upjit Singh
ਕੀਵ, : ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੌਦੀਮੀਰ ਜ਼ੈਲੈਂਸਕੀ ਵੱਲੋਂ ਆਪਣੀ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਜ਼ੈਲੈਂਸਕੀ ਨੇ ਇਸ ਹੈਰਾਨਕੁੰਨ ਨਿਯੁਕਤੀ ਪਿੱਛੇ ਕਾਰਨ ਇਹ ਦੱਸਿਆ ਹੈ ਕਿ ਕ੍ਰਿਸਟੀਆ ਫ਼ਰੀਲੈਂਡ ਨੂੰ ਨਿਵੇਸ਼ ਆਕਰਸ਼ਤ ਕਰਨ ਦੇ ਮਾਮਲੇ ਵਿਚ ਲੰਮਾ ਤਜਰਬਾ ਹੈ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਪਲੈਟਫ਼ਾਰਮ ਐਕਸ ’ਤੇ ਲਿਖਿਆ, ‘‘ਇਸ ਵੇਲੇ ਯੂਕਰੇਨ ਨੂੰ ਅੰਦਰੂਨੀ ਤੌਰ ’ਤੇ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ ਤਾਂਕਿ ਜੰਗ ਕਾਰਨ ਹੋਏ ਨੁਕਸਾਨ ਪਿੱਛੇ ਛਡਦਿਆਂ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾਈ ਜਾ ਸਕੇ।
ਯੂਕਰੇਨ ਦੇ ਰਾਸ਼ਟਰਪਤੀ ਦਾ ਹੈਰਾਨਕੁੰਨ ਫ਼ੈਸਲਾ
ਚੇਤੇ ਰਹੇ ਕਿ ਕ੍ਰਿਸਟੀਆ ਫ਼ਰੀਲੈਂਡ ਦੇ ਦਾਦੇ ਪੜਦਾਦੇ ਯੂਕਰੇਨ ਨਾਲ ਸਬੰਧਤ ਸਨ ਅਤੇ 2019 ਤੋਂ 2024 ਦਰਮਿਆਨ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਹੁੰਦਿਆਂ ਫ਼ਰੀਲੈਂਡ ਨੇ ਹਮੇਸ਼ਾ ਯੂਕਰੇਨ ਦੇ ਹੱਕ ਵਿਚ ਆਵਾਜ਼ ਉਠਾਈ। ਕ੍ਰਿਸਟੀਆ ਫ਼ਰੀਲੈਂਡ ਨੇ ਸਤੰਬਰ 2025 ਵਿਚ ਟਰੂਡੋ ਕੈਬਨਿਟ ਛੱਡ ਦਿਤੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਉਨ੍ਹਾਂ ਨੂੰ ਯੂਕਰੇਨ ਵਿਚ ਕੈਨੇਡਾ ਦਾ ਵਿਸ਼ੇਸ਼ ਨੁਮਾਇੰਦਾ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਹਾਲ ਹੀ ਵਿਚ ਯੂਕਰੇਨ ਨੂੰ ਢਾਈ ਅਰਬ ਡਾਲਰ ਦੀ ਆਰਥਿਕ ਮਦਦ ਦਾ ਵਾਅਦਾ ਵੀ ਕਰ ਚੁੱਕੇ ਹਨ।


